ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਸੁਰੱਖਿਅਤ ਸਥਾਨ ਮੰਨੇ ਜਾਂਦੇ ਨਵੇਂ ਸੰਸਦ ਭਵਨ ਦੀ ਸੁਰੱਖਿਆ ‘ਚ ਅੱਜ ਵੱਡੀ ਢਿੱਲ-ਮੱਠ ਹੋਈ। ਇੱਥੇ ਲੋਕ ਸਭਾ ਦੇ ਅੰਦਰ ਜਦੋਂ ਸਦਨ ਦੀ ਕਾਰਵਾਈ ਚੱਲ ਰਹੀ ਸੀ ਤਾਂ ਦੋ ਨੌਜਵਾਨਾਂ ਨੇ ਸੰਸਦ ਮੈਂਬਰਾਂ ਵਿਚਾਲੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ।

ਇਨ੍ਹਾਂ ‘ਚੋਂ ਇਕ ਨੌਜਵਾਨ ਨੇ ਪਿੱਛਿਓਂ ਛਾਲ ਮਾਰ ਕੇ ਸੰਸਦ ਮੈਂਬਰਾਂ ‘ਚ ਪਹੁੰਚ ਕੇ ਆਪਣੀ ਜੁੱਤੀ ‘ਚੋਂ ਸਪਰੇਅ ਕੱਢ ਕੇ ਪੂਰੇ ਸਦਨ ‘ਚ ਧੂਮ ਮਚਾ ਦਿੱਤੀ। ਹੁਣ ਇਨ੍ਹਾਂ ਲੋਕਾਂ ਦੀ ਪਛਾਣ ਸਾਹਮਣੇ ਆਈ ਹੈ।

ਸੰਸਦ ਨੂੰ ਧੂੰਆਂ-ਧੂੰਆਂ ਕਰਨ ਵਾਲਿਆਂ ਦਾ ਨਾਂ ਆਇਆ ਸਾਹਮਣੇ

ਲੋਕ ਸਭਾ ਦੇ ਅੰਦਰ ਕਲਰ ਕ੍ਰੈਕਰ ਲੈ ਕੇ ਪਹੁੰਚੇ ਸ਼ਖ਼ਸ ਦਾ ਨਾਂ ਸਾਗਰ ਸ਼ਰਮਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਾਗਰ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਉਸ ਨੇ ਇਹ ਵਾਰਦਾਤ ਕਿਸ ਮਕਸਦ ਨਾਲ ਕੀਤੀ ਹੈ।

ਸੰਸਦ ਦੇ ਬਾਹਰ ਇਨ੍ਹਾਂ ਦੋ ਲੋਕਾਂ ਨੇ ਕੀਤਾ ਪ੍ਰਦਰਸ਼ਨ

ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੇ ਦੋ ਮਾਮਲੇ ਸਾਹਮਣੇ ਆਏ ਹਨ। ਇਕ ਮਾਮਲੇ ‘ਚ ਦੋ ਲੋਕਾਂ ਨੇ ਸਦਨ ਦੇ ਬਾਹਰ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਕਿ ਤਾਨਾਸ਼ਾਹੀ ਨਹੀਂ ਚੱਲੇਗੀ। ਜਿਵੇਂ ਹੀ ਉਨ੍ਹਾਂ ਨੇ ਧਰਨਾ ਸ਼ੁਰੂ ਕੀਤਾ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਇਨ੍ਹਾਂ ਦੋ ਪ੍ਰਦਰਸ਼ਨਕਾਰੀਆਂ ‘ਚ ਇੱਕ ਔਰਤ ਵੀ ਸੀ। ਉਸ ਦੀ ਪਛਾਣ ਨੀਲਮ (42) ਵਾਸੀ ਹਿਸਾਰ ਵਜੋਂ ਹੋਈ ਹੈ। ਦੂਜੇ ਪ੍ਰਦਰਸ਼ਨਕਾਰੀ ਦੀ ਪਛਾਣ ਅਨਮੋਲ ਸ਼ਿੰਦੇ (25) ਵਾਸੀ ਲਾਤੂਰ, ਮਹਾਰਾਸ਼ਟਰ ਵਜੋਂ ਹੋਈ ਹੈ।