Ad-Time-For-Vacation.png

ਖਝੇ ਹੋਏ ਲੋਕ ਜਦੋਂ ਚੋਣ ਜੂਆ ਖੇਡਣ ਤਾਂ ਕਹਿੰਦੇ ਹਨ; ‘ਹੋਰ ਭਾਵੇਂ ਕਾਲਾ ਚੋਰ ਆ ਜਾਵੇ, ਪਰ…।

-ਜਤਿੰਦਰ ਪਨੂੰ

ਹਫਤਾਵਾਰੀ ਲਿਖਤ ਲਿਖਣ ਲਈ ਜਦੋਂ ਇਸ ਵਾਰੀ ਕਲਮ ਚੁੱਕੀ ਤਾਂ ਪੰਜਾਬ ਅਤੇ ਭਾਰਤ ਦੇ ਰਾਜਸੀ ਦ੍ਰਿਸ਼ ਨਾਲ ਸੰਬੰਧ ਰੱਖਦਾ ਪਹਿਲਾ ਸਵਾਲ ਆਮ ਆਦਮੀ ਪਾਰਟੀ ਬਾਰੇ ਖੜਾ ਹੋ ਗਿਆ। ਇਸ ਪਾਰਟੀ ਦੇ ਵਿਰੋਧ ਵਾਲੇ ਵੀ ਘੱਟ ਨਹੀਂ ਅਤੇ ਪੱਖ ਪੂਰਨ ਵਾਲੇ ਵੀ ਬੜੇ ਹਨ। ਕਦੇ-ਕਦੇ ਤਾਂ ਇੰਜ ਜਾਪਦਾ ਹੈ, ਜਿਵੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੁੱਦਾ ਇਸ ਪਾਰਟੀ ਦੀ ਹੋਂਦ ਹੀ ਬਣ ਜਾਣੀ ਹੈ। ਹਰ ਡਿਸਿਪਲਿਨ ਤੋਂ ਸੱਖਣੀ ਭਾਜੜ ਜਿਹੀ ਵਿੱਚ ਦੌੜਦੀ ਭੀੜ ਵਰਗੀ ਇਹ ਪਾਰਟੀ ਇਸ ਵਕਤ ਕਿਸੇ ਦਲ ਤੋਂ ਵੱਧ ‘ਮੁਲਖਈਆੱ ਜਾਪਦੀ ਹੈ। ਪਿਛਲੇ ਸਮਿਆਂ ਵਿੱਚ ਜਦੋਂ ਕਦੇ ਜੰਗਾਂ ਹੁੰਦੀਆਂ ਸਨ ਤਾਂ ਓਦੋਂ ਕਈ ਵਾਰੀ ਕੁਝ ਲੋਕ ਫੌਜ ਦਾ ਹਿੱਸਾ ਨਾ ਹੁੰਦੇ ਹੋਏ ਵੀ ਆਪਣੇ ਆਪ ਉਨ੍ਹਾਂ ਫੌਜਾਂ ਨਾਲ ਉੱਠ ਤੁਰਦੇ ਸਨ ਤੇ ਬਾਕਾਇਦਾ ਫੌਜੀਆਂ ਤੋਂ ਵੱਧ ਲਲਕਾਰੇ ਮਾਰਦੇ ਹੁੰਦੇ ਹਨ। ਇਸ ਤਰ੍ਹਾਂ ਤੁਰਦੀ ਭੀੜ ਲਈ ਓਦੋਂ ‘ਮੁਲਖਈਆੱ ਦਾ ਲਫਜ਼ ਵਰਤਿਆ ਜਾਂਦਾ ਸੀ। ਜਿੱਦਾਂ ਦਾ ਦ੍ਰਿਸ਼ ਇਸ ਵਕਤ ਆਮ ਆਦਮੀ ਪਾਰਟੀ ਵਿੱਚ ਦਿਖਾਈ ਦੇਂਦਾ ਹੈ, ਉਸ ਤੋਂ ਮੁਲਖਈਏ ਦਾ ਝਾਓਲਾ ਜਿਹਾ ਪੈਂਦਾ ਹੈ। ਵੀਹ ਕੁ ਸਾਲ ਪਹਿਲਾਂ ਇੱਕ ਸੈਮੀਨਾਰ ਵਿੱਚ ਪੁਲਸ ਦੇ ਇੱਕ ਅਫਸਰ ਨੇ ਕਿਹਾ ਸੀ ਕਿ ਸਾਡੇ ਕੋਲ ਜਦੋਂ ਨਵੇਂ ਅਫਸਰ ਆਉਂਦੇ ਹਨ ਤਾਂ ਪਹਿਲੇ ਤੇਰਾਂ ਕੁ ਸਾਲ ਆਪਸੀ ਪਿਆਰ ਰੱਖ ਕੇ ਚੱਲਦੇ ਹਨ, ਚੌਧਵੇਂ ਸਾਲ ਡੀ ਆਈ ਜੀ ਬਣਨ ਦੇ ਨਾਲ ਇੱਕ-ਦੂਸਰੇ ਦੇ ਪੈਰ ਮਿੱਧਣ ਲਈ ਰੁੱਝ ਜਾਂਦੇ ਹਨ, ਕਿਉਂਕਿ ਅੱਗੋਂ ਰਾਜ ਦੀ ਪੁਲਸ ਦਾ ਮੁਖੀ ਸਿਰਫ ਇੱਕੋ ਹੋਣਾ ਹੁੰਦਾ ਹੈ। ਬਾਕੀ ਪਿੱਛੇ ਧੱਕੇ ਜਾਂਦੇ ਹਨ। ਆਮ ਆਦਮੀ ਪਾਰਟੀ ਦੇ ਆਗੂ ਵੀ ਮਾੜੇ-ਮੋਟੇ ਰੋਸੇ ਨਾਲ ਹਾਲ ਦੀ ਘੜੀ ਸਾਂਝ ਨਿਭਾ ਰਹੇ ਹਨ, ਪਰ ਦਿੱਲੀ ਦੀਆਂ ਚੋਣਾਂ ਮੌਕੇ ਜਿੱਦਾਂ ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਦੇ ਮਨ ਵਿੱਚ ਇਹ ਗੱਲ ਆ ਗਈ ਸੀ ਕਿ ਕੇਜਰੀਵਾਲ ਰਾਜ ਕਰੇਗਾ ਤਾਂ ਅਸੀਂ ਕਾਹਦੇ ਲਈ ਰਹਿ ਜਾਵਾਂਗੇ, ਓਦਾਂ ਦੀਆਂ ਗੱਲਾਂ ਏਥੇ ਵੀ ਸੁਣੀਆਂ ਜਾ ਰਹੀਆਂ ਹਨ। ਉਰਦੂ ਦਾ ਸ਼ੇਅਰ ਹੈ ਕਿ ‘ਇਬਤਦਾਏ ਇਸ਼ਕ ਹੈ, ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ!

ਦੂਸਰੇ ਪਾਸੇ ਇਨ੍ਹਾਂ ਦੇ ਵਿਰੋਧ ਲਈ ਜਿਹੜੀਆਂ ਮੁੱਖ ਪਾਰਟੀਆਂ ਇਸ ਵਕਤ ਰਾਜ ਕਰਦੀਆਂ ਜਾਂ ਰਾਜ ਕਰਨ ਦੇ ਸੁਫਨੇ ਲੈਂਦੀਆਂ ਹਨ, ਆਮ ਆਦਮੀ ਪਾਰਟੀ ਦੇ ਵਿਰੁੱਧ ਇੱਕੋ ਬੋਲੀ ਬੋਲਦੀਆਂ ਹਨ। ਜਿਨ੍ਹਾਂ ਨੇ ਅੰਗਰੇਜ਼ਾਂ ਦੇ ਰਾਜ ਦੌਰਾਨ ਉਨ੍ਹਾਂ ਦੀ ਸੇਵਾ ਵਿੱਚ ਕਸਰ ਨਹੀਂ ਸੀ ਛੱਡੀ, ਉਹ ਇਹ ਕਹਿ ਰਹੇ ਹਨ ਕਿ ਕੇਜਰੀਵਾਲ ਆਇਆ ਤਾਂ ਈਸਟ ਇੰਡੀਆ ਕੰਪਨੀ ਦੋਬਾਰਾ ਆਉਣ ਵਾਲੀ ਗੱਲ ਹੋਵੇਗੀ। ਲੋਕ ਸੁਣ ਕੇ ਹੱਸ ਛੱਡਦੇ ਹਨ। ਪੰਜਾਬ, ਗੋਆ ਜਾਂ ਕਿਸੇ ਹੋਰ ਰਾਜ ਵਾਲੇ ਲੋਕ ਹੋਣ, ਜੇ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਵਾਂਗ ਅਸਲੋਂ ਨਾ-ਤਜਰਬੇਕਾਰ ਪਾਰਟੀ ਦਾ ਪੱਲਾ ਫੜਨਾ ਹੋਇਆ ਤਾਂ ਇਸ ਕਰ ਕੇ ਨਹੀਂ ਫੜਨਾ ਕਿ ਇਹ ਸੋਹਣਾ ਸੁਫਨਾ ਦਿਖਾ ਰਹੀ ਹੈ, ਸਗੋਂ ਇਸ ਵਾਸਤੇ ਫੜਨਗੇ ਕਿ ਪਹਿਲੀਆਂ ਸਿਆਸੀ ਧਿਰਾਂ ਨੇ ਆਮ ਲੋਕਾਂ ਦੇ ਭਰੋਸਾ ਕਰਨ ਜੋਗੀ ਕੋਈ ਗੱਲ ਬਾਕੀ ਨਹੀਂ ਛੱਡੀ। ਵਿਧਾਨ ਸਭਾ ਚੋਣਾਂ ਜਦੋਂ ਸਿਰ ਉੱਤੇ ਹਨ, ਰਿਵਾਇਤੀ ਪਾਰਟੀਆਂ ਇਸ ਤਰ੍ਹਾਂ ਦੀ ਬੇਵਿਸ਼ਵਾਸੀ ਓਦੋਂ ਵੀ ਵਧਾਈ ਜਾਂਦੀਆਂ ਹਨ।

ਪਿਛਲੇ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰ ‘ਮਨ ਕੀ ਬਾਤੱ ਕੀਤੀ ਅਤੇ ਇਸ ਨਾਲ ਲੋਕਾਂ ਨੂੰ ਪਤਿਆਉਣ ਦਾ ਯਤਨ ਕੀਤਾ ਹੈ। ਭੁੱਖਾਂ ਦੇ ਸਤਾਏ ਲੋਕਾਂ ਨੂੰ ‘ਮਨ ਕੀ ਬਾਤ’ ਤੋਂ ਵੱਧ ਆਪਣੇ ਅੰਦਰ ਦੀ ਉਹ ਬਾਤ ਸੁਣਦੀ ਹੈ, ਜਿਹੜੀ ਉਹ ਆਪਣੇ ਤਨ ਉੱਤੇ ਹੰਢਾਉਂਦੇ ਹਨ ਅਤੇ ਠੰਢੇ ਚੁੱਲ੍ਹੇ ਵੱਲ ਝਾਕਦੇ ਜਵਾਕਾਂ ਨੂੰ ਵੇਖ ਕੇ ਸਮਝ ਸਕਦੇ ਹਨ। ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਉਸ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਅੱਗੇ ਏਦਾਂ ਦਾ ਅੜਿੱਕਾ ਲਾ ਦਿੱਤਾ ਹੈ ਕਿ ਗਲਤ ਕੰਮ ਹੁਣ ਕੋਈ ਬੰਦਾ ਕਰ ਹੀ ਨਹੀਂ ਸਕਦਾ, ਤੇ ਕੋਈ ਕਰੇ ਵੀ ਕਿਉਂ, ਇਹ ਕੰਮ ਖੁਦ ਮੋਦੀ ਦੇ ਮੰਤਰੀ, ਉਸ ਦੀ ਪਾਰਟੀ ਦੇ ਮੁੱਖ ਮੰਤਰੀ ਜਾਂ ਉਸ ਦੇ ਖੱਬੇ-ਸੱਜੇ ਘੁੰਮਣ ਵਾਲੇ ਸਾਧ ਤੇ ਯੋਗੀ ਕਰੀ ਜਾਂਦੇ ਹਨ। ਬਹੁਤ ਵੱਡੀ ਗੱਲ ਪ੍ਰਧਾਨ ਮੰਤਰੀ ਨੇ ਇਹ ਕਹੀ ਕਿ ਉਸ ਦੀ ਸਰਕਾਰ ਨੇ ਕਾਲੇ ਧਨ ਵਾਲਿਆਂ ਨੂੰ ਕਹਿ ਦਿੱਤਾ ਹੈ ਕਿ ਜਿਸ ਕਿਸੇ ਕੋਲ ਕਾਲਾ ਧਨ ਹੈ, ਫਲਾਣੀ ਤਰੀਕ ਤੱਕ ਟੈਕਸ ਅਦਾ ਕਰ ਕੇ ਵਿਹਲਾ ਹੋ ਜਾਵੇ, ਸਰਕਾਰ ਉਸ ਵਿਰੁੱਧ ਕਾਰਵਾਈ ਨਹੀਂ ਕਰੇਗੀ, ਪਰ ਉਸ ਤੋਂ ਬਾਅਦ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ। ਕੁਝ ਲੋਕ ਕਹਿੰਦੇ ਹਨ ਕਿ ਮੋਦੀ ਸਾਹਿਬ ਦੀ ਇਹੋ ਜਿਹੀ ਸਕੀਮ ਨਾਲ ਸਾਰੇ ਸਿਆਪਿਆਂ ਦਾ ਹੱਲ ਨਿਕਲ ਆਉਣਾ ਹੈ। ਇਹ ਕਹਿਣ ਦੀਆਂ ਗੱਲਾਂ ਹਨ ਅਤੇ ਉਹ ਲੋਕ ਹੀ ਕਹਿ ਸਕਦੇ ਹਨ, ਜਿਨ੍ਹਾਂ ਨੂੰ ਕਾਲੇ ਧਨ ਬਾਰੇ ਇਸ ਤਰ੍ਹਾਂ ਦੀਆਂ ਪੇਸ਼ਕਸ਼ਾਂ ਦੇ ਚਾਲੀ ਸਾਲਾਂ ਦੇ ਉਸ ਇਤਹਾਸ ਦਾ ਪਤਾ ਨਹੀਂ, ਜਿਹੜਾ ਮੋਰਾਰਜੀ ਡਿਸਾਈ ਸਰਕਾਰ ਦੇ ਵਕਤ ਸ਼ੁਰੂ ਹੋਇਆ ਸੀ।

ਮੋਰਾਰਜੀ ਡਿਸਾਈ ਦੀ ਸਰਕਾਰ ਵਿੱਚ ਓਦੋਂ ਦੀ ਜਨ ਸੰਘ ਤੇ ਅੱਜ ਦੀ ਭਾਜਪਾ ਦੇ ਆਗੂ ਸ਼ਾਮਲ ਸਨ। ਉਸ ਸਰਕਾਰ ਨੇ ਹਾਜੀ ਮਸਤਾਨ ਵਰਗੇ ਵੱਡੇ ਸਮੱਗਲਰਾਂ ਨੂੰ ਇਹੋ ਖੁੱਲ੍ਹਾਂ ਦਿੱਤੀਆਂ ਸਨ, ਪਰ ਇਸ ਨਾਲ ਲਾਭ ਨਹੀਂ ਸੀ ਹੋਇਆ। ਬਾਅਦ ਵਿੱਚ ਜਦੋਂ ਲਾਟਰੀ ਨਿਕਲਣ ਵਾਂਗ ਨਰਸਿਮਹਾ ਰਾਓ ਨੂੰ ਪ੍ਰਧਾਨ ਮੰਤਰੀ ਅਤੇ ਮਨਮੋਹਨ ਸਿੰਘ ਨੂੰ ਖਜ਼ਾਨਾ ਮੰਤਰੀ ਦੀ ਕੁਰਸੀ ਮਿਲ ਗਈ, ਇਹੋ ਜਿਹੀ ਸਕੀਮ ਉਨ੍ਹਾਂ ਨੇ ਵੀ ਜਾਰੀ ਕੀਤੀ ਤੇ ਬਹੁਤ ਵੱਡੀ ਮਾਤਰਾ ਵਿੱਚ ਕਾਲਾ ਧਨ ਕੱਢ ਲੈਣ ਦੀ ਆਸ ਰੱਖੀ ਸੀ। ਨਤੀਜਾ ਠੋਸ ਨਹੀਂ ਸੀ ਨਿਕਲਿਆ। ਐੱਚ ਡੀ ਦੇਵਗੌੜਾ ਦੀ ਅਗਵਾਈ ਹੇਠ ਬਣੀ ਸਰਕਾਰ ਦੇ ਖਜ਼ਾਨਾ ਮੰਤਰੀ ਪੀ. ਚਿਦੰਬਰਮ ਨੇ ਵੀ ਏਦਾਂ ਦੀ ਸਕੀਮ ਪੇਸ਼ ਕੀਤੀ ਸੀ ਤੇ ਇਸ ਤੋਂ ਬਹੁਤ ਵੱਡੀ ਮਾਤਰਾ ਵਿੱਚ ਕਾਲੀ ਕਮਾਈ ਲੋਕਾਂ ਸਾਹਮਣੇ ਆ ਜਾਣ ਦਾ ਭਰੋਸਾ ਦਿੱਤਾ ਸੀ। ਨਤੀਜੇ ਵਿੱਚ ਫਿਰ ਪਹਿਲਾਂ ਦਾ ਕਾਰਡ ਹੀ ਤਰੀਕਾਂ ਬਦਲ ਕੇ ਪੇਸ਼ ਹੋ ਗਿਆ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਆਈ ਤਾਂ ਫਿਰ ਇਹੋ ਤਜਰਬਾ ਕਰ ਲਿਆ ਸੀ। ਹੁਣ ਨਰਿੰਦਰ ਮੋਦੀ ਤੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਇਹੋ ਐਲਾਨ ਕਰ ਕੇ ਲੋਕਾਂ ਕੋਲ ਬੇਯਕੀਨੇ ਜਿਹੇ ਦਾਅਵੇ ਕਰੀ ਜਾ ਰਹੇ ਹਨ। ਨਤੀਜਾ ਫਿਰ ਉਹੋ ਨਿਕਲੇਗਾ। ਇਸ ਦਾ ਕਾਰਨ ਕਾਲੇ ਧਨ ਦੀ ਚਰਚਾ ਅਤੇ ਇਸ ਚਰਚਾ ਦੇ ਬਾਅਦ ਵਿੱਚ ਚੱਲਦੇ ਅਦਾਲਤੀ ਕੇਸਾਂ ਦੇ ਇਤਹਾਸ ਵਿੱਚ ਲੁਕਿਆ ਪਿਆ ਹੈ।

ਰਾਮ ਜੇਠਮਲਾਨੀ ਇੱਕ ਸਮੇਂ ਵਾਜਪਾਈ ਦਾ ਬੜਾ ਨੇੜੂ ਸੀ ਤੇ ਉਸ ਨੂੰ ਕੇਂਦਰੀ ਮੰਤਰੀ ਬਣਾਇਆ ਸੀ। ਫਿਰ ਰੁੱਸ ਕੇ ਅਸਤੀਫਾ ਦੇ ਗਿਆ। ਮਨਮੋਹਨ ਸਿੰਘ ਦੇ ਵਕਤ ਕਾਲੇ ਧਨ ਦੇ ਮੁੱਦੇ ਉੱਤੇ ਸੁਪਰੀਮ ਕੋਰਟ ਵਿੱਚ ਕੇਸ ਓਸੇ ਰਾਮ ਜੇਠਮਲਾਨੀ ਨੇ ਕੀਤਾ ਸੀ ਤਾਂ ਇਸ ਬਾਰੇ ਓਦੋਂ ਵਾਲੀ ਸਰਕਾਰ ਕੁਝ ਕਹਿੰਦੀ ਅਤੇ ਉਸ ਸਰਕਾਰ ਦੀਆਂ ਜਾਂਚ ਏਜੰਸੀਆਂ ਕੁਝ ਹੋਰ ਕਹਿੰਦੀਆਂ ਸਨ। ਜਿਹੜੀ ਭਾਜਪਾ ਨੇ ਕਿਹਾ ਸੀ ਕਿ ਅਸੀਂ ਆ ਕੇ ਅਦਾਲਤ ਨੂੰ ਸਭ ਕੁਝ ਸੱਚ ਦੱਸ ਦਿਆਂਗੇ, ਉਨ੍ਹਾਂ ਨੇ ਪਿਛਲੇ ਸਾਢੇ ਪੰਝੀ ਮਹੀਨਿਆਂ ਵਿੱਚ ਇਸ ਬਾਰੇ ਕੁਝ ਕੀਤਾ ਹੀ ਨਹੀਂ। ਓਦੋਂ ਭਾਜਪਾ ਆਗੂ ਪਾਰਲੀਮੈਂਟ ਵਿੱਚ ਕਹਿੰਦੇ ਸਨ ਕਿ ਕਾਂਗਰਸੀ ਸਰਕਾਰ ਇਸ ਕਰ ਕੇ ਨਹੀਂ ਦੱਸਦੀ ਕਿ ਉਸ ਦੇ ਆਪਣੇ ਆਗੂ ਫਸ ਜਾਣੇ ਹਨ, ਪਰ ਹੁਣ ਭਾਜਪਾ ਕਿਉਂ ਨਹੀਂ ਦੱਸਦੀ, ਇਸ ਦਾ ਜਵਾਬ ਇਹ ਵੀ ਨਹੀਂ ਦੇਂਦੇ। ਜੇਠਮਲਾਨੀ ਵਾਲਾ ਕੇਸ ਜਿਵੇਂ ਓਦੋਂ ਚੱਲੀ ਜਾਂਦਾ ਸੀ, ਉਵੇਂ ਹੁਣ ਚੱਲੀ ਜਾਂਦਾ ਹੈ ਅਤੇ ਜਿਵੇਂ ਓਦੋਂ ਉਹ ਮਨਮੋਹਨ ਸਿੰਘ ਸਰਕਾਰ ਬਾਰੇ ਦੋਸ਼ ਲਾਉਂਦਾ ਹੁੰਦਾ ਸੀ, ਉਵੇਂ ਹੁਣ ਨਰਿੰਦਰ ਮੋਦੀ ਸਰਕਾਰ ਤੇ ਖਾਸ ਤੌਰ ਉੱਤੇ ਹੁਣ ਦੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਦੇ ਖਿਲਾਫ ਲਾਈ ਜਾਂਦਾ ਹੈ। ਜੇਤਲੀ ਸਾਹਿਬ ਉਸ ਦੀ ਕਿਸੇ ਗੱਲ ਦਾ ਜਵਾਬ ਵੀ ਨਹੀਂ ਦੇਂਦੇ।

ਇੱਕੀਵੀਂ ਸਦੀ ਚੜ੍ਹਨ ਪਿੱਛੋਂ ਦੇ ਭਾਰਤ ਦੇ ਸਭ ਤੋਂ ਵੱਡੇ ਘਪਲਿਆਂ ਵਿੱਚ ਟੈਲੀਕਾਮ ਦੇ ਟੂ-ਜੀ ਸਪੈਕਟਰਮ ਦਾ ਕੇਸ ਪਹਿਲਾ ਸੀ, ਜਿਹੜਾ ਓਦੋਂ ਪੌਣੇ ਦੋ ਲੱਖ ਕਰੋੜ ਰੁਪਏ ਨੂੰ ਪਹੁੰਚ ਗਿਆ ਸੀ। ਉਸ ਘਪਲੇ ਵਿੱਚ ਇੱਕ ਬੀਬੀ ਨੀਰਾ ਰਾਡੀਆ ਦਾ ਨਾਂਅ ਬਹੁਤ ਵੱਡੀ ਚਰਚਾ ਵਿੱਚ ਰਿਹਾ। ਕਿਸੇ ਵੇਲੇ ਸਿਰਫ ਪੰਦਰਾਂ ਲੱਖ ਰੁਪਏ ਲੈ ਕੇ ਹਵਾਈ ਕੰਪਨੀ ਬਣਾਉਣ ਦਾ ਸੁਫਨਾ ਲੈਣ ਵਾਲੀ ਨੀਰਾ ਉਸ ਸੁਫਨੇ ਵਿੱਚ ਫੇਲ੍ਹ ਹੋਣ ਪਿੱਛੋਂ ਵੱਡੇ ਲੋਕਾਂ ਦੀ ਵਿਚੋਲੀ ਬਣ ਗਈ ਤੇ ਕੁਝ ਮਹੀਨਿਆਂ ਵਿੱਚ ਹੀ ਸੱਤ ਸੌ ਕਰੋੜ ਰੁਪਏ ਦੀ ਮਾਲਕ ਹੋ ਗਈ। ਜਿਹੜੇ ਲੋਕ ਨੀਰਾ ਰਾਡੀਆ ਤੋਂ ਵਿਚੋਲਗੀ ਦੇ ਕੰਮ ਕਰਵਾਉਂਦੇ ਮੰਨੇ ਜਾ ਰਹੇ ਸਨ, ਉਹ ਅੱਜ ਭਾਜਪਾ ਸਰਕਾਰ ਦੇ ਮੰਤਰੀਆਂ ਦੇ ਨੇੜੂ ਹਨ। ਪਨਾਮਾ ਪੇਪਰਜ਼ ਦੇ ਕੇਸ ਵਿੱਚ ਫਿਰ ਨੀਰਾ ਰਾਡੀਆ ਦਾ ਨਾਂਅ ਆਇਆ, ਪਰ ਸਮਝਿਆ ਜਾਂਦਾ ਹੈ ਕਿ ਉਸ ਦੇ ਖਿਲਾਫ ਕਾਰਵਾਈ ਇਸ ਲਈ ਨਹੀਂ ਕੀਤੀ ਗਈ ਕਿ ਉਸ ਨੂੰ ਹੱਥ ਪਾਇਆ ਤਾਂ ਲੀਰਾਂ ਦਾ ਖਿੱਦੋ ਖਿੱਲਰ ਜਾਵੇਗਾ। ਕਈ ਪੂੰਜੀਪਤੀ ਓਦੋਂ ਨੀਰਾ ਰਾਡੀਆ ਦੇ ਰਾਹੀਂ ਨੋਟ ਖਰਚ ਕਰ ਕੇ ਮਨਮੋਹਨ ਸਿੰਘ ਸਰਕਾਰ ਤੋਂ ਕੰਮ ਕਰਾਉਂਦੇ ਰਹੇ ਸਨ ਤੇ ਹੁਣ ਉਹੋ ਸੱਜਣ ਭਾਜਪਾ ਸਰਕਾਰ ਦੇ ਮੰਤਰੀਆਂ ਤੇ ਮੁੱਖ ਮੰਤਰੀਆਂ ਨੂੰ ਨੋਟਾਂ ਦਾ ਚੋਗਾ ਸੁੱਟ ਕੇ ਕੰਮ ਕਰਵਾਈ ਜਾਂਦੇ ਹਨ।

ਮਨਮੋਹਨ ਸਿੰਘ ਸਰਕਾਰ ਵਿੱਚ ਡੀ ਐੱਮ ਕੇ ਪਾਰਟੀ ਦਾ ਮੰਤਰੀ ਡੀ. ਰਾਜਾ ਫੜਿਆ ਜਾਣ ਨਾਲ ਬਦਨਾਮੀ ਹੋਈ ਸੀ, ਹੁਣ ਵਾਲੀ ਸਰਕਾਰ ਦੇ ਵਕਤ ਫੜੇ ਭਾਵੇਂ ਨਹੀਂ ਗਏ, ਚਰਚਾ ਕਈਆਂ ਦੀ ਹੈ। ਜਦੋਂ ਨਰਸਿਮਹਾ ਰਾਓ ਦੀ ਸਰਕਾਰ ਸੀ, ਟੈਲੀਕਾਮ ਮਹਿਕਮੇ ਦਾ ਮੰਤਰੀ ਸੁਖਰਾਮ ਫਸ ਗਿਆ ਤੇ ਉਸ ਦੇ ਘਰ ਵੱਜੇ ਛਾਪੇ ਵਿੱਚ ਸਿਰਹਾਣਿਆਂ ਵਿੱਚ ਨੋਟ ਭਰੇ ਹੋਏ ਲੱਭੇ ਸਨ। ਸਭ ਤੋਂ ਵੱਧ ਇਹ ਮੁੱਦਾ ਚੋਣਾਂ ਵਿੱਚ ਭਾਜਪਾ ਦੇ ਲੀਡਰ ਵਾਜਪਾਈ ਨੇ ਚੁੱਕਿਆ ਸੀ, ਪਰ ਪ੍ਰਧਾਨ ਮੰਤਰੀ ਬਣ ਕੇ ਓਸੇ ਵਾਜਪਾਈ ਨੇ ਓਸੇ ਸਿਰਹਾਣਿਆਂ ਵਿੱਚ ਨੋਟਾਂ ਕਾਰਨ ਬੱਦੂ ਹੋਏ ਕਾਂਗਰਸੀ ਸੁਖਰਾਮ ਨੂੰ ਆਪਣੇ ਨਾਲ ਕੇਂਦਰੀ ਮੰਤਰੀ ਬਣਾ ਲਿਆ ਸੀ। ਮਾਇਆ ਦਾ ਮੋਹ ਜਦੋਂ ਪਾਰਟੀ ਦੇ ਇੱਕ ਆਗੂ ਨੂੰ ਪੈ ਜਾਵੇ, ਉਹ ਅੱਗੋਂ ਇਸ ਮੋਹ ਦੀ ਇਨਫੈਕਸ਼ਨ ਏਨੀ ਖਿਲਾਰ ਦੇਂਦਾ ਹੈ ਕਿ ਲੀਡਰ ਚਲਾ ਵੀ ਜਾਵੇ ਤਾਂ ਪਾਰਟੀ ਮਾਇਆ ਦੇ ਮੋਹ ਤੋਂ ਮੁਕਤ ਨਹੀਂ ਹੋ ਸਕਦੀ। ਇਹੋ ਕਾਰਨ ਹੈ ਕਿ ਭਾਰਤ ਦੀਆਂ ਰਿਵਾਇਤੀ ਸਿਆਸੀ ਧਿਰਾਂ ਵਿੱਚ ਭ੍ਰਿਸ਼ਟਾਚਾਰ ਵਾਲਾ ਏਦਾਂ ਦਾ ਕੀਟਾਣੂੰ ਆ ਗਿਆ ਹੈ ਕਿ ਲੀਡਰ ਬਦਲ ਜਾਣ, ਪਾਰਟੀ ਵੀ ਬਦਲ ਜਾਵੇ, ਇਹ ਕੀਟਾਣੂ ਸਰਗਰਮ ਰਹਿੰਦਾ ਹੈ। ਸਰਮਾਏਦਾਰੀ ਰਾਜ ਵਿੱਚ ਇਮਾਨਦਾਰੀ ਅਤੇ ਸਿਆਸਤ ਕਦੇ ਇੱਕ ਦੂਸਰੀ ਨਾਲ ਮਿਲ ਕੇ ਨਹੀਂ ਚੱਲ ਸਕਦੀਆਂ। ਕਾਂਗਰਸੀ ਹੋਵੇ ਜਾਂ ਭਾਜਪਾਈਆ, ਸੈਨਤ ਮਾਰ ਕੇ ਪੂੰਜੀ ਉਸ ਨੂੰ ਆਪਣੇ ਪਿੱਛੇ ਲਾ ਲੈਂਦੀ ਹੈ। ਇੱਕ ਦੂਸਰੇ ਨੂੰ ਨਿੰਦਦੇ ਭਾਵੇਂ ਉਹ ਰਹਿੰਦੇ ਹਨ, ਪਰ ਅਮਲ ਵਿੱਚ ਦੋਵੇਂ ਮਿਰਜ਼ਾ ਗ਼ਾਲਿਬ ਦੇ ਇਸ ਸ਼ੇਅਰ ਮੁਤਾਬਕ ਚੱਲਦੇ ਹਨ ਕਿ

ਕਹਾਂ ਮੈਖਾਨੇ ਕਾ ਦਰਵਾਜ਼ਾ ਗਾਲਿਬ,
ਔਰ ਕਹਾਂ ਵਾਇਜ਼,
ਪਰ ਇਤਨਾ ਜਾਨਤੇ ਹੈਂ,
ਕਲ ਵੋ ਜਾਤਾ ਥਾ,
ਔਰ ਹਮ ਨਿਕਲੇ।

ਭਾਰਤੀ ਰਾਜਨੀਤੀ ਵਿੱਚ ਵੀ ਦੌਲਤ ਦੇ ਮੈਖਾਨੇ ਵਿੱਚੋਂ ਇੱਕ ਆਗੂ ਨਿਕਲਦਾ ਅਤੇ ਦੂਸਰਾ ਅੰਦਰ ਜਾ ਵੜਦਾ ਹੈ। ਈਮਾਨਦਾਰੀ ਦੀਆਂ ਗੱਲਾਂ ਸਿਰਫ ਲੋਕਾਂ ਮੂਹਰੇ ਓਦੋਂ ਕਹਿਣ ਦੀਆਂ ਹਨ, ਜਦੋਂ ‘ਮਨ ਕੀ ਬਾਤ’ ਦਾ ਬਹਾਨਾ ਲਾ ਕੇ ਲੋਕਾਂ ਨੂੰ ਚੀਕਾਂ ਮਾਰਦੇ ‘ਤਨ ਕੀ ਬਾਤ’ ਸੁਣਨ ਤੋਂ ਹਟਾਉਣਾ ਹੁੰਦਾ ਹੈ। ਓਦੋਂ ਫਿਰ ਆਮ ਲੋਕ ਕੀ ਕਰਨਗੇ? ਇਹ ਸਵਾਲ ਉਨ੍ਹਾਂ ਲਈ ਸੌ ਨੰਬਰਾਂ ਦੇ ਇਮਤਿਹਾਨੀ ਪਰਚੇ ਤੋਂ ਵੀ ਵੱਡਾ ਹੁੰਦਾ ਹੈ। ਇਹੋ ਜਿਹੇ ਵਕਤ ਉਨ੍ਹਾਂ ਨੂੰ ਕਈ ਵਾਰੀ ‘ਅੱਗੇ ਖੂਹ ਤੇ ਪਿੱਛੇ ਖੱਡਾ’ ਦਿਖਾਈ ਦੇਂਦਾ ਹੈ। ਓਦੋਂ ਲੋਕ ਜੂਆ ਖੇਡ ਲੈਂਦੇ ਹਨ। ਇਹ ਜੂਆ ਹੀ ਤਾਂ ਹੁੰਦਾ ਹੈ, ਜਦੋਂ ਕੋਈ ਖਿਝਿਆ ਹੋਇਆ ਬੰਦਾ ਇਹ ਆਖਦਾ ਹੈ, ‘ਹੋਰ ਭਾਵੇਂ ਕੋਈ ਕਾਲਾ ਚੋਰ ਵੀ ਆ ਜਾਵੇ, ਪਰ…।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.