ਸਟੇਟ ਬਿਊਰੋ, ਮੁੰਬਈ : ਕਾਂਗਰਸ ਪਾਰਟੀ ਨਾਲ ਆਪਣੇ ਪਰਿਵਾਰ ਦਾ 55 ਸਾਲਾਂ ਦਾ ਰਿਸ਼ਤਾ ਖ਼ਤਮ ਕਰ ਦਿਆਂ ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦਿਓੜਾ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸਰਕਾਰੀ ਰਿਹਾਇਸ਼ ‘ਵਰਸ਼ਾ’ ’ਤੇ ਉਨ੍ਹਾਂ ਦੀ ਪਾਰਟੀ ਸ਼ਿਵਸੈਨਾ ’ਚ ਸ਼ਾਮਲ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇਕਰ ਮੇਰੇ ਰਚਨਾਤਮਕ ਤੇ ਸਕਾਰਾਤਮਕ ਸੁਝਾਵਾਂ ਸਮੇਤ ਮੇਰੀ ਯੋਗਤਾ ਤੇ ਸਮਰੱਥਾ ਨੂੰ ਅਹਿਮੀਅਤ ਮਿਲਦੀ ਤਾਂ ਪਾਰਟੀ ਨਾ ਛੱਡਦਾ।

ਕਾਂਗਰਸ ਦੇ ਨਾਲ ਹੀ ਆਪਣੇ ਪਰਿਵਾਰ ਦੇ 55 ਸਾਲ ਪੁਰਾਣੇ ਸਬੰਧ ਦਾ ਜ਼ਿਕਰ ਕਰਦਿਆਂ ਦਿਓੜਾ ਨੇ ਕਿਹਾ ਕਿ ਅੱਜ ਦੀ ਕਾਂਗਰਸ 1968 ਦੀ ਕਾਂਗਰਸ ਨਾਲੋਂ ਬਹੁਤ ਵੱਖਰੀ ਹੈ, ਜਦੋਂ ਮੇਰੇ ਪਿਤਾ ਨੇ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ। ਜੇਕਰ ਕਾਂਗਰਸ ਤੇ ਸ਼ਿਵਸੈਨਾ (ਊਧਵ ਧੜੇ) ਨੇ ਰਚਨਾਤਮਕ ਤੇ ਸਕਾਰਾਤਮਕ ਸੁਝਾਵਾਂ, ਯੋਗਤਾ ਤੇ ਸਮਰੱਥਾ ਨੂੰ ਅਹਿਮੀਅਤ ਦਿੱਤੀ ਹੁੰਦੀ ਤਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਮੈਂ ਅੱਜੇ ਇੱਥੇ ਨਾ ਹੁੰਦੇ। ਮੁੱਖ ਮੰਤਰੀ ਸ਼ਿੰਦੇ ਨੂੰ ਇਕ ਵੱਡਾ ਫ਼ੈਸਲਾ ਲਿਆ ਪਿਆ ਸੀ ਤੇ ਹੁਣ ਮੈਨੂੰ ਵੀ ਇਕ ਵੱਡਾ ਫ਼ੈਸਲਾ ਲੈਣਾ ਪਿਆ ਹੈ।

ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਬਹੁਤ ਭਾਵਨਾਤਮਕ ਦਿਨ ਹੈ। ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਕਾਂਗਰਸ ਛੱਡ ਦੇਵਾਂਗਾ। ਮਿਲਿੰਦ ਨੇ ਕਿਹਾ ਕਿ ਐਤਵਾਰ ਸਵੇਰ ਤੋਂ ਫੋਨ ਆ ਰਹੇ ਹਨ ਕਿ ਮੈਂ ਕਾਂਗਰਸ ਨਾਲ ਆਪਣੇ ਪਰਿਵਾਰ ਦੇ 55 ਸਾਲ ਪੁਰਾਣਾ ਰਿਸ਼ਤਾ ਕਿਉਂ ਖ਼ਤਮ ਕਰ ਦਿੱਤਾ। ਮੈਂ ਉਨ੍ਹਾਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਸਭ ਤੋਂ ਚੁਣੌਤੀ ਪੂਰਨ ਸਮੇਂ ’ਚ ਮੈਂ ਕਾਂਗਰਸ ਦਾ ਵਫ਼ਾਦਾਰ ਰਿਹਾ ਹਾਂ। ਪਰ ਅੱਜ ਕਾਂਗਰਸ ਦੀ ਸਥਿਤੀ ਬਹੁਤ ਖ਼ਰਾਬ ਹੈ।

ਮਿਲਿੰਦ ਨੇ ਕਾਂਗਰਸ ’ਤੇ ਨਕਾਰਾਤਮਕਤਾ, ਨਿੱਜੀ ਹਮਲੇ ਤੇ ਬੇਇਨਸਾਫ਼ੀ ਦੀ ਸਿਆਸਤ ’ਚ ਸ਼ਾਮਿਲ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਹੁਣ ਕਾਂਗਰਸ ਪਾਰਟੀ ਦਾ ਇੱਕੋ ਇਕ ਟੀਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨਾ ਰਹਿ ਗਿਆ ਹੈ। ਉਹ ਉਨ੍ਹਾਂ ਦੇ ਹਰ ਚੰਗੇ ਕੰਮ ਦਾ ਵੀ ਵਿਰੋਧ ਕਰ ਰਹੀ ਹੈ। ਜੇਕਰ ਕਿਸੇ ਦਿਨ ਉਹ ਕਹਿ ਦੇਣ ਕਿ ਕਾਂਗਰਸ ਪਾਰਟੀ ਚੰਗੀ ਤਾਂ ਉਹ ਉਨ੍ਹਾਂ ਦੇ ਇਸ ਕਥਨ ਦਾ ਵੀ ਵਿਰੋਧ ਕਰੇਗੀ।

ਉਨ੍ਹਾਂ ਕਿਹਾ ਕਿ 30 ਸਾਲ ਪਹਿਲਾਂ ਕਾਂਗਰਸ ਨੇ ਜਿਨ੍ਹਾਂ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕੀਤੀ ਸੀ, ਅੱਜ ਉਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਤਾਂ ਉਹ ਉਸ ਦਾ ਵਿਰੋਧ ਕਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਮੈਂ ਵਿਕਾਸ, ਖ਼ਾਹਸ਼ੀ, ਮਿਲੀਜੁਲੀ ਤੇ ਰਾਸ਼ਟਰਵਾਦ ਦੀ ਸਿਆਸਤ ’ਚ ਯਕੀਨ ਰੱਖਦਾ ਹਾਂ।

ਜ਼ਿਕਰਯੋਗ ਹੈ ਕਿ ਦੱਖਣੀ ਮੁੰਬਈ ਤੋਂ ਦੋ ਵਾਰ ਕਾਂਗਰਸ ਦੇ ਸੰਸਦ ਮੈਂਬਰ ਤੇ ਮਨਮੋਹਨ ਸਰਕਾਰ ’ਚ ਕੇਂਦਰੀ ਮੰਤਰੀ ਰਹੇ ਮਿਲਿੰਦ ਦਿਓੜਾ ਨੇ ਐਤਵਾਰ ਸਵੇਰੇ ਹੀ ਆਪਣੇ ਐਕਸ ਅਕਾਊਂਟ ’ਤੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਦੀ ਜਾਣਕਾਰੀ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਰਵਾਇਤੀ ਦੱਖਣੀ ਮੁੰਬਈ ਦੀ ਸੀਟ ਸ਼ਿਵਸੈਨਾ ਊਧਵ ਠਾਕਰੇ ਦੇ ਹਿੱਸੇ ’ਚ ਜਾਣ ਦੀ ਸੰਭਾਵਨਾ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਹੈ।

ਭਗਵਾ ਝੰਡਾ ਦੇ ਕੇ ਸ਼ਿੰਦੇ ਨੇ ਕੀਤਾ ਸਵਾਗਤ

ਸੈਂਕੜੇ ਵਰਕਰਾਂ ਨਾਲ ਸ਼ਿਵਸੈਨਾ ਸ਼ਿੰਦੇ ਧੜੇ ’ਚ ਸ਼ਾਮਿਲ ਹੋਣ ’ਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਉਨ੍ਹਾਂ ਨੂੰ ਭਗਵਾ ਗਮਛਾ ਪਹਿਨਾ ਕੇ ਤੇ ਹੱਥ ’ਚ ਭਗਵਾ ਝੰਡਾ ਹੱਥ ’ਚ ਦੇ ਕੇ ਸ਼ਿਵਸੈਨਾ ’ਚ ਮਿਲਿੰਦ ਦਿਓੜਾ ਦਾ ਸਵਾਗਤ ਕੀਤਾ। ਸ਼ਿੰਦੇ ਨੇ ਕਿਹਾ ਕਿ ਇਹੋ ਜਿਹੇ ਸਿੱਖਿਅਤ, ਸੁਸੰਸਕ੍ਰਿਤ ਯੁਵਾ ਨੇਤਾ ਦੇ ਆਉਣ ਨਾਲ ਪਾਰਟੀ ਮਜ਼ਬੂਤ ਹੋਵੇਗੀ ਤੇ ਅਸੀਂ ਸਾਰੇ ਮਿਲ ਕੇ ਮੁੰਬਈ ਤੇ ਮਹਾਰਾਸ਼ਟਰ ਦਾ ਵਿਕਾਸ ਕਰ ਸਕਾਂਗੇ।