ਸਟਾਫ ਰਿਪੋਰਟਰ, ਰੂਪਨਗਰ : ਬੀਤੇ ਦਿਨੀਂ ਭਰਤਗੜ੍ਹ ਪੁਲਿਸ ਵੱਲੋਂ ਜੰਗਲਾਤ ਵਿਭਾਗ ਰੂਪਨਗਰ ਦੀ ਸ਼ਿਕਾਇਤ ‘ਤੇ ਦਰਜ ਕਰਵਾਏ ਪਰਚੇ ਵਿੱਚ ਨਾਮਜ਼ਦ ਕੀਤੇ ਦੋ ਸਟੋਨ ਕਰੈਸ਼ਰਾਂ ਦੇ ਪ੍ਰਬੰਧਕਾਂ ਨੇ ਉਨ੍ਹਾਂ ਦਾ ਨਾਂ ਐੱਫਆਈਆਰ ਵਿੱਚ ਦਰਜ ਕੀਤੇ ਜਾਣ ‘ਤੇ ਸਖਤ ਇਤਰਾਜ਼ ਜਤਾਇਆ ਹੈ। ਗੱਲਬਾਤ ਕਰਦਿਆਂ ਕੈਪਟਨ ਸਟੋਨ ਕਰੱਸ਼ਰ ਐਂਡ ਸਕ੍ਰੀਨਿੰਗ ਪਲਾਂਟ ਦੀਵਾੜੀ ਦੇ ਮੈਨੇਜਰ ਸੋਹਣ ਸਿੰਘ ਅਤੇ ਸੇਰਾ ਸਕਰੀਨਿੰਗ ਪਲਾਂਟ ਐਂਡ ਸਟੋਨ ਕਰੱਸ਼ਰ ਮੰਗੂਵਾਲ ਦੇ ਮੈਨੇਜਰ ਸਫੀ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ‘ਤੇ ਦਰਜ ਹੋਏ ਪਰਚੇ ਵਿੱਚ ਬਿਲਕੁਲ ਝੂਠੇ ਤੇ ਮਨਘੜਤ ਦੋਸ਼ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਦਰਜ ਹੋਏ ਪਰਚੇ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਵਿਅਕਤੀ ਮਨਪ੍ਰਰੀਤ ਸਿੰਘ ਵਾਸੀ ਦੀਵਾੜੀ ਤੋਂ ਉਨ੍ਹਾਂ ਨੇ ਪਿਛਲੇ ਲਗਪਗ 20-25 ਦਿਨਾਂ ਤੋਂ ਕੋਈ ਕੱਚਾ ਮਾਲ ਨਹੀਂ ਖਰੀਦਿਆ ਹੈ, ਜਿਸ ਦੀ ਜਾਂਚ ਉਨ੍ਹਾਂ ਦੇ ਕਰੈਸ਼ਰਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਵੀ ਕੀਤੀ ਜਾ ਸਕਦੀ ਹੈ। ਕੈਪਟਨ ਸਟੋਨ ਦੇ ਮੈਨੇਜਰ ਸੋਹਣ ਸਿੰਘ ਨੇ ਦੱਸਿਆ ਕਿ 20 ਦਿਨਾਂ ਤੋਂ ਉਨ੍ਹਾਂ ਦੇ ਕਰੱਸ਼ਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਸ਼ੇਰਾ ਸਕ੍ਰੀਨਿੰਗ ਪਲਾਂਟ ਦੇ ਮੈਨੇਜਰ ਸਫੀ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਦੇ ਸਟੋਨ ਕਰੱਸ਼ਰ ਤੇ ਖਣਨ ਵਿਭਾਗ ਵੱਲੋਂ ਲਾਏ ਗਏ ਇੰਟਰਸਟੇਟ ਨਾਕੇ ਦੇ ਮੁਲਾਜ਼ਮ 24 ਘੰਟੇ ਤਾਇਨਾਤ ਰਹਿੰਦੇ ਹਨ।

ਉਨ੍ਹਾਂ ਐੱਸਐੱਸਪੀ ਰੂਪਨਗਰ ਅਤੇ ਜ਼ਿਲ੍ਹਾ ਜੰਗਲਾਤ ਅਫਸਰ ਤੋਂ ਮੰਗ ਕੀਤੀ ਕਿ ਇਸ ਪਰਚੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ ਝੂਠਾ ਪਰਚਾ ਦਰਜ ਕਰਵਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮੁੱਖ ਮੁਲਜ਼ਮ ਨਾਮਜ਼ਦ ਕੀਤੇ ਗਏ ਨੌਜਵਾਨ ਮਨਪ੍ਰਰੀਤ ਸਿੰਘ ਦੇ ਪਿਤਾ ਬਾਬੂ ਰਾਮ ਨੇ ਵੀ ਆਪਣੇ ਪੁੱਤਰ ਨੂੰ ਬੇਕਸੂਰ ਦੱਸਦਿਆਂ ਪਰਚੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਭਰਤਗੜ੍ਹ ਪੁਲਿਸ ਨੇ ਇਕ ਵਿਅਕਤੀ ਮਨਪ੍ਰਰੀਤ ਸਿੰਘ ਅਤੇ ਦੋ ਸਟੋਨ ਕਰੈਸ਼ਰਾਂ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਨੂੰ ਪਰਚੇ ਵਿੱਚ ਨਾਮਜ਼ਦ ਕੀਤਾ ਹੈ।