ਭਾਰਤ ਵਿਚ ਗ਼ਰੀਬ ਅਮੀਰ ਵਿਚ ਨਾਬਰਾਬਰੀ ਦਾ ਪਾੜਾ, ਦੁਨੀਆਂ ਵਿਚ ਸੱਭ ਤੋਂ ਵੱਧ ਹੈ। ਸਾਡੇ ਆਰਥਕ ਮਾਹਰ ਇਸ ਮੁੱਦੇ ਤੇ ਅਪਣੀਆਂ ਟਿਪਣੀਆਂ ਕਰ ਕੇ ਇਸ ਖੋਜ ਨੂੰ ਭਾਰਤ ਵਿਰੁਧ ਪ੍ਰਾਪੇਗੰਡਾ ਦਸਣਗੇ ਜਦਕਿ ਅਫ਼ਸੋਸ ਇਸ ਗੱਲ ਦਾ ਨਹੀਂ ਹੋਣਾ ਚਾਹੀਦਾ ਕਿ ਸਾਡੇ ਬਾਰੇ ਕਿਸੇ ਅੰਤਰਰਾਸ਼ਟਰੀ ਸੰਸਥਾ ਨੇ ਖੋਜ ਕਰ ਕੇ ਸਾਨੂੰ ਸਾਡੀਆਂ ਨੀਤੀਆਂ ਦੀ ਅਸਲੀਅਤ ਵਿਖਾਣੀ ਚਾਹੀ ਹੈ ਬਲਕਿ ਅਫ਼ਸੋਸ ਇਸ ਗੱਲ ਦਾ ਹੋਣਾ ਚਾਹੀਦਾ ਹੈ ਕਿ ਸਾਡੇ ਆਰਥਕ ਪੰਡਤਾਂ ਅਤੇ ਨੀਤੀਘਾੜਿਆਂ ਵਿਚ ਇਕ ਵੀ ਐਸਾ ਹਮਦਰਦ ਇਨਸਾਨ ਨਹੀਂ ਜੋ ਖੜਾ ਹੋ ਕੇ ਆਖ ਸਕੇ ਕੇ ਸਾਡੀਆਂ ਨੀਤੀਆਂ ਭਾਰਤ ਦੇ ਲੋਕਾਂ ਅਤੇ ਦੇਸ਼ ਵਾਸਤੇ ਸਹੀ ਦਿਸ਼ਾ ਨਹੀਂ ਬਣਾ ਰਹੀਆਂ।
ਇਸ ਰੀਪੋਰਟ ਵਿਚ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਪੱਧਰ ਦੀ ਨਾ-ਬਰਾਬਰੀ ਅੱਜ ਹੈ, ਉਹ ਅੰਗਰੇਜ਼ਾਂ ਦੇ ਵਕਤ ਵੀ ਨਹੀਂ ਸੀ। ਉਸ ਵਕਤ ਅੰਗਰੇਜ਼ਾਂ ਨੇ ਭਾਰਤ ਨੂੰ ਗ਼ੁਲਾਮ ਬਣਾਇਆ ਹੋਇਆ ਸੀ ਪਰ ਉਨ੍ਹਾਂ ਦੇ ਵੇਲੇ ਉਪਰਲੇ ਇਕ ਫ਼ੀਸਦੀ ਕੋਲ ਦੇਸ਼ ਦੀ 6% ਦੌਲਤ ਸੀ ਤੇ ਅੱਜ ਦੇ 1ਫ਼ੀਸਦੀ ਅਮੀਰਾਂ ਕੋਲ ਦੇਸ਼ ਦੀ 40% ਫ਼ੀਸਦੀ ਦੌਲਤ ਹੈ। ਦੁਨੀਆਂ ਵਿਚ ਕੋਈ ਵੀ ਵਿਕਾਸ ਕਰਦਾ ਜਾਂ ਵਿਕਾਸਸ਼ੀਲ ਦੇਸ਼ ਅਜਿਹਾ ਨਹੀਂ ਜਿਸ ਵਿਚ ਅਮੀਰਾਂ ਕੋਲ ਦੇਸ਼ ਦੀ ਦੌਲਤ ਦਾ ਏਨਾ ਵੱਡਾ ਹਿੱਸਾ ਹੋਵੇ।
ਪਰ ਅਸੀ ਤਾਂ ਭਾਰਤ ਦਾ ਚੀਨ ਤੋਂ ਅੱਗੇ, ਵੱਡੀਆਂ ਤਾਕਤਾਂ ਨਾਲ ਮੁਕਾਬਲਾ ਕਰਨ ਲਈ ਕਾਹਲੇ ਪਏ ਹੋਏ ਹਾਂ (ਬਿਆਨਬਾਜ਼ੀ ਵਿਚ)। ਕੀ ਇਸ ਮੁਕਾਬਲੇ ਵਿਚ ਸਿਰਫ਼ ਦੇਸ਼ ਦੇ 167 ਪ੍ਰਵਾਰ ਹੀ ਮਾਨਤਾ ਰਖਦੇ ਹਨ ਤੇ ਬਾਕੀ ਦੇ ਕਰੋੜਾਂ ਗ਼ਰੀਬ ਸਿਰਫ਼ ਇਨ੍ਹਾਂ ਦੀ ਚੜ੍ਹਤ ਨੂੰ ਵੇਖ ਕੇ ਖ਼ੁਸ਼ੀ ਨਾਲ ਤਾੜੀਆਂ ਵਜਾਉਣ ਲਈ ਹੀ ਰੱਖੇ ਹੋਏ ਹਨ? ਖ਼ਾਲੀ ਪੇਟ ਵਾਲੇ ਤਾੜੀਆਂ ਕਦ ਤਕ ਮਾਰ ਸਕਣਗੇ?
ਜੇ ਅੱਜ ਸਾਡੀ ਸਰਕਾਰ ਇਨ੍ਹਾਂ 167 ਅਮੀਰ ਪ੍ਰਵਾਰਾਂ ਤੇ 2% ਅਮੀਰੀ ਟੈਕਸ ਲਗਾ ਦੇਵੇ ਤਾਂ ਸਾਡੇ ਕਰੋੜਾਂ ਗ਼ਰੀਬਾਂ ਵਾਸਤੇ ਅਪਣੀ ਆਰਥਕ ਸਥਿਤੀ ਸੁਧਾਰਨ ਦੇ ਰਸਤੇ ਖੁਲ੍ਹ ਸਕਦੇ ਹਨ। ਪਰ ਸਾਡੇ ਨੀਤੀਘਾੜਿਆਂ ਨੇ ਘਰ ਬੈਠੀ ਗ਼ਰੀਬਣੀ ਦੀ ਸਿਲਾਈ ਮਸ਼ੀਨ ਨੂੰ ਵੀ ਜੀ ਐਸ ਟੀ ਲਗਾ ਦਿਤਾ ਹੈ। ਕਿਸਾਨ ਵੀ ਜੀਐਸਟੀ ਭਰਦਾ ਹੈ ਪਰ ਇਨ੍ਹਾਂ ਉਦਯੋਗਿਕ ਘਰਾਣਿਆਂ ਨੂੰ ਟੈਕਸ ਦੀ ਮਾਫ਼ੀ ਮਿਲਦੀ ਹੈ। ਇਨ੍ਹਾਂ ਦੋਹਾਂ ਨੀਤੀਆਂ ਨੇ 2000 ਤੋਂ ਬਾਅਦ ਭਾਰਤ ਵਿਚ ਨਾ-ਬਰਾਬਰੀ ਦੀ ਰਫ਼ਤਾਰ ਨੂੰ ਬੁਲੇਟ ਟ੍ਰੇਨ ਵਾਂਗ ਤੇਜ਼ ਕਰ ਦਿਤਾ ਹੈ।
ਗ਼ਰੀਬ ਅਜਿਹੇ ਚੱਕਰ ਵਿਚ ਫਸਿਆ ਹੈ ਕਿ ਉਹ ਮੁਫ਼ਤ ਆਟਾ-ਦਾਲ, ਮੁਫ਼ਤ ਦਵਾਈਆਂ, ਪੈਨਸ਼ਨਾਂ ਆਦਿ ਦੀ ਲੜਾਈ ਵਿਚ ਫਸਿਆ ਹੋਇਆ ਹੈ ਤੇ ਉਸ ਨੇ ਗ਼ਰੀਬੀ ’ਚੋਂ ਬਾਹਰ ਨਿਕਲਣ ਦੇ ਰਸਤੇ ਬਾਰੇ ਸੋਚਣਾ ਹੀ ਬੰਦ ਕਰ ਦਿਤਾ ਹੈ। ਕਹਿਣ ਨੂੰ ਤਾਂ ਭਾਰਤ ਦੀ ਔਸਤ ਆਮਦਨ ਪਿਛਲੇ ਦੋ ਦਹਾਕਿਆਂ ’ਚ 442 ਡਾਲਰ ਤੋਂ 2389 ਡਾਲਰ ਹੋ ਗਈ ਹੈ ਪਰ 62 ਫ਼ੀਸਦੀ (ਸੂਬਾ ਅਜੇ ਵੀ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਇਨ੍ਹਾਂ ਖੋਜਾਂ ਨੂੰ ਜੇ ਨੀਤੀਘਾੜੇ ਧਿਆਨ ਨਾਲ ਸਮਝ ਕੇ ਅਗਲੀਆਂ ਨੀਤੀਆਂ ਵਿਚ ਤਬਦੀਲੀਆਂ ਤੇ ਗ਼ਰੀਬ ਨਾਲ ਹਮਦਰਦੀ ਨਹੀਂ ਲਿਆਉਣਗੇ ਤਾਂ ਫਿਰ ਨੌਕਰੀਆਂ ਨਹੀਂ ਬਸ ਮੁਫ਼ਤਗੀਰੀ ਨਾਲ ਹੀ ਗੁਜ਼ਾਰਾ ਕਰਨ ਦੀ ਤਿਆਰੀ ਕਰ ਲਉ।- ਨਿਮਰਤ ਕੌਰ