ਏਐਨਆਈ, ਹੈਦਰਾਬਾਦ : ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਇਹ ਹਾਦਸਾ ਕਾਰ ਰਿਪੇਅਰਿੰਗ ਦੌਰਾਨ ਵਾਪਰਿਆ। ਇੱਕ ਗੋਦਾਮ ਵਿੱਚ ਕਾਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਦੋਂ ਨੇੜੇ ਰੱਖੇ ਕੈਮੀਕਲ ਨੂੰ ਅੱਗ ਲੱਗ ਗਈ ਅਤੇ ਇਹ ਹਾਦਸਾ ਵਾਪਰ ਗਿਆ।

ਤਿੰਨ ਲੋਕ ਗੰਭੀਰ ਜ਼ਖ਼ਮੀ

ਕੁਝ ਹੀ ਸਮੇਂ ਵਿੱਚ ਅੱਗ ਨੇ ਆਸਪਾਸ ਦੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਕਈ ਲੋਕ ਇਸ ਦੀ ਲਪੇਟ ਵਿੱਚ ਆ ਗਏ। ਖ਼ਬਰਾਂ ਮੁਤਾਬਕ 6 ਮੌਤਾਂ ਤੋਂ ਇਲਾਵਾ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਡੀਸੀਪੀ ਨੇ ਦਿੱਤੀ ਜਾਣਕਾਰੀ

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਹੈਦਰਾਬਾਦ ਸੈਂਟਰਲ ਜ਼ੋਨ ਦੇ ਡੀਸੀਪੀ ਵੈਂਕਟੇਸ਼ਵਰ ਰਾਓ ਨੇ ਦੱਸਿਆ ਕਿ ਇਹ ਹਾਦਸਾ ਹੈਦਰਾਬਾਦ ਦੇ ਨਾਮਪੱਲੀ ਦੇ ਬਾਜ਼ਾਰਘਾਟ ਵਿੱਚ ਵਾਪਰਿਆ, ਜਿੱਥੇ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਸਥਿਤ ਇੱਕ ਗੋਦਾਮ ਵਿੱਚ ਅੱਗ ਲੱਗ ਗਈ। ਇਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ।

ਬਚਾਅ ਕਾਰਜ ਜਾਰੀ

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਕਾਫੀ ਮਿਹਨਤ ਕਰਨੀ ਪਈ। ਇਸ ਤੋਂ ਇਲਾਵਾ ਅੱਗ ਬੁਝਾਊ ਅਮਲਾ ਨੇੜੇ ਦੀ ਇਮਾਰਤ ‘ਚ ਫਸੇ ਲੋਕਾਂ ਨੂੰ ਬਚਾਉਣ ਦਾ ਕੰਮ ਕਰ ਰਿਹਾ ਹੈ।

ਹਾਦਸੇ ਦਾ ਵੀਡੀਓ ਨਿਊਜ਼ ਏਜੰਸੀ ਏਐਨਆਈ ਨੇ ਜਾਰੀ ਕੀਤਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਫਾਇਰ ਕਰਮਚਾਰੀ ਪੌੜੀਆਂ ਦੀ ਵਰਤੋਂ ਕਰਕੇ ਲੋਕਾਂ ਨੂੰ ਬਚਾ ਰਹੇ ਹਨ।