ਆਨਲਾਈਨ ਡੈਸਕ, ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨੇ ਤੀਜਾ ਨਿਕਾਹ ਕਰ ਲਿਆ ਹੈ। ਸ਼ੋਏਬ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਤੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨੂੰ ਆਪਣਾ ਨਵਾਂ ਸਾਥੀ ਬਣਾਇਆ ਹੈ। ਖਬਰਾਂ ਆ ਰਹੀਆਂ ਹਨ ਕਿ ਸਾਨੀਆ ਮਿਰਜ਼ਾ ਤੋਂ ਤੁਰੰਤ ਤਲਾਕ ਲੈਣ ਤੋਂ ਬਾਅਦ ਸ਼ੋਏਬ ਨੇ ਸਨਾ ਨਾਲ ਵਿਆਹ ਕਰ ਲਿਆ ਹੈ। ਹਾਲਾਂਕਿ ਸ਼ੋਏਬ ਦਾ ਇਹ ਫੈਸਲਾ ਕਾਫੀ ਹੈਰਾਨ ਕਰਨ ਵਾਲਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਸਨਾ ਜਾਵੇਦ ਕੌਣ ਹੈ, ਜਿਸ ਦੇ ਪਿਆਰ ‘ਚ ਸ਼ੋਏਬ ਕਲੀਨ ਬੋਲਡ ਹੋਏ ਹਨ।

ਕੌਣ ਹੈ ਸਨਾ ਜਾਵੇਦ?

ਅਸਲ ‘ਚ ਸਨਾ ਜਾਵੇਦ ਪਾਕਿਸਤਾਨੀ ਅਭਿਨੇਤਰੀ ਹੈ ਤੇ ਉਹ ਪਿਛਲੇ 12 ਸਾਲਾਂ ਤੋਂ ਐਕਟਿੰਗ ‘ਚ ਆਪਣਾ ਹੁਨਰ ਦਿਖਾ ਰਹੀ ਹੈ। ਸਨਾ ਪਾਕਿਸਤਾਨ ਦੇ ਕਈ ਮਸ਼ਹੂਰ ਸ਼ੋਅਜ਼ ‘ਚ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਮਿਊਜ਼ਿਕ ਵੀਡੀਓਜ਼ ‘ਚ ਵੀ ਨਜ਼ਰ ਆ ਚੁੱਕੀ ਹੈ। ਸਨਾ ਦੀ ਉਮਰ 30 ਸਾਲ ਦੱਸੀ ਜਾਂਦੀ ਹੈ ਅਤੇ ਉਹ ਕਰਾਚੀ ਦੀ ਰਹਿਣ ਵਾਲੀ ਹੈ। ਸਨਾ ਨੇ ਪਾਕਿਸਤਾਨ ਦੇ ਮਸ਼ਹੂਰ ਸੀਰੀਅਲ ਸ਼ਹਿਰ-ਏ-ਜਾਤ ‘ਚ ਅਹਿਮ ਭੂਮਿਕਾ ਨਿਭਾਈ ਹੈ।

ਸਨਾ ਜਾਵੇਦ ਦਾ ਹੋ ਚੁੱਕਾ ਹੈ ਤਲਾਕ

ਇਸ ਤੋਂ ਪਹਿਲਾਂ ਸਾਲ 2020 ‘ਚ ਸਨਾ ਨੇ ਉਮੈਰ ਜਸਵਾਲ ਨਾਲ ਵਿਆਹ ਕੀਤਾ ਸੀ ਪਰ ਉਨ੍ਹਾਂ ਦਾ ਇਹ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਹਾਲ ਹੀ ‘ਚ ਉਨ੍ਹਾਂ ਦਾ ਤਲਾਕ ਹੋ ਗਿਆ।

ਸ਼ੋਏਬ ਮਲਿਕ ਨੇ ਸ਼ੇਅਰ ਕੀਤੀਆਂ ਤਸਵੀਰਾਂ

ਸ਼ੋਏਬ ਮਲਿਕ ਨੇ ਸਨਾ ਜਾਵੇਦ ਨਾਲ ਵਿਆਹ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਜਲਦ ਹੀ ਤਲਾਕ ਲੈ ਸਕਦੇ ਹਨ। ਸਾਨੀਆ ਨੇ ਹਾਲ ਹੀ ‘ਚ ਕੁਝ ਪੋਸਟਾਂ ਸ਼ੇਅਰ ਕੀਤੀਆਂ ਸਨ, ਜਿਸ ਨੂੰ ਦੇਖਦੇ ਹੋਏ ਤਲਾਕ ਦੀਆਂ ਅਫਵਾਹਾਂ ਹੋਰ ਤੇਜ਼ ਹੋ ਗਈਆਂ ਸਨ। ਸ਼ੋਏਬ ਮਲਿਕ ਨੇ 2010 ਵਿੱਚ ਸਾਨੀਆ ਨਾਲ ਵਿਆਹ ਕੀਤਾ ਸੀ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇਨ੍ਹਾਂ ਦੇ ਰਿਸ਼ਤੇ ‘ਚ ਦਰਾਰ ਦੀਆਂ ਖ਼ਬਰਾਂ ਆ ਰਹੀਆਂ ਸਨ।