ਸਰਕਾਰ ਦੇ ਕੋਰੋਨਾ ਵਾਇਰਸ ਦਿਸ਼ਾ ਨਿਰਦੇਸ਼ ‘ਚ ਹੁਣ ਸੰਯੁਕਤ ਰਾਜ ਅਮਰੀਕਾ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਹੱਦੀ ਪਾਬੰਦੀਆਂ ਦੀ ਛੋਟ ਸੂਚੀ ‘ਚ ਸ਼ਾਮਲ ਕਰ ਦਿੱਤਾ ਗਿਆ ਹੈ। ਇਹ ਛੋਟ ਸਿਰਫ ਪੜ੍ਹਨ ਆਉਣ ਦੇ ਮਾਮਲੇ ‘ਚ ਹੀ ਦਿੱਤੀ ਜਾਵੇਗੀ। ਸੰਯੁਕਤ ਰਾਜ ਅਮਰੀਕਾ ਦੇ ਕੁਝ ਵਿਦਿਆਰਥੀ 2020 ਦੇ ਪਤਝੜ ਸਮੈਸਟਰ ਲਈ ਕੈਨੇਡਾ ‘ਚ ਦਾਖ਼ਲ ਹੋ ਸਕਣਗੇ ਬੇਸ਼ੱਕ ਉਨ੍ਹਾਂ ਨੂੰ 18 ਮਾਰਚ ਤੋਂ ਬਾਅਦ ਸਟੱਡੀ ਪਰਮਿਟ ਮਿਲਿਆ ਹੋਵੇ।
ਸ਼ੁਰੂ ‘ਚ ਸਿਰਫ ਕੌਮਾਂਤਰੀ ਵਿਦਿਆਰਥੀਆਂ ਜਿਨ੍ਹਾਂ ਕੋਲ ਸਟੱਡੀ ਪਰਮਿਟ ਸਨ ਜਾਂ ਜਿਨ੍ਹਾਂ ਨੂੰ 18 ਮਾਰਚ 2020 ਨੂੰ ਜਾਂ ਇਸ ਤੋਂ ਪਹਿਲਾਂ ਸਟੱਡੀ ਪਰਮਿਟ ਲਈ ਪ੍ਰਵਾਨਗੀ ਦਿੱਤੀ ਗਈ ਸੀ, ਨੂੰ ਛੋਟ ਦਿੱਤੀ ਗਈ ਸੀ।
ਦਿਸ਼ਾ-ਨਿਰਦੇਸ਼ਾਂ ਮੁਤਾਬਕ, ਅਮਰੀਕਾ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਇਹ ਸਬੂਤ ਦਿਖਾਉਣਾ ਹੋਵੇਗਾ ਕਿ ਉਨ੍ਹਾਂ ਨੂੰ ਕੈਨੇਡਾ ‘ਚ ਸਟੱਡੀ ਪਰਮਿਟ ਦੀ ਮਨਜ਼ੂਰੀ ਦਿੱਤੀ ਗਈ ਸੀ। ਉੱਥੇ ਹੀ, ਕਿਸੇ ਹੋਰ ਦੇਸ਼ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਇਹ ਦਿਖਾਉਣਾ ਹੋਵੇਗਾ ਕਿ ਉਨ੍ਹਾਂ ਨੂੰ 18 ਮਾਰਚ, 2020 ਜਾਂ ਉਸ ਤੋਂ ਪਹਿਲਾਂ ਸਟੱਡੀ ਪਰਮਿਟ ਮਿਲ ਚੁੱਕਾ ਸੀ। ਕੈਨੇਡਾ ‘ਚ ਦਾਖ਼ਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਜਨਤਕ ਸਿਹਤ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ ਅਤੇ 14 ਦਿਨਾਂ ਲਈ ਇਕਾਂਤਵਾਸ ਰਹਿਣਾ ਹੋਵੇਗਾ। ਇਸ ਤੋਂ ਇਲਾਵਾ ਘੱਟੋ-ਘੱਟ 21 ਅਗਸਤ ਤੱਕ ਕੈਨੇਡਾ-ਯੂ. ਐੱਸ. ਦੀ ਸਰਹੱਦ ਬੰਦ ਰਹੇਗੀ।