* ਜਸਪਾਲ ਸਿੰਘ ਹੇਰਾਂ
ਸਿਆਸੀ ਆਗੂ ਦੇ ਝੂਠ ਨੂੰ ਤਾਂ ਹੁਣ ਆਮ ਲੋਕ ਸਮਝਣ ਵੀ ਲੱਗ ਪਏ ਹਨ ਅਤੇ ਹਜ਼ਮ ਵੀ ਕਰਨ ਲੱਗ ਪਏ ਹਨ। ਕਿਉਂਕਿ ਉਹ ਸਮਝਦੇ ਹਨ ਕਿ ਸਿਆਸਤ, ਝੂਠ, ਮਕਾਰੀ, ਧੋਖੇ ਤੇ ਭ੍ਰਿਸ਼ਟਾਚਾਰ ਦੀ ਮਾਂ ਬਣ ਚੁੱਕੀ ਹੈ। ਇਸ ਲਈ ਸਿਆਸੀ ਆਗੂ ਤੋਂ ਉਹ ਸੱਚ, ਇਨਸਾਫ਼ ਤੇ ਇਮਾਨਦਾਰੀ ਦੀ ਆਸ ਰੱਖਣੋਂ ਹੱਟ ਗਏ ਹਨ। ਸਿੱਖਾਂ ਲਈ ਧਰਮ ਤੇ ਸਿਆਸਤ, ਮੀਰੀ-ਪੀਰੀ ਦੇ ਗੁਰ ਸਿਧਾਂਤ ਹੋਣ ਕਾਰਣ ਇਕੱਠੇ ਹਨ। ਪ੍ਰੰਤੂ ਸਿੱਖੀ ‘ਚ ਸਿਆਸਤ, ਧਰਮ ਦੀ ਤਾਂਬਿਆ ਰੱਖੀ ਗਈ ਹੈ ਤਾਂ ਕਿ ਉਹ ਨਾਪਾਕ ਨਾ ਹੋਵੇ, ਹਮੇਸ਼ਾ ਪਾਕ ਰਹੇ। ਸੁਆਰਥ ਤੇ ਪਦਾਰਥ ਦੀ ਅੰਨੀ ਦੌੜ ਨੇ ਧਰਮ ਦਾ ਸਿਆਸਤ ਤੇ ਕੁੰਡਾ ਹੀ ਨਹੀਂ ਰਹਿਣ ਦਿੱਤਾ। ਸਗੋਂ ਸ਼ਕਤੀਸ਼ਾਲੀ ਸਿਆਸੀ ਆਗੂਆਂ ਨੇ, ਧਰਮ ਨੂੰ ਆਪਣੀ ਸੱਤਾ ਖੇਡ ਦਾ ਇਕ ਮੋਹਰਾ ਬਣਾ ਲਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਮੀਰੀ-ਪੀਰੀ ਦੇ ਸਿਧਾਂਤ ਦੀ ‘ਪਹਿਰੇਦਾਰੀ’ ਕਰਨ ਵਾਲੀ ਸਿੱਖਾਂ ਦੀ ਸਰਵਉੱਚ ਸੰਸਥਾ ਹੈ। ਪ੍ਰੰਤੂ ਲੋਭੀ-ਲਾਲਸੀ ਸੱਤਾਧਾਰੀਆਂ ਨੇ ਉਸਨੂੰ ਸਰਵਉੱਚ ਦੀ ਥਾਂ ਰਾਜਸੀ ਗ਼ੁਲਾਮ ਬਣਾਉਣ ਦਾ ਘਿਨਾਉਣਾ ਪਾਪ ਕਰ ਛੱਡਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਿਨਾਂ ਸਿੱਖਾਂ ਸਿਧਾਂਤਾਂ ਦੀ ਪਹਿਰੇਦਾਰੀ ਕਰਨੀ ਸੀ, ਉਨਾਂ ਸਿਧਾਂਤਾਂ ਦਾ ਹੀ ਭੋਗ ਪਾਉਣ ਦਾ ਕੋਝਾ ਯਤਨ ਕੀਤਾ ਹੈ। ਜਿਸ ਸਦਕਾ ਸਿੱਖੀ ਦੀ ਇਸ ਮਹਾਨ ਪਵਿੱਤਰ ਤੇ ਉਚ ਸੰਸਥਾ ਨੂੰ ਵੀ ‘ਰਾਜਸੀ ਗ੍ਰਹਿਣ’ ਲਾ ਦਿੱਤਾ ਅਤੇ ਕੌਮ ਨੂੰ ਮਜ਼ਬੂਰ ਕਰ ਦਿੱਤਾ ਕਿ ਉਹ ਜਿਨਾਂ ਜਥੇਦਾਰਾਂ ਦੇ ਹਰ ਹੁਕਮ ਅੱਗੇ ਸ਼ਰਧਾ, ਸਤਿਕਾਰ ਨਾਲ ਸਿਰ ਝੁਕਾਉਂਦੀ ਸੀ, ਉਨਾਂ ਜਥੇਦਾਰਾਂ ਨੂੰ ‘ਕੌਮ ਦੇ ਗ਼ਦਾਰ’ ਆਖ਼ਣ ਤੱਕ ਚਲੀ ਜਾਵੇ।
ਸ਼੍ਰੋਮਣੀ ਕਮੇਟੀ ਨੂੰ ਗ਼ੁਲਾਮ ਬਣਾਉਣ ਵਾਲਿਆਂ ਨੇ, ਜਥੇਦਾਰਾਂ ਨੂੰ ਵੀ ਆਪਣੇ ਤਨਖ਼ਾਹਦਾਰ ਮੁਲਾਜ਼ਮਾਂ ਵਾਗੂੰ ਵਰਤਿਆ। ਜਿਸ ਕਾਰਣ ਜਥੇਦਾਰ ਦੀ ਸਤਿਕਾਰਤ ਪਦਵੀ ਦਾ ਨਿਰਾਦਰ ਹੋਇਆ। ਬਾਦਲਕੇ ਜਿਹੜੇ ਸੱਤਾ ਲਾਲਸਾ ‘ਚ ਅੰਨੇ-ਬੋਲੇ ਸਨ, ਉਨਾਂ ਡੁਬਦਿਆਂ-ਡੁਬਦਿਆਂ, ਤਿਣਕੇ ਦੇ ਸਹਾਰੇ ਵਾਗੂੰ ਸੌਦਾ ਸਾਧ ਨਾਲ ਐਲਾਨੀਆਂ ਗੱਠਜੋੜ ਕਰ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੁਆਰਾ ‘ਛੇਕੇ’ ਹੋਏ ਸੌਦਾ ਸਾਧ ਨਾਲ ਬਾਦਲਕਿਆਂ ਦੀ ਜੱਫ਼ੀ, ਸ਼ਰੇਆਮ ਸਾਰੀ ਦੁਨੀਆ ਸਾਹਮਣੇ ਪਈ। ਬਾਦਲਕਿਆਂ ਨੇ ਸਟੇਜ ਤੋਂ ਭੰਗੜੇ ਪਾਏ, ਹਰ ਸੱਚੇ ਸਿੱਖ ਨੇ ਫਿੱਟ ਲਾਹਨਤ ਪਾਈ। ਪ੍ਰੰਤੂ 4 ਫਰਵਰੀ ਸ਼ਾਮ 5 ਵਜੇ ਤੱਕ ਬਾਦਲਕਿਆਂ ਦੇ ਜਥੇਦਾਰਾਂ ਨੂੰ ਹੁਕਮਨਾਮੇ ਦੀ ਇਸ ਘੋਰ ਉਲੰਘਣਾ ਦਾ ਪਤਾ ਹੀ ਨਹੀਂ ਲੱਗਿਆ। ਦੁਨੀਆ ‘ਚ ਬਦਨਾਮੀ ਦੇ ਢੋਲ-ਨਗਾਰਿਆਂ ਦੀ ਗੂੰਜ ਇਨਾਂ ਦੇ ਕੰਨਾਂ ਤੱਕ ਪੁੱਜੀ ਹੀ ਨਹੀਂ। ਪ੍ਰੰਤੂ ਜਿਵੇਂ ਹੀ ਵੋਟਾਂ ਪੈ ਗਈਆਂ, ਇਨਾਂ ਨੂੰ ਹੁਕਮਨਾਮੇ ਦੀ ਉਲੰਘਣਾ ਯਾਦ ਆ ਗਈ ਤੇ ਜਾਂਚ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੀ ਗਈ। ਹੁਣ ਭਲਾ ਐਸ. ਐਸ. ਪੀ. ਵਿਰੁੱਧ ਸਿਪਾਹੀ ਕਿਹੜੀ ਜਾਂਚ ਕਰੇਗਾ? ਤੇ ਜਾਂਚ ਕਰਨ ਲਈ ਹੈ ਵੀ ਕੀ? ਸਾਰਾ ਕੁਝ ਸਾਫ਼-ਸਪੱਸ਼ਟ ਹੈ।