ਓਟਾਵਾ- ਕੈਨੇਡਾ ਵਿਚ ਜਿਹੜੇ ਲੋਕ ਵਿਜ਼ਟਰ ਵੀਜ਼ੇ ‘ਤੇ ਗਏ ਹਨ, ਉਹ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹਨ। ਇਮੀਗ੍ਰੇਸ਼ਨ, ਰਫਿਊਜੀ ਅਤੇ ਕੈਨੇਡੀਅਨ ਨਾਗਰਿਕ (ਆਈ. ਆਰ. ਸੀ. ਸੀ.) ਵਲੋਂ ਮੀਡੀਆ ਵਿਚ ਇਹ ਰਲੀਜ਼ ਜਾਰੀ ਕੀਤੀ ਗਈ ਹੈ ਕਿ ਅਸਥਾਈ ਵਸਨੀਕ ਜੋ ਪਹਿਲਾਂ ਹੀ ਨੌਕਰੀ ਦੀ ਪੇਸ਼ਕਸ਼ ਨਾਲ ਕੈਨੇਡਾ ਵਿਚ ਹਨ, ਉਹ ਕੰਮ ਕਰ ਸਕਦੇ ਹਨ ਪਰ ਇਹ ਨਿਯਮ 24 ਅਗਸਤ ਤੋਂ ਬਾਅਦ ਆਉਣ ਵਾਲੇ ਯਾਤਰੀਆਂ ਲਈ ਨਹੀਂ ਹੋਵੇਗਾ। ਇਸ ਸਮੇਂ ਕੈਨੇਡਾ ਵਿਚ ਮੌਜੂਦ ਕੌਮਾਂਤਰੀ ਯਾਤਰੀ ਜਾਂ ਸੈਲਾਨੀ ਜੇਕਰ ਕੰਮ ਕਰਨਾ ਚਾਹੁੰਦੇ ਹਨ, ਤਾਂ ਉਹ ਬਿਨਾਂ ਦੇਸ਼ ਛੱਡੇ ਇਸ ਲਈ ਅਪਲਾਈ ਕਰਕੇ ਕੰਮ ਕਰ ਸਕਦੇ ਹਨ।
ਇਸ ਦੇ ਲਈ ਸ਼ਰਤ ਇਹ ਹੈ ਕਿ ਉਨ੍ਹਾਂ ਕੋਲ ਆਫਰ ਲੈਟਰ ਹੋਵੇ ਤੇ ਬਾਕੀ ਆਮ ਸ਼ਰਤਾਂ ਜੋ ਪਹਿਲਾਂ ਵੀ ਲਾਗੂ ਕੀਤੀਆਂ ਜਾਂਦੀਆਂ ਹਨ, ਮੰਨੀਆਂ ਜਾਣ।
ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ਤੋਂ ਬਹੁਤ ਘੱਟ ਲੋਕ ਕੈਨੇਡਾ ਆ ਰਹੇ ਹਨ, ਅਜਿਹੇ ਵਿਚ ਖੇਤਾਂ, ਫਾਰਮਾਂ ਤੇ ਹੋਰ ਕਈ ਥਾਵਾਂ ‘ਤੇ ਕਾਮਿਆਂ ਦੀ ਘਾਟ ਹੈ। ਇਸ ਲਈ ਕੈਨੇਡਾ ਸਰਕਾਰ ਨੇ ਉੱਥੇ ਮੌਜੂਦ ਵਿਜ਼ਟਰਾਂ ਨੂੰ ਇਹ ਖੁੱਲ੍ਹ ਦਿੱਤੀ ਹੈ ਕਿ ਉਹ ਇੱਥੇ ਕੰਮ ਕਰ ਸਕਦੇ ਹਨ।
ਯੋਗਤਾ ਦੇ ਮਾਪਦੰਡ ਨੂੰ ਪੂਰਾ ਕਰਨ ਵਾਲੇ ਵਿਜ਼ਟਰ ਨਵੀਂ ਅਸਥਾਈ ਇਮੀਗ੍ਰੇਸ਼ਨ ਨੀਤੀ ਲਈ ਅਰਜ਼ੀ ਦੇ ਸਕਦੇ ਹਨ, ਜਿਸ ਵਿਚ ਸੁਪਰ ਵੀਜ਼ਾ ਧਾਰਕ, ਕਾਰੋਬਾਰੀ ਵਿਜ਼ਟਰ ਅਤੇ ਉਹ ਲੋਕ ਸ਼ਾਮਲ ਹੁੰਦੇ ਹਨ, ਜੋ ਗਲੋਬਲ ਸਕਿੱਲ ਸਟੈਟਰਜੀ ਵਰਕ ਪਰਮਿਟ ਛੋਟ ਰਾਹੀਂ ਕੈਨੇਡਾ ਆਏ ਸਨ। ਬਹੁਤੇ ਲੋਕਾਂ ਦੀ ਮੰਗ ਹੈ ਕਿ ਵਰਕ ਪਰਮਿਟ ਵਾਲਿਆਂ ਨੂੰ ਹੀ ਪੱਕੇ ਕਰ ਦਿੱਤਾ ਜਾਵੇ ਅਤੇ ਕਈ ਲੋਕ ਇਸ ਲਈ ਪਟੀਸ਼ਨਾਂ ਵੀ ਪਾ ਰਹੇ ਹਨ। ਅਜਿਹਾ ਹੁੰਦਾ ਹੈ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।