ਯੋਗੇਸ਼ ਸ਼ਰਮਾ, ਭਦੌੜ

ਲਗਭਗ ਡੇਢ ਮਹੀਨਾ ਪਹਿਲਾਂ ਏਜੰਟਾਂ ਦੇ ਮੱਕੜ ਜਾਲ ‘ਚ ਫਸ ਕੇ ਕਸਬਾ ਭਦੌੜ ਦੀ ਨੂੰਹ ਜਸਪਾਲ ਕੌਰ ਪਤਨੀ ਬੀਰਬਲ ਸਿੰਘ ਵਾਸੀ ਸੂਏ ਵਾਲਾ ਵਿਹੜਾ ਭਦੌੜ ਓਮਾਨ (ਮਸਕਟ) ਵਿਖੇ ਗਈ ਸੀ। ਜਸਪਾਲ ਕੌਰ ਨੇ ਪਿਛਲੇ ਦਿਨੀਂ ਓਮਾਨ (ਮਸਕਟ) ਤੋਂ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਕੇ ਗੁਹਾਰ ਲਾਈ ਸੀ ਕਿ ਏਜੰਟਾਂ ਨੇ ਉਸਨੂੰ ਇੱਥੇ ਫਸਾ ਦਿੱਤਾ ਹੈ, ਉਸਨੂੰ ਇੱਥੋਂ ਕੱਿਢਆ ਜਾਵੇ ਤੇ ਉਸ ਨੂੰ ਆਪਣੇ ਪਰਿਵਾਰ ‘ਚ ਭੇਜਿਆ ਜਾਵੇ। ਜਿਸ ਦਾ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਕੌਮੀ ਪ੍ਰਧਾਨ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਧਿਆਨ ‘ਚ ਇਹ ਮਾਮਲਾ ਪਾਰਟੀ ਦੇ ਕੌਮੀ ਕਾਰਜਕਾਰਨੀ ਮੈਂਬਰ ਭਾਈ ਓਂਕਾਰ ਸਿੰਘ ਬਰਾੜ ਨੇ ਲਿਆਂਦਾ, ਜਿਸ ‘ਤੇ ਤੁਰੰਤ ਐਕਸ਼ਨ ਲੈਂਦਿਆਂ ਸਿਮਰਨਜੀਤ ਸਿੰਘ ਮਾਨ ਨੇ ਮਸਕਟ ‘ਚ ਸੰਪਰਕ ਕਾਇਮ ਕਰ ਕੇ ਉੱਥੇ ਫਸੀ ਅੌਰਤ ਨੂੰ ਘਰ ਭੇਜਣ ਦੀਆਂ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਬੀਬੀ ਜਸਪਾਲ ਕੌਰ ਹੁਣ ਆਪਣੇ ਪਰਿਵਾਰ ‘ਚ ਪੁੱਜੀ ਹੈ।

ਇਸ ਮੌਕੇ ਜਸਪਾਲ ਕੌਰ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਓਂਕਾਰ ਸਿੰਘ ਬਰਾੜ ਦਾ ਧੰਨਵਾਦ ਕਰਦਿਆਂ ਕਿਹਾ ਅਸੀਂ ਇਨਾਂ੍ਹ ਦੇ ਸਦਾ ਰਿਣੀ ਰਹਾਂਗੇ। ਬੀਬੀ ਜਸਪਾਲ ਕੌਰ ਨੇ ਆਪਣੀ ਦਰਦ ਭਰੀ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਏਜੰਟ ਨੇ ਮੈਨੂੰ ਕੁਵੈਤ ਭੇਜਣ ਦਾ ਵਾਅਦਾ ਕੀਤਾ ਸੀ ਤੇ ਮੈਨੂੰ ਘਰੇਲੂ ਕੰਮ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਉਸਨੂੰ ਓਮਾਨ (ਮਸਕਟ) ‘ਚ ਭੇਜ ਕੇ ਫਸਾ ਦਿੱਤਾ ਗਿਆ ਕਿਉਂਕਿ ਉੱਥੇ ਕੋਈ ਵੀ ਘਰੇਲੂ ਕੰਮ ਨਹੀਂ ਸੀ, ਸਗੋਂ ਸਾਨੂੰ ਗਲਤ ਕੰਮ ਕਰਵਾਉਣ ਲਈ ਮਜਬੂਰ ਕਰਦੇ ਸਨ ਪਰੰਤੂ ਉਹ ਇਸ ਦਲਦਲ ‘ਚ ਨਹੀਂ ਫਸਣਾ ਚਾਹੁੰਦੀ ਸੀ। ਉਸ ਨੂੰ ਖਾਣ-ਪੀਣ ਲਈ ਵੀ ਕੁਝ ਨਹੀਂ ਦਿੱਤਾ ਜਾਂਦਾ ਸੀ ਉਸ ਨੇ ਦੱਸਿਆ ਕਿ ਮੈਂ ਭੁੱਖੇ-ਪਿਆਸੇ ਰਹਿ ਕੇ ਟਾਈਮ ਟਪਾਇਆ।

ਬੀਬੀ ਜਸਪਾਲ ਕੌਰ ਨੇ ਦੱਸਿਆ ਕਿ ਤੰਗ ਹੋ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਅਪਲੋਡ ਕੀਤੀ ਜਿਸ ਉਪਰੰਤ ਐੱਮਪੀ ਸਿਮਰਨਜੀਤ ਸਿੰਘ ਮਾਨ, ਕਾਰਜਕਾਰਨੀ ਮੈਂਬਰ ਭਾਈ ਬਰਾੜ ਤੇ ਕੁਲਦੀਪ ਸਿੰਘ ਗਿੱਲ ਜੰਗੀਆਣਾ ਨੇ ਉਸਨੂੰ ਇਸ ਦਲਦਲ ‘ਚੋਂ ਬਾਹਰ ਕੱਿਢਆ, ਜਿਸ ਸਦਕਾ ਉਹ ਆਪਣੇ ਪਰਿਵਾਰ ਨੂੰ ਮਿਲ ਸਕੀ ਤੇ ਉਸਨੂੰ ਨਵੀਂ ਜ਼ਿੰਦਗੀ ਮਿਲੀ, ਜਿਨਾਂ੍ਹ ਦੀ ਉਹ ਸਦਾ ਰਿਣੀ ਰਹੇਗੀ।

ਬੀਬੀ ਜਸਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਕੁਵੈਤ ਜਾਣ ਲਈ ਲੇਡੀ ਏਜੰਟ ਨੂੰ ਡੇਢ ਲੱਖ ਰੁਪਏ ਦਿੱਤੇ ਸਨ, ਪਰ ਉਸ ਲੇਡੀ ਏਜੰਟ ਨੇ ਉਸ ਨਾਲ ਧੋਖਾ ਕੀਤਾ। ਉਨਾਂ੍ਹ ਲੇਡੀ ਏਜੰਟ ਖ਼ਿਲਾਫ਼ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ। ਉਨਾਂ੍ਹ ਲੋਕਾਂ ਨੂੰ ਅਪੀਲ ਕੀਤੀ ਕਿ ਠੱਗ ਏਜੰਟ ਆਪਣਾ ਵਿੱਤੀ ਅਤੇ ਮਾਨਸਿਕ ਨੁਕਸਾਨ ਨਾ ਕਰਵਾਉਣ। ਇਸ ਮੌਕੇ ਭਾਈ ਓਂਕਾਰ ਸਿੰਘ ਬਰਾੜ, ਗੁਰਮੇਲ ਸਿੰਘ ਗੇਲੀ ਤੇ ਜਸਪਾਲ ਕੌਰ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।