ਜਸਪਾਲ ਸਿੰਘ ਹੇਰਾਂ
ਅਸੀਂ ਸਿੱਖੀ ਦੇ ਸਭ ਤੋਂ ਵੱਡੇ ਮੁੱਦਈ ਅਤੇ ਸਿਆਣੇ ਪ੍ਰਚਾਰਕ ਹਾਂ ਇਸ ਲਈ ਅਸੀਂ ਸਿੱਖੀ ਨੂੰ ਬਚਾਉਣ ਲਈ ਸਿੱਖੀ ਦਾ ਪ੍ਰਚਾਰ ਕਰਨਾ ਹੀ ਕਰਨਾ ਹੈ। ਅਸੀਂ ਸਿੱਖੀ ਪ੍ਰਚਾਰ ਦੀ ਥਾਂ ਕੂੜ ਨਹੀਂ ਪਰੋਸਣ ਦੇਣਾ, ਕਿਉਂਕਿ ਸਿੱਖੀ ਦੀ ਸਭ ਤੋਂ ਵੱਧ ਸਮਝ ਸਾਨੂੰ ਹੈ। ਇਹ ਹਨ ਦੋ ਧਿਰਾਂ ਦੇ ਦਾਅਵੇ ਪ੍ਰੰਤੂ ਦੋਵਾਂ ਧਿਰਾਂ ਦੀ ਸਮਝ ਦਾ ਨਤੀਜਾ ਕੀ ਨਿਕਲਦਾ ਹੈ? ਸਿੱਖਾਂ ਦੇ ਧਾਰਮਿਕ ਅਸਥਾਨ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ‘ਚ ਜਰਮਨ ਪੁਲਿਸ ਜੁੱਤੀਆਂ ਸਮੇਤ ਦਾਖ਼ਲ ਹੁੰਦੀ ਹੈ। ਗੁਰੂ ਘਰ ‘ਚ ਸਿੱਖਾਂ ਦੀਆਂ ਪੱਗਾ ਲਹਿੰਦੀਆਂ ਦਾ ਜਲੂਸ ਸਾਰੀ ਦੁਨੀਆਂ ਦੇਖਦੀ ਹੈ। ਗੁਰੂ ਮਹਾਰਾਜ ਜੀ ਅਤੇ ਦਸਤਾਰ ਦੀ ਬੇਅਦਬੀ ਕਰਵਾ ਕੇ ਵੀ ਦੋਵੇਂ ਧਿਰਾਂ ਸ਼ਰਮਸਾਰ ਹੋ ਕੇ ਮਾਫ਼ੀ ਮੰਗਣ ਦੀ ਥਾਂ ਹੈਂਕੜ ‘ਚ ਆਪਣੀ ਕਰਤੂਤ ਦੇ ਵੱਧ ਚੜ ਕੇ ਸੋਹਲੇ ਗਾਉਂਦੀਆਂ ਹਨ। ਇਹ ਹੈ ਸਿੱਖਾਂ ਦਾ ਸਿੱਖੀ ਪ੍ਰਚਾਰ, ਇਹ ਸਿੱਖਾਂ ਦੀ ਮੱਤ, ਇਹ ਸਿੱਖਾਂ ਦਾ ਗੁਰੂ ਪ੍ਰਤੀ ਪ੍ਰ੍ਰੇਮ, ਸ਼ਰਧਾਂ ਤੇ ਸਤਿਕਾਰ, ਇਹ ਹੈ ਸਿੱਖਾਂ ਦਾ ਦਸਤਾਰ ਪ੍ਰਤੀ ਸਤਿਕਾਰ? ਦੁਨੀਆਂ ਸੁਆਲ ਪੁੱਛਦੀ ਹੈ! ਜਵਾਬ ਕੌਣ ਦੇਵੇਗਾ?
ਪੱਗ, ਦਸਤਾਰ ਸਿੱਖ ਦੀ ‘ਸਿਰਦਾਰੀ’ ਦੀ ਪ੍ਰਤੀਕ ਹੈ, ਪੱਗ ਸਿੱਖ ਦੇ ਸਵੈਮਾਨ ਦਾ ਪ੍ਰਗਟਾਵਾ ਹੈ,ਪੱਗ ਸਿੱਖ ਦੀ ਇੱਜ਼ਤ ਨਾਲ ਜੁੜੀ ਹੋਈ ਹੈ, ਪੱਗ ਦਸ਼ਮੇਸ਼ ਪਿਤਾ ਦੀ ਬਖਸ਼ੀ ਦਾਤ ਹੈ, ਸਿੱਖ ਤੇ ਪੱਗ ਨੂੰ ਇੱਕ ਦੂਜੇ ਤੋਂ ਵੱਖ ਕਰਕੇ ਦੇਖਿਆ ਨਹੀਂ ਜਾ ਸਕਦਾ। ਇਸ ਤਰਾਂ ਦੇ ਅਨੇਕਾਂ ਵਿਸ਼ੇਸ਼ਣ ਸਿੱਖ ਤੇ ਦਸਤਾਰ ਬਾਰੇ ਵਰਤੇ ਜਾਂਦੇ ਹਨ।
ਸਮੁੱਚੀ ਦੁਨੀਆ ‘ਚ ਸਿੱਖਾਂ ਨੇ ‘ਪੱਗਾਂ’ ਤੇ ਸਿੱਖ ਦੇ ਸਬੰਧਾਂ ਨੂੰ ਲੈ ਕੇ ਵਿਦੇਸ਼ੀ ਸਰਕਾਰਾਂ ਵਿਰੁੱਧ ਸੰਘਰਸ਼ ਦਾ ਝੰਡਾ ਚੁੱਕਿਆ ਹੈ। ਅਦਾਲਤੀ ਲੜਾਈਆਂ ਲੜੀਆਂ ਤੇ ਧਾਰਮਿਕ ਦਲੀਲਾਂ ਦੇ ਕੇ, ਵਿਦੇਸ਼ੀ ਸਰਕਾਰਾਂ ਨੂੰ ਸਮਝਾਇਆ ਕਿ ਸਿੱਖ ਦੇ ਸਰੀਰ ਨਾਲੋਂ ਉਸਦਾ ਸ਼ੀਸ਼ ਤਾਂ ਵੱਖ ਕੀਤਾ ਜਾ ਸਕਦਾ ਹੈ। ਪ੍ਰੰਤੂ ਉਸਦੇ ਜਿਊਂਦੇ- ਜੀਅ ਪੱਗ ਨੂੰ, ਦਸਤਾਰ ਨੂੰ ਸਿੱਖ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇਤਿਹਾਸ ਦੀਆਂ ਅਨੇਕਾਂ ਉਦਹਾਰਣਾਂ ਨਾਲ ਸਿੱਖਾਂ ਨੂੰ ਵਿਦੇਸ਼ਾਂ ‘ਚ ਪੱਗ ਨੂੰ ਸਿੱਖਾਂ ਦਾ ਧਾਰਮਿਕ ਚਿੰਨ ਪ੍ਰਵਾਨ ਕਰਾਉਣ ‘ਚ ਸਫ਼ਲਤਾ ਮਿਲੀ ਹੈ ਅਤੇ ਕਈ ਦੇਸ਼ਾਂ ਵਿੱਚ ਲੜਾਈ ਹਾਲੇ ਵੀ ਜਾਰੀ ਹੈ। ਅਜਿਹੇ ਹਾਲਤਾਂ ਵਿੱਚ ਜਦੋਂ ਸਿੱਖ ਖ਼ੁਦ ਹੀ ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ ਹਨ, ਇਹ ਜਲੂਸ ਸਾਰੀ ਦੁਨੀਆ ਸਾਹਮਣੇ ਕੱਢਿਆ ਜਾਂਦਾ ਹੈ। ਵਿਦੇਸ਼ਾਂ ਦੀ ਧਰਤੀ ਤੇ ਅੱਜ ਸਿੱਖਾਂ ਨੂੰ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਮਹਾਨ ਸਿਧਾਂਤ ਸਰਬੱਤ ਦਾ ਭਲਾ ਤੇ ਗੁਰਬਾਣੀ ਤਾਂ ਇਹ ਵੀ ਆਖਦੀ ਹੈ ਕਿ ਕਿਸੇ ਦਾ ਵੀ ਮਨ ਨਾ ਦੁਖਾਉ ਕਿਉਂਕਿ ਸਭ ਦੇ ਮਨ ਕੀਮਤੀ ਹਨ। ਗੁਰਬਾਣੀ ਦੇ ਮਾਨਵਤਾਵਾਦੀ ਨਾਅਰੇ ਦੇ ਪ੍ਰਭਾਵ ਥੱਲੇ, ਸਿੱਖਾਂ ਨੂੰ ਮਾਣ ਸਤਿਕਾਰ ਤੇ ਉੱਚੇ ਰੁਤਬੇ ਮਿਲਣ ਲੱਗੇ ਹਨ। ਉਸੇ ਸਮੇਂ ਜਦੋਂ ਗੁਰਬਾਣੀ ਦੇ ਪ੍ਰਚਾਰ ਨੂੰ ਲੈ ਕੇ ਸਿੱਖ ਇਕ ਦੂਜੇ ਦੀਆਂ ਪੱਗਾਂ ਲਾਹੁੰਦੇ ਹੋਣ ਅਤੇ ਸਿੱਖਾਂ ਦੇ ਧਾਰਮਿਕ ਦੀਵਾਨਾਂ ਨੂੰ ਲੜਾਈ ਦਾ ਅਖਾੜਾ ਬਣਾਇਆਂ ਜਾਂਦਾ ਹੋਵੇ, ਉਸ ਤੋਂ ਸਿੱਖਾਂ ਦੀ ਅਤੇ ਸਿੱਖਾਂ ਦੀ ਪੱਗ ਦੀ ਕੀ, ਇੱਜ਼ਤ ਬਾਕੀ ਰਹਿ ਜਾਂਦੀ ਹੈ ?
ਉਸ ਬਾਰੇ ਸਾਡੇ ਇਹ ‘ਬਹੁਤੇ ਧਾਰਮਿਕ ਲੋਕ’ ਹੀ ਜਵਾਬ ਦੇ ਸਕਦੇ ਹਨ। ਗੁਰੂ ਸਾਹਿਬ ਨੂੰ ਭਲੀ ਭਾਂਤ ਪਤਾ ਸੀ ਕਿ ਮੁਰਦਿਆਂ ਨੂੰ ਜਿਊਂਦੇ ਕਰਨ ਵਾਲੀ ਖੰਡੇ ਬਾਟੇ ਪਾਹੁਲ ਤੋਂ ਬਾਅਦ ਕੌਮ, ਕਰੂਡਲੀਏ ਸੱਪ ਵਾਲਾ ਵਿਵਹਾਰ ਕਰ ਸਕਦੀ ਹੈ। ਇਸ ਲਈ ਉਨਾਂ ਖਾਲਸੇ ‘ਚ ਨਿਮਰਤਾ ਤੇ ਮਿਠਾਸ ਭਰਨ ਲਈ ਗੁਰਬਾਣੀ ਦੇ ਨਿਤਨੇਮ ਦੇ ਨਾਲੋਂ ਨਾਲ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ‘ਚ ਮਾਤਾ ਸਾਹਿਬ ਕੌਰ ਪਾਸੋਂ ਪਤਾਸੇ ਪੁਆਏ ਸਨ, ਤਾਂ ਕਿ ਸਿੱਖ ਨਿਮਰਤਾ ਦੇ ਗੁਣ ਤੋਂ ਦੂਰ ਨਾ ਹੋਣ। ਗੁਰਬਾਣੀ ਨੇ ਸਿੱਖਾਂ ਨੂੰ ਆਪਸੀ ਮੱਤਭੇਦ ਸਮੇਂ “ਹੋਏ ਇੱਕਤਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਈ” ਦਾ ਆਦੇਸ਼ ਦਿੱਤਾ ਸੀ, ਪ੍ਰੰਤੂ ਅਸੀਂ ਗੁਰੂ ਸਾਹਿਬ ਦੇ ਆਦੇਸ਼ ਤੋਂ ਬਾਗੀ ਹੋ ਗਏ ਹਾਂ। ਮੱਤਭੇਦਾਂ ਨੂੰ ਦੂਰ ਕਰਨ ਲਈ “ਇਕੱਤਰ ਹੋ ਕੇ ਬੈਠਣ” ਦੀ ਅਸੀਂ ਲੋੜ ਹੀ ਨਹੀਂ ਸਮਝਦੇ। ਹਉਮੈਂ, ਈਰਖਾ ਤੇ ਲਾਲਸਾ ਦੇ ਸ਼ਿਕਾਰ ਅਸੀਂ “ਮੈਂ ਹੀ ਮੈਂ” ਦੀ ਰੱਟ ਤੋਂ ਬਿਨਾਂ ਹੋਰ ਕੁੱਝ ਸੁਣਨ ਲਈ ਤਿਆਰ ਹੀ ਨਹੀਂ। ਜਿਊਂਦੀਆਂ ਜਾਗਦੀਆਂ ਕੌਮਾਂ ‘ਚ ਵਿਚਾਰਾਂ ਦਾ ਮੱਤਭੇਦ ਹੋਣਾ ਕੁਦਰਤੀ ਹੁੰਦਾ ਹੈ, ਪ੍ਰੰਤੂ ਮੱਤਭੇਦਾਂ ਨੂੰ ਸਿਆਣਿਆਂ ਵਾਂਗੂੰ ਆਪਸੀ ਵਿਚਾਰ- ਵਟਾਂਦਰਾ ਨਾਲ ਦੂਰ ਕਰਨਾ, ਸਿਆਣੀਆਂ ਕੌਮਾਂ ਦੀ ਨਿਸ਼ਾਨੀ ਹੁੰਦਾ ਹੈ। ਗ਼ਲਤ ਕੋਈ ਵੀ ਹੋ ਸਕਦਾ। ਜਿਸ ਤਰਾਂ ਵਿਦੇਸ਼ ‘ਚ ਸਿੱਖੀ ਪ੍ਰਚਾਰ ਲਈ ਦੌਰੇ ਤੇ ਗਏ , ਭਾਈ ਪੰਥਪ੍ਰੀਤ ਸਿੰਘ ਦਾ ਹਿੰਸਕ ਵਿਰੋਧ ਕੀਤਾ ਜਾ ਰਿਹਾ ਹੈ। ਪੱਗਾਂ ਲਾਹੀਆਂ ਜਾ ਰਹੀ ਹਨ। ਉਹ ਸਿੱਖਾਂ ਦੇ ਅਕਸ ਨੂੰ ਵੱਡੀ ਢਾਅ ਲਾ ਰਿਹਾ ਹੈ।
ਅੱਜ ਦੇ ਮਾਹੌਲ ਅਨੁਸਾਰ ਹਿੰਸਕ ਪ੍ਰਵਿਰਤੀ ਨੂੰ ਸਮੁੱਚੀ ਦੁਨੀਆ ਨਫ਼ਰਤ ਦੀ ਨਜ਼ਰ ਨਾਲ ਦੇਖ ਰਹੀ ਹੈ। ਜਿਵੇਂ ਅਸੀਂ ਪਹਿਲਾਂ ਵੀ ਵਾਰ- ਵਾਰ ਹੋਕਾ ਦਿੱਤਾ ਹੈ ਕਿ ਸਿੱਖ ਦੁਸ਼ਮਣ ਤਾਕਤਾਂ, ਸਿੱਖੀ ਦੇ ਅਕਸ ਨੂੰ ਢਾਅ ਲਾਉਣ ਦੀ ਖ਼ਤਰਨਾਕ ਖੇਡ ਸਾਨੂੰ ਹੀ ਆਪਣਾ ਮੋਹਰਾ ਬਣਾ ਕੇ ਖੇਡ ਰਹੀਆਂ ਹਨ। ਵਿਰੋਧ ਕਰਨ ਦਾ ਹਰ ਕਿਸੇ ਨੂੰ ਹੱਕ ਹੈ। ਪ੍ਰੰਤੂ ਵਿਰੋਧ ਤੋਂ ਪਹਿਲਾ ਮਸਲੇ ਨੂੰ ਗੱਲਬਾਤ ਨਾਲ ਹੱਲ ਕਰਨ ਦਾ ਯਤਨ ਜ਼ਰੂਰ ਕੀਤਾ ਜਾਵੇ। ਜੇ ਮਸਲਾ ਹੱਲ ਨਹੀਂ ਹੁੰਦਾ ਤਾਂ ਫ਼ਿਰ ਵਿਰੋਧ ਵੀ ਸ਼ਾਂਤਮਈ ਢੰਗ ਤਰੀਕੇ ਨਾਲ ਅਸਰਦਾਰ ਕੀਤਾ ਜਾਂਵੇ। ਵਿਰੋਧ ਪ੍ਰਗਟਾਉਣ, ਵਿਰੋਧ ਦਰਜ ਕਰਨ ਤੇ ਵਿਰੋਧ ਕਰਨ ਦਾ ਅਰਥ ਪੱਗਾਂ ਲਾਹੁੰਣੀਆਂ, ਕੇਸਾਂ ਦੀ ਬੇਅਦਬੀ ਤੇ ਡਾਂਗਾਂ-ਸੋਟੀਆਂ ਤੇ ਹਥਿਆਰਾਂ ਨਾਲ ਖੂਨ ਖ਼ਰਾਬਾ ਕਰਨਾ ਨਹੀਂ ਹੁੰਦਾ। ਅਜਿਹੇ ਕਰਕੇ ਅਸੀਂ ਵਿਰੋਧ ਨਹੀਂ, ਸਗੋਂ ਨਫ਼ਰਤ ਤੇ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਹੁੰਦੇ ਹਾਂ। ਅੱਜ ਜਦੋਂ ਸਿੱਖ ਕੌਮ ਆਪ- ਮੁਹਾਰੀ ਤੇ ਬੇਕਾਬੂ ਵਿਖਾਈ ਦੇ ਰਹੇ ਹੈ। ਉਸ ਸਮੇਂ “ਕੌਮ ਦੇ ਕੁੰਡੇ” ਸ਼੍ਰੀ ਅਕਾਲ ਤਖ਼ਤ ਸਾਹਿਬ ਵੀ ਅਜ਼ਾਦ ਪ੍ਰਭੂਸੱਤਾ ਲੋਂੜੀਦੀ ਹੈ।