ਜਾ.ਸ, ਕਾਨਪੁਰ : ਹੁਣ ਛੇਤੀ ਹੀ ਕੈਂਸਰ, ਅਲਜ਼ਾਈਮਰ, ਪਾਰਕਿੰਸਨ ਤੇ ਸਿਜ਼ੋਫ੍ਰੇਨੀਆ ਜਿਹੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੋ ਸਕੇਗਾ। ਆਈਆਈਟੀ ਕਾਨਪੁਰ ਦੇ ਜੀਵ ਵਿਗਿਆਨੀਆਂ ਨੇ ਚਾਰ ਹੋਰ ਦੇਸ਼ਾਂ ਨਾਲ ਮਿਲ ਕੇ ਜੀ ਪ੍ਰੋਟੀਨ-ਕੰਪਲੈਕਸ ਰਿਸੈਪਟਰਜ਼ (ਜੀਪੀਸੀਆਰ) ਤੇ ਕੇਮੋਕਾਈਨ ਰਿਸੈਪਟਰ ਡੀ-6 ਦੇ ਅਧਿਐਨ ’ਚ ਇਹ ਕਾਮਯਾਬੀ ਹਾਸਲ ਕੀਤੀ ਹੈ। ਕੈਂਸਰ ਤੇ ਦਿਮਾਗ਼ ਸਬੰਧੀ ਵਿਕਾਰ ਜਿਵੇਂ ਅਲਜ਼ਾਈਮਰ ਰੋਗ, ਪਾਰਕਿੰਸਨ ਤੇ ਸਿਜ਼ੋਫੇ੍ਰਨੀਆ ਦੇ ਸੰਭਾਵੀ ਇਲਾਜ ’ਤੇ ਖੋਜਕਰਤਾ ਨਵੇਂ ਬਦਲ ਤਲਾਸ਼ਣ ’ਚ ਕਾਮਯਾਬ ਰਹੇ ਹਨ। ਇਸ ਨਾਲ ਨਵੀਆਂ ਦਵਾਈਆਂ ਲਈ ਅਣੂਆਂ ਦੇ ਡਿਜ਼ਾਈਨ ਤਿਆਰ ਕੀਤੇ ਜਾ ਸਕਣਗੇ। ਖੋਜ ਕਾਰਜ ਨੂੰ ਅੰਤਰਰਾਸ਼ਟਰੀ ਜਨਰਲ ਸਾਇੰਸ ਨੇ ਵੀ ਪ੍ਰਕਾਸ਼ਿਤ ਕੀਤਾ ਹੈ।

ਆਈਆਈਟੀ ਕਾਨਪੁਰ ਦੇ ਡਾਇਰੈਕਟਰ ਪ੍ਰੋ. ਐੱਸ ਗਣੇਸ਼ ਨੇ ਦੱਸਿਆ ਕਿ ਆਈਆਈਟੀ ਦੀ ਇਹ ਖੋਜ ਆਪਣੇ ਆਪ ’ਚ ਅਨੋਖੀ ਹੈ। ਇਸ ਖੋਜ ਪ੍ਰਾਜੈਕਟ ’ਚ ਆਈਆਈਟੀ ਟੀਮ ਨਾਲ ਜਾਪਾਨ, ਕੋਰੀਆ ਗਣਰਾਜ, ਸਪੇਨ ਤੇ ਸਵਿਟਜ਼ਰਲੈਂਡ ਦੇ ਖੋਜਕਰਤਾ ਸ਼ਾਮਲ ਹਨ। ਆਈਆਈਟੀ ਦੀ ਜੀਪੀਸੀਆਰ ਜੀਵ ਵਿਗਿਆਨ ਪ੍ਰਯੋਗਸ਼ਾਲਾ ਦੇ ਪ੍ਰੋ. ਅਰੁਣ ਸ਼ੁਕਲ ਦੀ ਅਗਵਾਈ ’ਚ ਖੋਜ ਕਰਨ ਵਾਲੀ ਟੀਮ ਦੀ ਮਿਹਨਤ ਨਾਲ ਦੁਨੀਆ ਭਰ ’ਚ ਪੰਜ ਕਰੋੜ ਤੋਂ ਜ਼ਿਆਦਾ ਰੋਗੀਆਂ ਨੂੰ ਲਾਭ ਮਿਲ ਸਕੇਗਾ। ਉਨ੍ਹਾਂ ਦੱਸਿਆ ਕਿ ਜੀਪੀਸੀਆਰ ਦਿਮਾਗ਼ੀ ਕੋਸ਼ਿਕਾਵਾਂ ਦੀ ਸਤ੍ਹਾ ’ਤੇ ਛੋਟੇ ਐਂਟੀਨਾ ਦੀ ਤਰ੍ਹਾਂ ਹੁੰਦੇ ਹਨ, ਜੋ ਉਨ੍ਹਾਂ ਨੂੰ ਸੰਚਾਰ ਕਰਨ ’ਚ ਮਦਦ ਕਰਦੇ ਹਨ ਤੇ ਦਿਮਾਗ਼ ਦੇ ਕਈ ਕੰਮਾਂ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਦੇ ਠੀਕ ਤਰ੍ਹਾਂ ਕੰਮ ਨਾ ਕਰਨ ਨਾਲ ਹੀ ਅਲਜ਼ਾਈਮਰ ਤੇ ਪਾਰਕਿੰਸਨ ਜਿਹੀਆਂ ਬਿਮਾਰੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਕੇਮੋਕਾਈਨ ਰਿਸੈਪਟਰ ਡੀ6 ਰੋਗਾਂ ਨਾਲ ਲੜਨ ਦੀ ਪ੍ਰਣਾਲੀ ’ਚ ਕੰਮ ਕਰਨ ਦੌਰਾਨ ਅੰਗਾਂ ’ਚ ਸੋਜ ਦੀ ਸਥਿਤੀ ਨੂੰ ਕੰਟਰੋਲ ਕਰਦਾ ਹੈ। ਕੈਂਸਰ ਕੋਸ਼ਿਕਾਵਾਂ ਦੇ ਵਧਣ ਅਤੇ ਫੈਲਣ ਦੀ ਪ੍ਰਕਿਰਿਆ ’ਚ ਇਸ ਦੀ ਅਹਿਮ ਭੂਮਿਕਾ ਹੈ। ਖੋਜ ਦੌਰਾਨ ਇਨ੍ਹਾਂ ਰਿਸੈਪਟਰਜ਼ ਦੇ ਨਾਲ-ਨਾਲ ਸਮੱਸਿਆਵਾਂ ਨੂੰ ਠੀਕ ਕਰਨ ਤੇ ਨਵੀਂ ਦਵਾਈ ਲਈ ਅਣੂਆਂ ਦੇ ਡਿਜ਼ਾਈਨ ਤਿਆਰ ਕਰਨ ’ਚ ਮਦਦ ਮਿਲੀ ਹੈ। ਦੁਨੀਆ ’ਚ ਹਰ ਸਾਲ ਤਕਰੀਬਨ 10 ਲੱਖ ਲੋਕ ਕੈਂਸਰ ਦੀ ਲਪੇਟ ’ਚ ਆ ਕੇ ਜਾਨ ਗੁਆ ਰਹੇ ਹਨ।