ਟੋਰਾਂਟੋ (ਏਜੰਸੀ)— ਕੈਨੇਡਾ ਵਰਗੇ ਮੁਲਕ ‘ਚ ਬਹੁਤ ਸਾਰੇ ਪੰਜਾਬੀ ਵੱਸੇ ਹੋਏ ਹਨ। ਵੱਡੀ ਗਿਣਤੀ ਵਿਚ ਇੱਥੇ ਪੰਜਾਬੀ ਵਿਦਿਆਰਥੀ ਪੜ੍ਹਾਈ ਕਰਨ ਆਉਂਦੇ ਹਨ। ਵਿਦੇਸ਼ਾਂ ਵਿਚ ਰਹਿ ਕੇ ਆਪਣੇ ਦੇਸ਼ ਦੀ ਮਾਣ-ਮਰਿਆਦਾ ਨੂੰ ਬਣਾ ਕੇ ਰੱਖਣਾ ਉਨ੍ਹਾਂ ਦੀ ਜ਼ਿੰੰਮੇਵਾਰੀ ਬਣਦੀ ਹੈ ਪਰ ਅਜਿਹਾ ਹੁੰਦਾ ਨਹੀਂ ਹੈ। ਕੈਨੇਡਾ ‘ਚ ਪਿਛਲੇ ਸਾਲ ਦਸੰਬਰ ਤੋਂ ਲੈ ਕੇ ਇਸ ਸਾਲ ਜੂਨ ਮਹੀਨੇ ਦੌਰਾਨ ਸ਼ਹਿਰ ਬਰੈਂਪਟਨ ‘ਚ ਪੰਜਾਬੀ ਮੁੰਡਿਆਂ ਵਲੋਂ ਰੌਲਾ-ਰੱਪੇ, ਲੜਾਈਆਂ ਅਤੇ ਕੁੱਟਮਾਰ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਇੱਥੋਂ ਦੀ ਪੁਲਸ ਨੇ ਪੰਜਾਬੀ ਹੁੱਲੜਬਾਜ਼ਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਾਲ ਕੈਨੇਡਾ ਦੇ ਸ਼ੈਰੀਡਨ ਕਾਲਜ ਨੇੜੇ ਅਤੇ ਕੁਝ ਲੜਾਈਆਂ ਸਬੰਧੀ ਪੁਲਸ ਦੀ ਸਪੈਸ਼ਲ ਜਾਂਚ ਟੀਮ ਨੇ 3 ਪੰਜਾਬੀ ਮੁੰਡਿਆਂ ਨੂੰ ਗ੍ਰਿਫਤਾਰ ਕਰ ਕੇ ਅਤੇ 6 ਹੋਰਨਾਂ ‘ਤੇ ਕੇਸ ਦਰਜ ਕਰ ਕੇ ਵਾਰੰਟ ਜਾਰੀ ਕੀਤੇ ਹਨ। ਇੱਥੇ ਦੱਸ ਦੇਈਏ ਕਿ ਹੁੱਲੜਬਾਜ਼ੀ ਕਾਰਨ ਪੰਜਾਬੀ ਭਾਈਚਾਰਾ ਚਿੰਤਾ ਵਿਚ ਹੈ ਅਤੇ ਇਸ ਦੇ ਨਾਲ-ਨਾਲ ਪੁਲਸ ਲਈ ਇਹ ਵੱਡੀ ਸਿਰਦਰਦੀ ਵੀ ਬਣੀ ਹੋਈ ਹੈ।
ਕੈਨੇਡਾ ਪੁਲਸ ਲਗਾਤਾਰ ਇਨ੍ਹਾਂ ਘਟਨਾਵਾਂ ਨੂੰ ਘੋਖ ਕਰ ਰਹੀ ਹੈ। ਪੁਲਸ ਸੂਤਰਾਂ ਮੁਤਾਬਕ ਹੁਣ ਤਕ ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਅਤੇ ਅਰਪਿੰਦਰ ਗਿੱਲ ਨੂੰ ਗ੍ਰਿਫਤਾਰ ਕੀਤਾ ਹੈ। ਪਰਮਿੰਦਰ ਢਾਲੀ, ਜਤਿੰਦਰ ਚੀਮਾ, ਵਿਸ਼ਵਜੀਤ ਸਿੰਘ, ਉਪਿੰਦਰਜੀਤ ਸੰਧੂ, ਅੰਮ੍ਰਿਤਪਾਲ ਕੰਬੋਜ ਅਤੇ ਰਾਜਾ ਵੜੈਚ ‘ਤੇ ਹਥਿਆਰ ਰੱਖਣ, ਧੋਖਾਧੜੀ, ਭੰਨ-ਤੋੜ ਕਰਨ ਅਤੇ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਵਾਰੰਟ ਜਾਰੀ ਕੀਤੇ ਗਏ ਹਨ। ਪੁਲਸ ਮੁਤਾਬਕ ਉਕਤ ਮਾਮਲਿਆਂ ਦੀ ਜਾਂਚ ਅਜੇ ਜਾਰੀ ਹੈ। ਪੁਲਸ ਦਾ ਕਹਿਣਾ ਹੈ ਕਿ ਸਾਡੇ ਲਈ ਲੋਕਾਂ ਦੀ ਸੁਰੱਖਿਆ ਵੱਡੀ ਜ਼ਿੰਮੇਵਾਰੀ ਹੈ। ਅਸੀਂ ਅਜਿਹੀ ਹੁੱਲੜਬਾਜ਼ੀ ਨੂੰ ਨੱਥ ਪਾਉਣ ਲਈ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਲੱਖਾਂ ਰੁਪਏ ਲਾ ਕੇ ਵਿਦੇਸ਼ਾਂ ਵਿਚ ਭੇਜਦੇ ਹਨ, ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਾਰਦਾਤਾਂ, ਹੁੱਲੜਬਾਜ਼ੀ ਵਾਲੀਆਂ ਘਟਨਾਵਾਂ ‘ਚ ਹਿੱਸਾ ਲੈਣ ਤੋਂ ਵਰਜਣ। ਜਿਹੜੇ ਅਜਿਹਾ ਕੁਝ ਕਰ ਕੇ ਦੂਜਿਆਂ ਦੇ ਭਵਿੱਖ ਨੂੰ ਵੀ ਖਤਰੇ ਵਿਚ ਪਾ ਰਹੇ ਹਨ। ਪੰਜਾਬੀ ਵਿਦਿਆਰਥੀਆਂ ਨੂੰ ਸੂਝ ਤੋਂ ਕੰਮ ਲੈਣਾ ਚਾਹੀਦਾ ਅਤੇ ਵਿਦੇਸ਼ੀ ਧਰਤੀ ‘ਤੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਵਿਚਰਨਾ ਚਾਹੀਦਾ ਹੈ, ਤਾਂ ਕਿ ਉਹ ਆਪਣਾ ਭਵਿੱਖ ਵਧੀਆ ਬਣਾ ਕੇ ਮਾਪਿਆਂ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ।