ਪੱਤਰ ਪ੍ਰੇਰਕ, ਐਡਮਿੰਟਨ : ਕੈਨੇਡਾ ਦੇ ਮੈਟਰੋਪਾਲੀਟਨ ਸਿਟੀ ਟੋਰਾਂਟੋ ਤੇ ਵੈਨਕੂਵਰ ਤੋਂ ਬਾਅਦ ਹੁਣ ਅਲਬਰਟਾ ਦੇ ਸ਼ਹਿਰ ਐਡਮਿੰਟਨ ਵਿਚ ਵੀ ਕਾਰੋਬਾਰੀ ਲੋਕਾਂ ਨੂੰ ਫਿਰੌਤੀ ਲਈ ਧਮਕੀ ਪੱਤਰ, ਫੋਨ ਕਾਲਾਂ ਆ ਰਹੀਆਂ ਹਨ। ਇਸੇ ਤਰ੍ਹਾਂ ਕਾਰੋਬਾਰੀਆਂ ਨੂੰ ਡਰਾਉਣ ਲਈ ਗੋਲੀਆਂ ਚਲਾਉਣ, ਘਰਾਂ ਨੂੰ ਅੱਗਾਂ ਲਗਾਉਣ ਤੇ ਹੋਰ ਜਾਇਦਾਦਾਂ ਨੂੰ ਨੁਕਸਾਨ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਐਡਮਿੰਟਨ ਪੁਲਿਸ ਨੇ ਪਿਛਲੇ ਕੁਝ ਦਿਨਾਂ ਵਿਚ ਵਾਪਰੀਆਂ ਅਜਿਹੀਆਂ ਘਟਨਾਵਾਂ ਦੇ ਸਬੰਧ ਵਿਚ ਕੁਝ ਸ਼ੱਕੀ ਅਨਸਰਾਂ ਨੂੰ ਗਿ੍ਰਫਤਾਰ ਕੀਤਾ ਤੇ ਜਾਂਚ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਗੋਲੀਬਾਰੀ ਤੇ ਅੱਗਜ਼ਨੀ ਦੇ ਮਾਮਲੇ ਵਿਚ ਛੇ ਵਿਅਕਤੀਆਂ ’ਤੇ ਦੋਸ਼ ਆਇਦ ਕੀਤੇ ਜਾ ਚੁੱਕੇ ਹਨ। 20 ਸਾਲਾ ਨੌਜਵਾਨ ਨੂੰ 19 ਅਕਤੂਬਰ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਤੇ ਉਸ ਨੂੰ ਹਥਿਆਰਾਂ ਨਾਲ ਸਬੰਧਤ 12 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 19 ਦਸੰਬਰ ਨੂੰ 18-ਸਾਲ ਅਤੇ 19-ਸਾਲ ਦੇ ਨੌਜਵਾਨ ’ਤੇ ਅੱਗਜ਼ਨੀ ਨਾਲ ਸਬੰਧਤ ਦੋਸ਼ ਲਾਏ ਗਏ ਸਨ। 30 ਦਸੰਬਰ ਨੂੰ ਇਕ 19 ਸਾਲਾ ਨੌਜਵਾਨ ’ਤੇ ਹਥਿਆਰਾਂ ਨਾਲ ਸਬੰਧਤ ਪੰਜ ਦੋਸ਼ ਲਾਏ ਗਏ ਸਨ। ਫੜੇ ਗਏ ਨੌਜਵਾਨਾਂ ਵਿਚ 20 ਸਾਲਾ ਪਰਮਿੰਦਰ ਸਿੰਘ, 18 ਸਾਲਾ ਹਸਨ ਡੈਂਬਿਲ, ਮਾਨਵ ਹੀਰ, ਰਵਿੰਦਰ ਸੰਧੂ, ਅਰਜੁਨ ਤੇ ਇਕ ਅਣਪਛਾਤਾ ਅਨਸਰ ਹੈ, ਸਾਰੇ ਜਣੇ 18-19 ਸਾਲ ਦੇ ਨੌਜਵਾਨ ਹਨ।

ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀ ਇਸ ਵੇਲੇ ਅਕਤੂਬਰ ਤੋਂ ਲੈ ਕੇ ਹੁਣ ਤੱਕ ਜਬਰਨ ਵਸੂਲੀ ਦੀਆਂ 18 ਘਟਨਾਵਾਂ ਦੀ ਜਾਂਚ ਕਰ ਰਹੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਸ਼ੱਕੀ ਵਿਅਕਤੀਆਂ ਨੇ ਵਟਸਐਪ ਦੀ ਵਰਤੋਂ ਕਰ ਕੇ ਕੈਨੇਡਾ ਵਿਚ ਵੱਸਦੇ ਦੱਖਣੀ ਏਸ਼ਿਆਈ ਵਪਾਰਕ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਹੈ। ਧਮਕੀ ਦੇਣ ਵਾਲੇ ਹੁਣ ਪੀੜਤਾਂ ਨੂੰ ਟੈਕਸਟ ਜਾਂ ਕਾਲ ਕਰਦੇ ਤੇ ਪੈਸੇ ਦੀ ਮੰਗ ਕਰਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ ਵਿਚ ਸ਼ੱਕੀਆਂ ਨੂੰ ਪੀੜਤ ਦੀ ਨਿੱਜੀ ਜਾਣਕਾਰੀ, ਜਿਵੇਂ ਕਿ ਪਰਿਵਾਰਕ ਮੈਂਬਰ, ਵਾਹਨ ਤੇ ਉਨ੍ਹਾਂ ਦੇ ਰੋਜ਼ਾਨਾ ਦੇ ਕਾਰ ਵਿਹਾਰ ਦੀ ਜਾਣਕਾਰੀ ਪਹਿਲਾਂ ਤੋਂ ਸੀ। ਪੁਲਿਸ ਨੇ ਵੇਖਿਆ ਕਿ ਜਦੋਂ ਕੋਈ ਕਾਰੋਬਾਰੀ ਜਬਰੀ ਰਕਮ ਦਾ ਭੁਗਤਾਨ ਨਹੀਂ ਕਰਦਾ ਤਾਂ ਇਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲਈ ਅੱਗ ਲਗਾਈ ਗਈ। ਪੁਲਿਸ ਮੁਤਾਬਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦਾ ਮਕਸਦ ਡਰਾਉਣਾ ਤੇ ਜਬਰੀ ਵਸੂਲੀ ਲਈ ਦਬਾਅ ਪਾਉਣਾ ਹੈ।