ਕੀ ਸਿੱਖ ਇਸ ਦੇਸ਼ ‘ਚ ਅਜ਼ਾਦ ਸ਼ਹਿਰੀ ਅਖਵਾ ਸਕਦੇ ਹਨ? ਭਾਵੇਂ ਕਿ ਇਹ ਸੁਆਲ ਜਿਸ ਦਿਨ ਤੋਂ ਇਹ ਦੇਸ਼ ਅਜ਼ਾਦ ਹੋ ਕੇ ‘ਹਿੰਦੁਸਤਾਨ’ ਬਣਿਆ ਹੈ, ਉਸ ਦਿਨ ਤੋਂ ਹੀ ਸਿਰੀ ਚੁੱਕੀ ਖੜਾ ਹੈ ਅਤੇ ਇਸ ਸੁਆਲ ਦਾ ਜਵਾਬ ਲੈਣ ਲਈ ਇਸ ਦੇਸ਼ ਦੀ ਅਜ਼ਾਦੀ ਲਈ 85 ਫ਼ੀਸਦੀ ਕੁਰਬਾਨੀਆਂ ਕਰਨ ਵਾਲੀ ਕੌਮ ਨੂੰ ‘ਅੱਤਵਾਦੀ’ ਦੇ ਫੱਟੇ ਤੱਕ ਦਾ ਸਫ਼ਰ ਕਰਨਾ ਪਿਆ। ਪ੍ਰੰਤੂ ਇਸ ਸੁਆਲ ਦਾ ਜਵਾਬ ਸਮੇਂ ਦੇ ਹਾਕਮਾਂ ਨੇ ਚਾਹੇ ਉਹ ਕਿਸੇ ਵੀ ਰੰਗ ‘ਚ ਰੰਗੇ ਹੋਣ, ਕਦੇ ਨਹੀਂ ਦਿੱਤਾ ਅਤੇ ਨਾ ਹੀ ਭਵਿੱਖ ‘ਚ ਦੇਣਗੇ। ਅੱਜ ਦੀਆਂ ਦੋ ਖ਼ਬਰਾਂ ਨੇ ਸਾਡੇ ਮਨਮਸਤਕ ‘ਚ ਇਸ ਪ੍ਰਸ਼ਨ ਨੂੰ ਫ਼ਿਰ ਫ਼ੁਕਾਰੇ ਮਾਰਨ ਲਾ ਦਿੱਤਾ ਹੈ। ਦੇਸ਼ ਦੀਆਂ ਸਰਹੱਦਾਂ ਦੀ ਰਾਖ਼ੀ ਲਈ ਜੁੰਮੇਵਾਰ ਬੀ.ਐਸ.ਐਫ਼. ਦੇ ਅਧਿਕਾਰ ਖੇਤਰ ‘ਚ ਸਥਾਪਿਤ ਗੁਰਦੁਆਰਾ ਸਾਹਿਬ ‘ਚੋਂ ਗੁਰੂ ਸਾਹਿਬ ਦੇ ਸਰੂਪ ਬੀ.ਐਸ.ਐਫ਼. ਦਾ ਹੀ ਇੱਕ ਮੁਲਾਜ਼ਮ ਚੁੱਕ ਕੇ ਗੰਦੇ ਨਾਲੇ ‘ਚ ਸੁੱਟ ਦਿੰਦਾ ਹੈ। ਬੀ.ਐਸ.ਐਫ਼. ਉਸ ਪਾਪੀ ਨੂੰ ਮਾਨਸਿਕ ਰੋਗੀ ਆਖ਼ ਕੇ ਬਚਾਉਣ ਦਾ ਯਤਨ ਕਰਦੀ ਹੈ। ਸਿੱਖਾਂ ਦੇ ਗੁਰੂ ਦੀ ਬੇਅਦਬੀ ਕਰਨ ਵਾਲਾ ਹਰ ਕੋਈ ਮਾਨਸਿਕ ਰੋਗੀ ਬਣਾ ਦਿੱਤਾ ਜਾਂਦਾ ਹੈ। ਕੀ ਕੋਈ ਮਾਨਸਿਕ ਰੋਗੀ ਸੁਰੱਖਿਆ ਦਸਤਿਆਂ ‘ਚ ਬਤੌਰ ਮੁਲਾਜ਼ਮ ਨੌਕਰੀ ਜਾਰੀ ਰੱਖ ਸਕਦਾ ਹੈ? ਉਹ ਮਾਨਸਿਕ ਰੋਗੀ ਆਪਣੇ ਸਾਥੀਆਂ ਨੂੰ ਕੋਈ ਨੁਕਸਾਨ ਕਿਉਂ ਨਹੀਂ ਪਹੁੰਚਾਉਦਾ? ਇਹ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਹੀ ਕਿਉਂ ਨਿਸ਼ਾਨਾ ਬਣਾਉਦਾ ਹੈ? ਗੁਰਦੁਆਰਾ ਸਾਹਿਬ ਦੇ ਨੇੜੇ ਹੀ ਬੀ.ਐਸ.ਐਫ਼. ਦੇ ਅਧਿਕਾਰਿਤ ਖੇਤਰ ‘ਚ ਮੰਦਿਰ ਵੀ ਸਥਿਤ ਹੈ ਅਤੇ ਮੰਦਿਰ ‘ਚ ਮੂਰਤੀਆਂ ਵੀ ਮੌਜੂਦ ਹਨ, ਮਾਨਸਿਕ ਰੋਗੀ ਦਾ ਧਿਆਨ ਉਧਰ ਕਿਉਂ ਨਹੀਂ ਗਿਆ? ਆਖ਼ਰ ਦੇਸ਼ ਦੀ ਇੱਕ ਭਰੋਸੇਯੋਗ ਤੇ ਮਜ਼ਬੂਤ ਸੁਰੱਖਿਆ ਏਜੰਸੀ ਦੇ ਅਧਿਕਾਰਿਤ ਖੇਤਰ ‘ਚ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਿਵੇਂ ਹੋ ਗਈ? ਜੇ ਹੋ ਗਈ ਸੀ ਤਾਂ ਉਸਨੂੰ ਲਕੋਣ ਦਾ ਯਤਨ ਕਿਉਂ ਕੀਤਾ ਗਿਆ? ਬੀ.ਐਸ.ਐਫ਼. ਵਾਲਿਆਂ ਨੇ ਮਥਰਾ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ‘ਤੇ ਘਟਨਾ ਨੂੰ ਦਬਾ ਲੈਣ ਲਈ ਦਬਾਅ ਕਿਉਂ ਪਾਇਆ? ਦੂਜੀ ਘਟਨਾ ‘ਚ ਮਹਾਂਰਾਸ਼ਟਰ ‘ਚ ਸਕੂਲੀ ਕਿਤਾਬਾਂ ‘ਚ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ‘ਅੱਤਵਾਦੀ’ ਲਿਖੇ ਜਾਣ ਨੂੰ ਸਹੀ ਠਹਿਰਾਇਆ ਗਿਆ ਹੈ।
ਮਹਾਂਰਾਸ਼ਟਰ ਸਰਕਾਰ ਦੇ ਸਿੱਖਿਆ ਵਿਭਾਗ ਨੇ ਅਦਾਲਤ ‘ਚ ਦਿੱਤੇ ਹਲਫ਼ੀਆ ਬਿਆਨ ‘ਚ ਪਟੀਸ਼ਨਰ ਵੱਲੋਂ ਪੁੱਛੇ ਇਸ ਸੁਆਲ ਦਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਿਰੁੱਧ ਦੇਸ਼ ਦੇ ਕਿਸੇ ਵੀ ਥਾਣੇ ‘ਚ ਕੋਈ ਅਪਰਾਧਿਕ ਪਰਚਾ ਦਰਜ਼ ਨਹੀਂ, ਫ਼ਿਰ ਉਨਾਂ ਨੂੰ ‘ਅੱਤਵਾਦੀ’ ਕਿਵੇਂ ਗਰਦਾਨਿਆ ਜਾ ਸਕਦਾ ਹੈ? ਇਸ ਠੋਸ ਦਲੀਲ ਦਾ ਕੋਈ ਜਵਾਬ ਦੇਣ ਦੀ ਥਾਂ ਮਹਾਂਰਾਸ਼ਟਰ ਸਰਕਾਰ ਸਿਰਫ਼ ਇਹ ਆਖ਼ਦੀ ਹੈ ਕਿ ਹੁਣ ਲੱਖਾਂ ਦੀ ਗਿਣਤੀ ‘ਚ ਕਿਤਾਬਾਂ ਛਾਪ ਕੇ ਵੰਡੀਆਂ ਜਾ ਚੁੱਕੀਆਂ ਹਨ, ਹੁਣ ਉਨਾਂ ਨੂੰ ਵਾਪਸ ਲੈਣਾ ਸੰਭਵ ਨਹੀਂ ਹੈ? ਜਿਵੇਂ ਅਸੀਂ ਉਪਰ ਲਿਖਿਆ ਸੀ ਕਿ ਇਸ ਦੇਸ਼ ‘ਚ ਅੱਜ ਸਿੱਖਾਂ ਨੂੰ ਸਿਰਫ਼ ‘ਅੱਤਵਾਦ’ ਦੀ ਐਨਕ ਤੋਂ ਹੀ ਦੇਖਿਆ ਜਾਂਦਾ ਹੈ। ਉਨਾਂ ਦੀਆਂ ਇਸ ਦੇਸ਼ ਪ੍ਰਤੀ ਕੁਰਬਾਨੀਆਂ ਨੂੰ ਕੋਈ ਯਾਦ ਨਹੀਂ ਰੱਖਦਾ, ਕੋਈ ਚੇਤੇ ਨਹੀਂ ਕਰਦਾ, ਨਾ ਹੀ ਉਹ ਕਿਸੇ ਸਕੂਲੀ ਕਿਤਾਬ ਦਾ ਹਿੱਸਾ ਬਣਦੀਆਂ ਹਨ। ਜਦੋਂ ਸਿੱਖ ਕੌਮ ਪ੍ਰਤੀ ਇਸ ਦੇਸ਼ ਦੀ ਬਹੁਗਿਣਤੀ ਦੀ ਸੋਚ ਹੀ ਗੰਧਲੀ ਹੋ ਚੁੱਕੀ ਹੈ, ਫਿਰ ਇਸ ਗੰਧਲੀ ਸੋਚ ਦੇ ਚੱਲਦਿਆਂ ਇਸ ਦੇਸ਼ ‘ਚ ਸਿੱਖ ਅਜ਼ਾਦੀ ਦਾ ਨਿੱਘ ਕਿਵੇਂ ਮਾਣ ਸਕਦੇ ਹਨ? ਜਿਸ ਦੇਸ਼ ‘ਚ ਨਾ ਸਿੱਖਾਂ ਦੇ ਗੁਰੂ ਸਾਹਿਬ ਸੁਰੱਖਿਅਤ ਹਨ, ਨਾ ਸਿੱਖਾਂ ਲਈ ਇਨਸਫ਼ ਹੈ, ਨਾ ਸਿੱਖਾਂ ਨੂੰ ਇਸ ਦੇਸ਼ ਦੇ ਬਰਾਬਰ ਦੇ ਸ਼ਹਿਰੀ ਮੰਨਿਆ ਜਾਂਦਾ ਹੈ, ਫਿਰ ਇਸ ਸੁਆਲ ਦਾ ਕਿ ਸਿੱਖ ਇਸ ਦੇਸ਼ ‘ਚ ਆਜ਼ਾਦ ਸ਼ਹਿਰੀ ਮੰਨੇ ਜਾਂਦੇ ਹਨ, ਉੱਠਣਾ ਸੁਭਾਵਿਕ ਹੈ। ਨਾ ਕਿਸੇ ਨੇ ਜਵਾਬ ਦੇਣਾ ਹੈ ਅਤੇ ਨਾ ਹੀ ਕਿਸੇ ਸਿੱਖਾਂ ਦੀ ਦੁਹਾਈ ਸੁਣਨੀ ਹੈ। ਫੈਸਲਾ ਕੌਮ ਨੂੰ ਹੀ ਕਰਨਾ ਪੈਣਾ ਹੈ। ਪ੍ਰੰਤੂ ਉਸ ਫੈਸਲੇ ‘ਤੇ ਪਹਿਰਾ ਦੇਣ ਲਈ, ਸੰਘਰਸ਼ ਕਰਨ ਲਈ ਕੌਮ ‘ਚ ਏਕਾ ਜ਼ਰੂਰੀ ਹੈ। ਅਧਿਕਾਰਾਂ ਦੀ ਪ੍ਰਾਪਤੀ ਲਈ ਆਪਣੀ ਤਾਕਤ ਦਾ ਵਿਖਾਵਾ ਤਾਂ ਕਰਨਾ ਹੀ ਪੈਣਾ ਹੈ। ਦੁਸ਼ਮਣ ਤਾਕਤਾਂ ਸ਼ੈਤਾਨ ਹਨ, ਮਕਾਰ ਵੀ ਹਨ, ਸ਼ਕਤੀਸ਼ਾਲੀ ਵੀ ਹਨ। ਇਸ ਲਈ ਉਨਾਂ ਨਾਲ ਲੜਨ ਲਈ ਸਿੱਖੀ ਸਿਧਾਂਤਾਂ ਦੀ ਰੌਸ਼ਨੀ ‘ਚ ਕੌਮੀ ਏਕਤਾ ਬੇਹੱਦ ਜ਼ਰੂਰੀ ਹੈ। ਜਦੋਂ ਅਸੀਂ ਜਾਗ ਪਵਾਂਗੇ, ਉਦੋਂ ਹੀ ਸਵੇਰਾ ਹੋ ਜਾਣਾ ਹੈ, ਨਹੀਂ ਤਾਂ ਫ਼ਿਰ ਹਨੇਰਾ ਹੀ ਹਨੇਰਾ ਤਾਂ ਹੈ ਹੀ।