*ਜਸਪਾਲ ਸਿੰਘ ਹੇਰਾਂ
ਸਿੱਖਾਂ ਲਈ ਜਦੋਂ ਕਿਧਰੋਂ ਠੰਢੀ ਹਵਾ ਦਾ ਬੁੱਲਾ ਆਉਂਦਾ ਹੈ ਤਾਂ ਮਨ ਨੂੰ ਖੁਸ਼ੀ ਹੋਣੀ ਸੁਭਾਵਿਕ ਹੈ। ਪ੍ਰੰਤੂ ਨਾਲ ਹੀ ਡਰ ਲੱਗਦਾ ਹੈ ਕਿ ਕਿਧਰੇ ਇਹ ਖੁਸ਼ੀ ਥੋੜ ਚਿਰੀ ਹੀ ਨਾ ਹੋਵੇ, ਭਲਕੇ ਦਾ ਸੂਰਜ ਗਰਮ ਹਵਾ ਦਾ ਬੁਲਾ ਹੀ ਨਾ ਲੈ ਆਵੇ। ਕਿਉਂਕਿ ਕੌਮ ਲਈ ਦੁਖਦਾਈ ਖਬਰਾਂ ਦਾ ਤਾਂ ਤੋੜਾ ਨਹੀਂ, ਖੁਸ਼ਖ਼ਬਰੀਆਂ ਹੀ ਕਿਤੇ- ਕਿਤੇ ਸੁਣਨ ਨੂੰ ਮਿਲਦੀਆਂ ਹਨ। ਪਹਿਲੀ ਖੁਸ਼ੀ ਦੀ ਖ਼ਬਰ ਹੈ ਕਿ ਕੈਨੇਡਾ ਦੀ ਧਰਤੀ ਤੇ ਕਨੇਡਾ ਦੀ ਪਾਰਲੀਮੈਂਟ’ਚ ਐਮ. ਪੀ. ਰਾਜ ਗਰੇਵਾਲ ਨੇ ਸਾਕਾ ਦਰਬਾਰ ਸਾਹਿਬ ਭਾਵ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਭਾਰਤੀ ਫੌਜ ਦੇ ਹੱਲੇ ਦੀ ਸਖ਼ਤ ਨਿਖੇਧੀ ਕੀਤੀ ਹੈ। 33 ਵਰਿਆਂ ‘ਚ ਇਹ ਪਹਿਲੀ ਵਾਰ ਹੈ ਕਿ ਕਿਸੇ ਵਿਦੇਸ਼ੀ ਮੁਲਕ ਦੀ ਪਾਰਲੀਮੈਂਟ’ਚ ਸਾਕਾ ਦਰਬਾਰ ਸਾਹਿਬ ਦਾ ਮੁੱਦਾ ਉਠਾਇਆ ਗਿਆ ਹੈ ਅਸੀਂ ਨਿਰੰਤਰ ਲਿਖਦੇ ਆ ਰਹੇ ਹਾਂ, ਹੋਕਾ ਦਿੰਦੇ ਆ ਰਹੇ ਹਾਂ ਕਿ ਭਾਰਤੀ ਹਕੂਮਤ ਵੱਲੋਂ ਦੁਸ਼ਮਣ ਦੇਸ਼ ਵਾਂਗੂੰ ਆਪਣੇ ਹੀ ਦੇਸ਼ ਦੀ ਘੱਟਗਿਣਤੀ ਦੇ ਧਾਰਮਿਕ ਅਸਥਾਨ ਤੇ ਹੱਲਾ ਬੋਲਣਾ, ਜਾਨੇਵਾ ਸਮਝੌਤੇ ਦੀ ਉਲੰਘਣਾ ਕਰਕੇ ਮਾਰੂ ਗੈਸਾਂ ਦੀ ਵਰਤੋਂ ਕਰਨੀ, ਬੇਦੋਸ਼ੀਆਂ ਸਿੱਖ ਸੰਗਤਾਂ ਤੇ ਮਾਸੂਮ ਬੱਚਿਆਂ ਦਾ ਵਹਿਸ਼ੀਆਨਾ-ਕਤਲੇਆਮ ਕਰਨਾ, ਮਨੁੱਖੀ ਅਧਿਕਾਰਾਂ ਦੀ ਕੀਤੀ ਘੋਰ ਉਲੰਘਣਾ ਹੈ। ਜਿਸ ਲਈ ਭਾਰਤੀ ਹਕੂਮਤ ਨੂੰ ਵਿਸ਼ਵ ਦੇ ਕਟਿਹਰੇ ‘ਚ ਖੜਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਸ ਦੇਸ਼ ਦੇ ਹਾਕਮ ਬਾਂਹ ਕੱਢ ਕੇ, ਆਪਣੇ ਆਪ ਨੂੰ ਮਨੁੱਖ ਅਧਿਕਾਰਾਂ ਦੇ ਰਾਖੇ ਨਾਂਹ ਆਖ ਸਕਣ। ਜਦੋਂ ਤੱਕ ਇਸ ਦੇਸ਼ ਦੀ ਹਕੂਮਤ ਦਾ ਸਿੱਖ ਵਿਰੋਧੀ, ਸਿੱਖ ਦੁਸ਼ਮਣ ਕਰੂਰ ਤੇ ਕਰੂਪ ਚਿਹਰਾ, ਦੁਨੀਆ ਨੂੰ ਨਹੀਂ ਵਿਖਾਇਆ ਜਾਂਦਾ, ਉਦੋਂ ਤੱਕ ਇਸ ਸਮੇਂ ਦੀ ਹਕੂਮਤ ਆਪਣੇ ਆਪ ਨੂੰ ਦੁੱਧ ਧੋਤੀ ਸਮਝਦੀ ਰਹੇਗੀ।
ਸਾਨੂੰ ਬਤੌਰ ਨਵੀਂ ਸਦੀ ‘ਚ ਵਿਚਰ ਰਹੀ, ਵਰਤਮਾਨ ਸਮੇਂ ਦੇ ਨਵੀਨ ਧਰਮ ਦੀ ਪੈਰੋਕਾਰ ਸਿੱਖ ਕੌਮ ਹੋਣ ਦੇ ਨਾਤੇ ਦੁਨੀਆ ਸਾਹਮਣੇ ਆਪਣੇ ਨਾਲ ਇਸ ਦੇਸ਼ ‘ਚ ਇਸ ਸਮੇਂ’ਚ ਹੋ ਰਹੇ ਗੁਲਾਮਾਂ ਵਾਲੇ ਵਤੀਰੇ ਬਾਰੇ, ਤੱਥਾਂ ਸਾਹਿਤ ਕੌੜਾ ਸੱਚ ਦੱਸਣਾ ਪਵੇਗਾ। ਸਾਨੂੰ ਹਰ ਦੇਸ਼ ਦੀ ਪਾਰਲੀਮੈਂਟ ‘ਚ ਜਿਥੇ ਸਿੱਖਾਂ ਦੀ ਗਿਣਤੀ, ਪ੍ਰਭਾਵਸ਼ਾਲੀ ਹੈ, ਦੱਸਣਾ ਪਵੇਗਾ ਕਿ ਸਿੱਖ ਅਜ਼ਾਦ ਦੇਸ਼ ਦੇ ਮਾਲਕ ਰਹੇ ਹਨ, ਭਾਰਤ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਉਹ ਹਨ, ਇਸਦੇ ਬਾਵਜੂਦ ਉਨਾਂ ਨਾਲ ਹੁਣ ਇਸ ਦੇਸ਼’ਚ ਗੁਲਾਮਾਂ ਤੋਂ ਮਾੜਾ ਵਤੀਰਾ ਹੋ ਰਿਹਾ ਹੈ। ਅੱਜ ਇਹ ਆਵਾਜ਼ ਕੈਨੇਡਾ ਦੀ ਪਾਰਲੀਮੈਂਟ ਵਿੱਚ ਉਠੀ ਹੈ , ਘੱਟੋ- ਘੱਟ ਇਹ ਆਵਾਜ਼ ਸਾਕਾ ਦਰਬਾਰ ਸਾਹਿਬ ਦੀ 34ਵੀਂ ਵਰੇਗੰਢ ਤੋਂ ਪਹਿਲਾਂ ਹੋਰ ਪੰਜ ਦੇਸ਼ਾਂ ਦੀ ਪਾਰਲੀਮੈਂਟ ‘ਚ ਜ਼ਰੂਰ ਗੂੰਜੇ। ਇਹ ਨਿਸ਼ਾਨਾ ਅੱਜ ਹੀ ਮਿੱਥ ਲੈਣਾ ਚਾਹੀਦਾ ਅਤੇ ਵੱਖ- ਵੱਖ ਜਥੇਬੰਦੀਆ ਦੀ ਸਾਂਝੀ ਮੀਟਿੰਗ ਕਰਕੇ ਡਿਊਟੀਆਂ ਵੰਡ ਦੇਣੀਆਂ ਚਾਹੀਦੀਆਂ ਹਨ। ਅਗਲੀ ਖੁਸ਼ੀ ਦੀ ਘਟਨਾ ਹੈ, ਉਸ ਦੇਸ਼ ਦੀ ਪਾਰਲੀਮੈਂਟ ਦਸਤਾਰਧਾਰੀ ਸਿੱਖ ਬੈਠੇਗਾ, ਜਿਸ ਦੇਸ਼ ਦਾ ਕਦੇ ਹਿੰਦੁਸਤਾਨ ਤੇ ਰਾਜ ਰਿਹਾ ਹੈ। ਸਿੱਖ ਪੰਥ ਦੀ ਇੱਕ ਧੀ ਵੀ ਇਸ ਪਾਰਲੀਮੈਂਟ ‘ਚ ਪਹਿਲੀ ਵਾਰ ‘ਚ ਬੈਠੇਗੀ। ਦਸਤਾਰਧਾਰੀ ਖਾਲਸੇ ਨੂੰ ਬਾਹਰਲੇ ਮੁਲਕਾਂ ‘ਚ ਮਿਲ ਰਹੀ ਵੱਡੀ ਮਾਨਤਾ, ਇਸ ਗੱਲ ਦਾ ਸਬੂਤ ਹੈ ਕਿ ਖਾਲਸਾ ਪੰਥ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਦੁਨੀਆ ਪ੍ਰਵਾਨ ਕਰਨ ਲੱਗ ਪਈ ਹੈ।
ਸਿੱਖ ਨੌਜਵਾਨ ਤਨਮਨਜੀਤ ਸਿੰਘ ਢੇਸੀ ਦਾ ਇੰਗਲੈਂਡ ਦੀ ਪਾਰਲੀਮੈਂਟ’ਚ ਜਾਣਾ, ਸਿੱਖ ਗੱਭਰੂਆਂ’ਚ ਦਸਤਾਰ ਪ੍ਰਤੀ ਖਿੱਚ ਨੂੰ ਵਧਾਊਂਗਾ। ਅਸੀਂ ਵਾਰ- ਵਾਰ ਹੋਕਾ ਦਿੰਦੇ ਆ ਰਹੇ ਹਾਂ ਕਿ ਦਸਮੇਸ਼ ਪਿਤਾ ਨੇ ਸਿੱਖ ਨੂੰ ਦੁਨੀਆ ਦੀ “ਸਿਰਦਾਰੀ” ਬਖ਼ਸੀ ਹੈ। ਇਤਿਹਾਸ ਨੇ ਸਮੇਂ- ਸਮੇਂ ਗੁਰੂ ਸਾਹਿਬ ਦੇ ਇਸ ਸੰਦੇਸ਼ ਨੂੰ ਪ੍ਰਵਾਨ ਕਰਨ ਦਾ ਸੰਕੇਤ ਵੀ ਦਿੱਤਾ ਹੈ। ਪ੍ਰੰਤੂ ਸੁਆਰਥ- ਪਦਾਰਥ ਦੀ ਦੌੜ’ਚ ਅੰਨੀ ਹੋਈ ਸਿੱਖ ਕੌਮ, ਉਨਾਂ ਸੰਕੇਤਾਂ ਨੂੰ ਹਾਲੇਂ ਅੱਖੋਂ-ਪੋਰਖੇ ਕਰੀ ਜਾ ਰਹੀ ਹੈ, ਗੰਭੀਰਤਾ ਨਾਲ ਨਹੀਂ ਲੈਣ ਲੱਗੀ। ਅੱਜ ਜਦੋਂ ਸਿੱਖ ਕੌਮ ਨੂੰ ਗਲੋਬਲ ਕੌਮ ਵੱਜੋਂ ਮਾਨਤਾ ਮਿਲ ਚੁੱਕੀ ਹੈ। ਦੁਨੀਆ ਤੇ ਦੇਸ਼ ਦੇ ਸਮੀਕਰਨ, ਇਸ਼ਾਰੇ ਕਰ ਰਹੇ ਹਨ ਕਿ ਸਿੱਖ ਪੰਥ ਦੀ ਅਜ਼ਾਦ ਹਸਤੀ ਨੂੰ ਪ੍ਰਵਾਨਗੀ ਦਾ ਸਮਾਂ ਨੇੜੇ ਹੈ। ਲੋੜ ਹੈ ਵਿਸ਼ਵ’ਚ ਸਿੱਖ ਸਿਧਾਂਤਾਂ, ਸਿੱਖ ਵਿਰਸੇ, ਸਿੱਖ ਇਤਿਹਾਸ ਦੀ ਮਹਾਨ ਦੇਣ ਬਾਰੇ ਦੁਨੀਆ ਨੂੰ ਜਾਗਰੂਕ ਕਰਨ ਦੀ। ਕੌਮ ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਦੀ ਗੰਦੀ ਖੇਡ ਨੂੰ ਪੰਜਾਹ ਕੁ ਸਾਲ ਲਈ ਬੰਦ ਕਰਕੇ ਕੌਮ ਦਾ ਇੱਕ ਥਿੰਕ ਟੈਂਕ ਬਣਾ ਕੇ, ਵੱਖੋ- ਵੱਖਰੇ ਮੋਰਚਿਆਂ ਤੇ ਆਪੋ- ਆਪਣੀ ਜੁੰਮੇਵਾਰੀ ਸੰਭਾਲ ਲਏ। ਅਸੀਂ ਦਾਅਵਾ ਕਰਦੇ ਹਾਂ ਕਿ 2099 ਤੱਕ ਹਰ ਹੀਲੇ “ਰਾਜ ਕਰੇਗਾ ਖਾਲਸਾ” ਦਾ ਬੋਲਾ ਪੂਰਾ ਹੋ ਜਾਵੇਗਾ।