ਜਾਸ, ਸ੍ਰੀਨਗਰ : ਉਪ ਰਾਜਪਾਲ ਮਨੋਜ ਸਿਨਹਾ ਨੇ ਵੀਰਵਾਰ ਨੂੰ ਕਿਹਾ ਕਿ ਸ਼ਾਂਤੀ ਦੇ ਰਾਹ ’ਤੇ ਅੱਗੇ ਵਧ ਰਿਹਾ ਜੰਮੂ ਕਸ਼ਮੀਰ ਤੇਜ਼ੀ ਨਾਲ ਤਰੱਕੀ ਦੀਆਂ ਉਚਾਈਆਂ ਛੋਹ ਰਿਹਾ ਹੈ। ਪ੍ਰਸ਼ਾਸਨ ਸੂਬੇ ਦੇ ਲੋਕਾਂ ਨੂੰ ਹਰ ਸਹੂਲਤ ਮੁਹਈਆ ਕਰਵਾਉਣ ਲਈ ਗੰਭੀਰਤਾ ਨਾਲ ਯਤਨਸ਼ੀਲ ਹੈ। ਬਡਗਾਮ ’ਚ ਕਸ਼ਮੀਰ ਦੀ ਪਹਿਲੀ ਵਿਸਟਾਡੋਮ ਰੇਲ ਸੇਵਾ ਦਾ ਉਦਘਾਟਨ ਕਰਨ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਉਪ ਰਾਜਪਾਲ ਨੇ ਕਿਹਾ ਕਿ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਵਿਸਟਾਡੋਮ ਨਾ ਸਿਰਫ਼ ਬਨਿਹਾਲ ਤੋਂ ਬਾਰਾਮੁਲਾ ਤੱਕ ਉਪਲਬਧ ਕਰਵਾਈ ਜਾਵੇ ਬਲਕਿ ਇਸ ਤਰ੍ਹਾਂ ਦੀਆਂ ਸੇਵਾਵਾਂ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਮੁਹਈਆ ਕਰਵਾਉਣ ਦੀ ਰੂਪਰੇਖਾ ਤੈਅ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਲੋਕ ਇਸ ਤਰ੍ਹਾਂ ਦੀਆਂ ਆਧੁਨਿਕ ਰੇਲ ਸੇਵਾਵਾਂ ਦਾ ਲਾਭ ਉਠਾਉਣਗੇ।

ਜ਼ਿਕਰਯੋਗ ਹੈ ਕਿ ਕਸ਼ਮੀਰ ਤੱਕ ਰੇਲ ਲੈ ਕੇ ਜਾਣ ਲਈ ਉਧਮਪੁਰ-ਬਨਿਹਾਲ-ਬਾਰਾਮੁਲਾ ਰੇਲ ਲਿੰਕ ਪ੍ਰਾਜੈਕਟ ਦਾ ਕੰਮ ਵੀ ਜਾਰੀ ਹੈ। ਉਧਮਪੁਰ ਤੋਂ ਬਨਿਹਾਲ ਤੱਕ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਦਕਿ ਇਸ ਤੋਂ ਅੱਗੇ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਤੱਕ ਰੇਲ ਗੱਡੀ ਚੱਲਦੀ ਹੈ। ਉਧਮਪੁਰ ਤੋਂ ਬਿਨਹਾਲ ਤੱਕ ਵੀ ਜ਼ਿਆਦਾਤਰ ਹਿੱਸੇ ’ਚ ਕੰਮ ਪੂਰਾ ਹੋ ਚੁੱਕਾ ਹੈ। ਅਗਲੇ ਸਾਲ ਤੱਕ ਇਹ ਰੇਲ ਪ੍ਰਾਜੈਕਟ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉੱਥੇ ਹੀ ਉੱਤਰ ਰੇਲਵੇ ਨੇ ਕਸ਼ਮੀਰ ’ਚ ਰੇਲ ਸਹੂਲਤਾਂ ਵਧਾਉਣ ਲਈ ਪਹਿਲੇ ਪੜਾਅ ’ਚ ਬਨਿਹਾਲ ਤੋਂ ਬਡਗਾਮ ਤੱਕ ਵਿਸਟਾਡੋਮ ਸ਼ੁਰੂ ਕੀਤਾ ਹੈ। ਦੂਜੇ ਪੜਾਅ ’ਚ ਇਹ ਸੇਵਾ ਬਨਿਹਾਲ ਤੋਂ ਬਾਰਾਮੁਲਾ ਤੱਕ ਉਪਲਬਧ ਹੋਵੇਗੀ।

ਬਡਗਾਮ ’ਚ ਵਿਸਟਾਡੋਮ ਦਾ ਜ਼ਿਕਰ ਕਰਦੇ ਹੋਏ ਉਪ ਰਾਜਪਾਲ ਨੇ ਕਿਹਾ ਕਿ ਇਹ ਸੇਵਾ ਨਾ ਸਿਰਫ਼ ਸਥਾਨਕ ਲੋਕਾਂ ਬਲਕਿ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਵੀ ਕਾਫ਼ੀ ਲਾਭਦਾਇਕ ਹੋਵੇਗੀ। ਬਡਗਾਮ ਤੋਂ ਬਨਿਹਾਲ ਤੱਕ ਦਾ 110 ਕਿਲੋਮੀਟਰ ਤੱਕ ਦਾ ਸਫ਼ਰ ਯਾਤਰੀ ਇਸ ਕੋਚ ’ਚ ਨਾ ਸਿਰਫ਼ ਘੱਟ ਸਮੇਂ ’ਚ ਤੈਅ ਕਰ ਸਕਦੇ ਹਨ ਬਲਕਿ ਉਹ ਇੱਥੋਂ ਦੇ ਅਦਭੁਤ ਨਜ਼ਾਰਿਆਂ ਦਾ ਵੀ ਭਰਪੂਰ ਲੁਤਫ਼ ਲੈ ਸਕਦੇ ਹਨ। ਉਪ ਰਾਜਪਾਲ ਨੇ ਕਿਹਾ ਕਿ ਇਸ ਸੇਵਾ ਨਾਲ ਬਡਗਾਮ, ਕਾਜ਼ੀਗੁੰਡ ਤੇ ਬਨਿਹਾਲ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਸਾਧਨ ਮੁਹਈਆ ਹੋਣਗੇ।

ਇਸ ਸਾਲ ਢਾਈ ਕਰੋੜ ਸੈਲਾਨੀ ਆਉਣ ਦੀ ਉਮੀਦ

ਉਪ ਰਾਜਪਾਲ ਨੇ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਸਾਲ ਜੀ-20 ਸਿਖਰ ਸੰਮੇਲਨ ਤੋਂ ਬਾਅਦ ਵਾਦੀ ’ਚ ਦੇਸ਼ੀ ਸੈਲਾਨੀਆਂ ਨਾਲ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵੀ ਵਧੀ ਹੈ। ਪਿਛਲੇ ਸਾਲ 1.88 ਕਰੋੜ ਸੈਲਾਨੀਆਂ ਨੇ ਇੱਥੋਂ ਦਾ ਰੁਖ਼ ਕੀਤਾ ਤੇ ਇਸ ਸਾਲ 30 ਸਤੰਬਰ ਤੱਕ ਇੱਥੇ 1.70 ਕਰੋੜ ਸੈਲਾਨੀ ਆ ਚੁੱਕੇ ਹਨ। ਸਾਲ ਦੇ ਅਖ਼ੀਰ ਤੱਕ ਸੂਬੇ ’ਚ ਢਾਈ ਕਰੋੜ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਉਪ ਰਾਜਪਾਲ ਨੇ ਕਿਹਾ ਕਿ ਸੂਬੇ ਨੂੰ ਤਰੱਕੀ ਤੇ ਵਿਕਾਸ ਦੇ ਰਾਹ ’ਤੇ ਅੱਗੇ ਲੈ ਕੇ ਜਾਣ ’ਚ ਸਭ ਤੋਂ ਵੱਡੀ ਭੂਮਿਕਾ ਇੱਥੋਂ ਦੇ ਨੌਜਵਾਨ ਨਿਭਾਅ ਰਹੇ ਹਨ। ਇੱਥੇ ਕਾਇਮ ਸ਼ਾਂਤੀ ਤੇ ਤਰੱਕੀ ਲੀ ਨੌਜਵਾਨ ਹੀ ਸਭ ਤੋਂ ਅੱਗੇ ਹਨ। ਪ੍ਰਸ਼ਾਸਨ ਨੌਜਵਾਨਾਂ ਦੇ ਇਸ ਜਜ਼ਬੇ ਨੂੰ ਸਲਾਮ ਕਰਦਾ ਹੈ। ਇਸ ਮੌਕੇ ’ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੁਕ ਅਬਦੁੱਲਾ ਵੀ ਮੌਜੂਦ ਰਹੇ।