ਜਾ.ਸ, ਰਾਜੌਰੀ : ਪੁਣਛ ’ਚ ਵੀਰਵਾਰ ਨੂੰ ਫ਼ੌਜੀ ਵਾਹਨਾਂ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸ਼ੁੱਕਰਵਾਰ ਨੂੰ ਫ਼ੌਜ, ਪੁਲਿਸ ਤੇ ਹੋਰ ਸੁਰੱਖਿਆ ਦਸਤਿਆਂ ਵੱਲੋਂ ਅੱਤਵਾਦੀਆਂ ਦੀ ਭਾਲ ਵਿਚ ਵਿਆਪਕ ਕਾਰਵਾਈ ਜਾਰੀ ਰਹੀ। ਸੁਰੱਖਿਆ ਏਜੰਸੀਆਂ ਨੇ ਸ਼ੱਕ ਦੇ ਆਧਾਰ ’ਤੇ ਵਾਰਦਾਤ ਵਾਲੀ ਥਾਂ ਨੇੜਿਓਂ 30 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਐੱਨਆਈਏ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਸਬੂਤ ਇਕੱਠੇ ਕਰਨ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ। ਫ਼ੌਜ ਦੀ 16ਵੀਂ ਕੋਰ ਦੇ ਜੀਓਸੀ ਲੈਫਟੀਨੈੱਟ ਜਨਰਲ ਸੰਦੀਪ ਜੈਨ ਤੇ ਜੰਮੂ-ਕਸ਼ਮੀਰ ਪੁਲਿਸ ਦੇ ਡੀਜੀਪੀ ਆਰਆਰ ਸਵੈਨ ਨੇ ਪੁਣਛ ’ਚ ਫ਼ੌਜੀ ਤੇ ਪੁਲਿਸ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜ਼ਾ ਲਿਆ।

ਦੱਸਣਯੋਗ ਹੈ ਕਿ ਵੀਰਵਾਰ ਨੂੰ ਬਫਲਿਆਜ਼ ਦੇ ਟੋਪਾ ਪੀਰ ਖੇਤਰ ਵਿਚ ਅੱਤਵਾਦੀਆਂ ਨੇ ਗਸ਼ਤ ’ਤੇ ਨਿਕਲੇ ਫ਼ੌਜ ਦੇ ਦੋ ਵਾਹਨਾਂ ’ਤੇ ਘਾਤ ਲਗਾ ਕੇ ਹਮਲਾ ਕੀਤਾ ਸੀ। ਇਸ ਵਿਚ ਚਾਰ ਜਵਾਨ ਸ਼ਹੀਦ ਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ ਸਨ। ਇਸ ਹਮਲੇ ਤੋਂ ਬਾਅਦ ਅੱਤਵਾਦੀ ਡੇਰੇ ਦੀ ਗਲੀ-ਬਫਲਿਆਜ਼ ਮਾਰਗ ’ਤੇ ਸੰਘਣੇ ਜੰਗਲ ’ਚ ਭੱਜ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਦੋ ਜਵਾਨਾਂ ਦੀ ਦੇਹ ਮਾੜੀ ਹਾਲਤ ’ਚ ਪਈਆਂ ਹਨ, ਹਾਲਾਂਕਿ ਇਸਦੀ ਹਾਲੇ ਪੁਸ਼ਟੀ ਨਹੀਂ ਹੋਈ।

ਇਸ ਦੌਰਾਨ ਸ਼ੁੱਕਰਵਾਰ ਨੂੰ ਐੱਸਪੀ ਰੈਂਕ ਦੇ ਇਕ ਅਧਿਕਾਰੀ ਦੀ ਅਗਵਾਈ ’ਚ ਐੱਨਆਈਏ ਦੀ ਟੀਮ ਟੋਪਾ ਪੀਰ ਖੇਤਰ ’ਚ ਪਹੁੰਚੀ। ਟੀਮ ਨੇ ਸਬੂਤ ਇਕੱਠੇ ਕਰਨ ਤੋਂ ਬਾਅਦ ਫ਼ੌਜ ਤੇ ਪੁਲਿਸ ਦੇ ਅਧਿਕਾਰੀਆਂ ਨਾਲ ਇਸ ਹਮਲੇ ਨੂੰ ਲੈ ਕੇ ਲੰਬੀ ਚਰਚਾ ਸ਼ੁਰੂ ਕੀਤੀ। ਦੇਰ ਸ਼ਾਮ ਨੂੰ ਟੀਮ ਘਟਨਾ ਵਾਲੀ ਥਾਂ ਤੋਂ ਨਿਕਲ ਕੇ ਸੁਰਨਕੋਟ ਪਹੁੰਚੀ। ਇੱਥੇ ਐੱਨਆਈਏ ਦੀ ਟੀਮ ਕੁਝ ਦਿਨ ਰੁਕੇਗੀ ਤੇ ਜਾਂਚ ਦਾ ਦਾਇਰਾ ਅੱਗੇ ਵਧਾਏਗੀ। ਇਸ ਤੋਂ ਪਹਿਲਾਂ ਇਸੇ ਸਾਲ ਇਕ ਜਨਵਰੀ ਨੂੰ ਰਾਜੌਰੀ ਦੇ ਢਾਂਗਰੀ ’ਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਐੱਨਆਈਏ ਕਰ ਰਹੀ ਹੈ। ਇਸ ਹਮਲੇ ’ਚ ਸੱਤ ਲੋਕਾਂ ਦੀ ਮੌਤ ਹੋ ਗਈ ਸੀ।