ਡਾ: ਸੰਜੀਵ ਆਹਲੂਵਾਲੀਆ – ਵਿਕਟੋਰੀਆ ( ਬੀ ਸੀ) ਕੈਨੇਡਾ – (250) 881-4261
ਗੱਲ ਮੇਰੇ ਪੀਏ ਯੂ ਲੁਧਿਆਣਾ ਚ ਪੀ.ਐਚ.ਡੀ. ਕਰਨ ਵੇਲੇ ਦੀ ਹੈ…ਸੰਦੀਪ ਮੇਰੇ ਹੋਸਟਲ ਚ’ ਰਹਿੰਦਾ ਸੀ…ਉਹ ਵੀ ਪੀ.ਐਚ.ਡੀ. ਕਰ ਰਿਹਾ ਸੀ…ਮੇਰੇ ਤੋਂ ਦੋ ਕੁ ਸਾਲ ਪਿੱਛੇ। ਪੀ.ਐਚ.ਡੀ. ਦਾ ਵਿਸ਼ਾ ਮੇਰੇ ਨਾਲੋਂ ਵੱਖ ਸੀ…ਪਰ ਸ਼ਾਮ ਨੂੰ ਅਸੀਂ ਅਕਸਰ ਇੱਕਠੇ ਹੋ ਜਾਈਦਾ ਸੀ…
ਮੇਰੇ ਕਮਰੇ ਚ’ ਲੱਗੀ ਰੌਣਕ ਦਾ ਸੰਦੀਪ ਵੀ ਹਿੱਸਾ ਹੁੰਦਾ ਸੀ…ਸੰਦੀਪ ਨੂੰ ਬਾਹਰ ਜਾਣ ਦੀ ਬਹੁਤ ਤਾਂਘ ਸੀ…ਉਹ ਵਿਆਹ ਕਰਵਾ ਕੇ ਕੈਨੇਡਾ ਆਉਣਾ ਚਾਹੁੰਦਾ ਸੀ…ਤੇ ਸੰਜੋਗ ਨਾਲ ਉਹਨੂੰ ਵਧੀਆ ਰਿਸ਼ਤਾ ਵੀ ਲੱਭ ਗਿਆ…ਕੁੜੀ ਕੈਨੇਡਾ ਦੀ ਸਿਟੀਜ਼ਨ ਸੀ…ਸੰਦੀਪ ਦੀ ਮੰਗਣੀ ਹੋ ਗਈ ਤੇ ਸੰਦੀਪ ਦੀ ਮੰਗੇਤਰ ਨੇ ਉਸ ਨੂੰ ਕੈਨੇਡਾ ਮੰਗਵਾਉਣ ਲਈ ਜਲਦੀ ਹੀ ਕੇਸ ਵੀ ਲਾ ਦਿੱਤਾ ਸੀ…
ਸੰਦੀਪ ਬਹੁਤ ਖੁਸ਼ ਰਹਿੰਦਾ ਸੀ…ਉਹਦੀ ਕੋਸ਼ਿਸ਼ ਸੀ ਕੇ ਉਹ ਛੇਤੀ ਛੇਤੀ ਆਪਣੀ ਪੀ.ਐਚ.ਡੀ. ਪੂਰੀ ਕਰੇ ਤੇ ਕੈਨੇਡਾ ਪਹੁੰਚੇ…ਸੰਦੀਪ ਦਾ ਇੱਕ ਹੋਰ ਦੋਸਤ ਵੀ ਕੈਨੇਡਾ ਮੰਗਿਆ ਹੋਇਆ ਸੀ…ਦੋਵੇਂ ਜਦੋਂ ਕਾਮਨ ਰੂਮ ਚ’ ਇੱਕਠੇ ਬੈਠੇ ਟੀ.ਵੀ. ਦੇਖਦੇ ਹੁੰਦੇ ਤਾਂ ਬਾਹਰਲੀ ਵੱਡੀ ਕਾਰ ਦੇਖ ਕੇ ਸੰਦੀਪ ਕਈ ਵੇਰ ਆਪਣੇ ਦੋਸਤ ਨੂੰ ਕਹਿੰਦਾ…*ਦੇਖੀਂ ਕੈਨੇਡਾ ਜਾ ਕੇ ਤੇਰੇ ਵੀਰ ਨੇਂ ਵੀ ਐਦਾਂ ਦੀ ਹੀ ਗੱਡੀ ਲੈਣੀਂ*…ਹੱਸ ਖੇਡ ਕੇ ਵਧੀਆ ਦਿਨ ਲੰਘ ਰਹੇ ਸੀ।
ਇੱਕ ਵਾਰੀ ਸ਼ਨੀਵਾਰ ਨੂੰ ਸਬੱਬ ਨਾਲ ਮੈਂ ਤੇ ਸੰਦੀਪ ਦੋਵੇਂ ਹੋਸਟਲ ਚ’ ਕੱਲੇ ਸੀ…ਸਾਡੇ ਗਰੁੱਪ ਦੇ ਬਾਕੀ ਮਿੱਤਰ ਆਪਣੇ ਆਪਣੇ ਘਰੀਂ ਗਏ ਹੋਏ ਸੀ…ਸ਼ਾਮ ਵੇਲੇ ਆਪਣੀ ਲੈਬੋਰਟਰੀ ਚੋਂ ਵਾਪਸ ਆ ਕੇ ਮੈਂ ਆਪਣੇ ਕਮਰੇ ਚ’ ਸੁਸਤਾ ਰਿਹਾ ਸੀ ਕਿ ਸੰਦੀਪ ਵੀ ਆਪਣਾ ਕੰਮ ਨਬੇੜ ਕੇ ਮੇਰੇ ਕਮਰੇ ਚ’ ਆ ਗਿਆ…ਗਰਮੀਆਂ ਦੀ ਸ਼ਾਮ ਸੀ…ਬਾਹਰ ਨਰਮ ਨਰਮ ਹਵਾ ਦੇ ਬੁੱਲੇ ਵਗ ਰਹੇ ਸੀ…ਮੌਸਮ ਕਾਫੀ ਵਧੀਆ ਸੀ…
ਸਾਡਾ ਪ੍ਰੋਗਰਾਮ ਬਣ ਗਿਆ ਕੇ ਬਾਬਾ ਚਿਕਨ ਦੇ ਡਿਨਰ ਕੀਤਾ ਜਾਵੇ…
ਬਾਬਾ ਚਿਕਨ ਉਹਨੀਂ ਦਿਨੀਂ ਕਾਫੀ ਮਸ਼ਹੂਰ ਹੁੰਦਾ ਸੀ…ਸ਼ਾਮ ਨੂੰ ਕਾਫੀ ਭੀੜ ਲੱਗੀ ਰਹਿੰਦੀ ਸੀ…ਖੁੱਲ੍ਹੇ ਚੌੜੇ ਆਲੇ ਦੁਆਲੇ ਚ’ ਲੋਕ ਤਰ੍ਹਾਂ ਤਰ੍ਹਾਂ ਦੇ ਨਾਨ-ਵੇਜ ਖਾਣਿਆਂ ਦਾ ਆਨੰਦ ਮਾਣਦੇ…ਖਾਣ ਦੇ ਨਾਲ ਨਾਲ ਪੈੱਗ ਵੀ ਬਗੈਰ ਕਿਸੇ ਰੋਕ ਟੋਕ ਤੋਂ ਚਲਦੇ ਸੀ…ਸਾਡੀ ਵੀ ਕੁਝ ਇਹੋ ਜਿਹੀ ਸਕੀਮ ਸੀ…ਬਾਬਾ ਚਿਕਨ ਦਾ ਮਾਲਿਕ ਵੀ ਸਾਡਾ ਚੰਗੀ ਤਰ੍ਹਾਂ ਵਾਕਿਫ ਸੀ…ਬਹੁਤ ਵਾਰੀ ਇਥੇ ਮਹਿਫ਼ਿਲ ਲਾ ਲਈਦੀ ਸੀ।
ਸਾਡੇ ਪਹੁੰਚਦੇ ਸਾਰ ਬਾਬਾ ਚਿਕਨ ਦੇ ਵੇਟਰ ਸਾਨੂੰ ਚੰਗੀ ਸਰਵਿਸ ਮੁੱਹਈਆ ਕਰਦੇ…ਸਾਡਾ ਪੂਰਾ ਖ਼ਿਆਲ ਰੱਖਦੇ…
ਉਸ ਦਿਨ ਵੀ ਅਸੀਂ ਖਾ ਪੀ ਕੇ ਵਾਪਿਸ ਯੂਨੀਵਰਸਿਟੀ ਨੂੰ ਚਾਲੇ ਪਾਉਣ ਹੀ ਲੱਗੇ ਹੀ ਸੀ ਕਿ ਸਾਡਾ ਇੱਕ ਹੋਰ ਗੂੜ੍ਹਾ ਮਿੱਤਰ ਉਥੇ ਪਹੁੰਚ ਗਿਆ…ਉਹ ਚੰਡੀਗੜ੍ਹ ਪੰਜਾਬ ਸਰਕਾਰ ਚ’ ਸੀਨੀਅਰ ਅਫਸਰ ਸੀ…ਉਹਦੀ ਰਿਹਾਇਸ਼ ਲੁਧਿਆਣੇ ਸੀ…ਉਹ ਪਹਿਲਾਂ ਮੈਨੂੰ ਲੱਭਣ ਹੋਸਟਲ ਗਿਆ ਤੇ ਉਥੇ ਮੈਨੂੰ ਗੈਰ ਹਾਜ਼ਰ ਦੇਖ…ਅੰਦਾਜ਼ਾ ਲਾ ਕੇ ਬਾਬਾ ਚਿਕਨ ਤੇ ਹੀ ਆ ਗਿਆ। ਉਹਦੇ ਆਉਣ ਨਾਲ ਮਹਿਫ਼ਿਲ ਹੋਰ ਲੰਬੀ ਹੋ ਗਈ….
ਵਾਪਿਸ ਮੁੜਨ ਵੇਲੇ ਅਸੀਂ ਦੋਵੇਂ ਆਪਣੇ ਮੋਟਰਸਾਈਕਲ ਤੇ ਹੋ ਗਏ…ਸਾਡਾ ਮਿੱਤਰ ਆਪਣੀ ਕਾਰ ਤੇ ਸੀ। ਸਰੂਰ ਤੇ ਰੁਮਕਦੀ ਹਵਾ ਦੀ ਮਸਤੀ ਆਪਣਾ ਅਸਰ ਦਿਖਾ ਰਹੀ ਸੀ…ਮੈਂ ਮੋਟਰਸਾਈਕਲ ਚਲਾ ਰਿਹਾ ਸੀ…ਯਾਮਹਾ ਦਾ ਨਵਾਂ ਮਾਡਲ…ਸੰਦੀਪ ਪਿੱਛੇ ਬੈਠਾ ਕਹਿੰਦਾ’…*ਡਾਕਟਰ ਸਾਹਿਬ ਸੁਣਿਐ ਇਹਦੀ ਪਿਕਅਪ ਬਹੁਤ ਹੈ…ਦਿਖਾਉ ਜ਼ਰਾ ਭਜਾ ਕੇ…
ਪੀ ਏ ਯੂ ਚ ਇਹ ਰਿਵਾਜ਼ ਹੈ ਬਈ ਬੀ.ਐਸ.ਸੀ. ਕਰਨ ਵਾਲੇ ਨੂੰ ਵੀ ਉਥੇ ਕੰਮ ਕਰਨ ਵਾਲੇ ਸਹਾਇਕ ਅਮਲੇ ਵਾਲੇ ਡਾਕਟਰ ਸਾਹਿਬ ਕਹਿ ਕੇ ਹੀ ਸੱਦਦੇ ਨੇ ਤੇ ਪੀ.ਐਚ.ਡੀ. ਕਰਦਿਆਂ ਤਾਂ ਫੇਰ ਡਾ. ਸਾਬ ਜਾਇਜ਼ ਹੀ ਹੋ ਜਾਂਦਾ ਹੈ।
ਮੈਂ ਕਿਹਾ ਲੈ ਦੇਖ ਫੇਰ…ਤੇ ਸਪੀਡ ਚੁੱਕ ਦਿੱਤੀ…ਪੂਰੀ… ਇੱਕ ਮਾਰੂਤੀ ਕਾਰ ਨੂੰ ਓਵਰਟੇਕ ਕੀਤਾ। ਉਹ ਕਾਰ ਵਾਲਾ ਖੁੰਦਕ ਖਾ ਗਿਆ….ਉਹਨੇ ਵੀ ਕਾਰ ਬਰਾਬਰ ਭਜਾ ਲਈ…ਰੇਸ ਹਾਲੇ ਥੋੜੀ ਦੇਰ ਹੀ ਚੱਲੀ ਸੀ ਕਿ ਮੈਨੂੰ ਆਪਣੇ ਪਾਸੇ ਸੜਕ ਤੇ ਰੇਤਾ ਪਿਆ ਦਿਸਿਆ। ਮੈਂ ਪੂਰੀ ਕੋਸ਼ਿਸ਼ ਕੀਤੀ ਕੇ ਬ੍ਰੇਕ ਲੱਗ ਜਾਣ ਤੇ ਮੋਟਰਸਾਈਕਲ ਰੇਤੇ ਤੇ ਨਾ ਚੜ੍ਹੇ…ਪਰ ਕਿਥੇ…? ਮੋਟਰਸਾਈਕਲ ਬਹੁਤ ਤੇਜ਼ ਸੀ ਤੇ ਰੇਤੇ ਤੇ ਚੜ੍ਹ ਹੀ ਗਿਆ…
ਬੱਸ ਰੇਤ ਤੇ ਚੜ੍ਹਨ ਸਾਰ ਹੀ ਮੋਟਰਸਾਈਕਲ ਸਾਡੇ ਥਲੋਂ ਨਿੱਕਲ ਗਿਆ…ਸੜਕ ਤੇ ਮੋਟਰਸਾਈਕਲ ਸਾਡੇ ਤੋਂ ਅੱਗੇ ਘਿਸੜੇ ਤੇ ਅਸੀਂ ਦੋਵੇਂ ਉਹਦੇ ਪਿੱਛੇ…ਚੰਗੀਆਂ ਰਗੜਾਂ ਲੱਗੀਆਂ…
ਸ਼ੁਕਰ ਰੱਬ ਦਾ….ਸਾਡਾ ਚੰਡੀਗੜ੍ਹ ਵਾਲਾ ਮਿੱਤਰ ਸਾਡੇ ਪਿੱਛੇ ਸੀ ਤੇ ਉਹ ਸਾਨੂੰ ਕਾਰ ਚ’ ਪਾ…ਫਟਾ ਫਟ ਡੀ. ਐਮ.ਸੀ. ਐਮਰਜੈਂਸੀ ਚ’ ਲੈ ਗਿਆ…ਉਥੇ ਸਾਡੇ ਕਈ ਅਸਲੀ ਡਾਕਟਰ ਮਿੱਤਰ ਪਹੁੰਚ ਗਏ… ਮਰਹਮ ਪੱਟੀ ਹੋਈ…ਮੇਰੇ ਸੱਟਾਂ ਘੱਟ ਲੱਗੀਆਂ ਪਰ ਸੰਦੀਪ ਕਾਫੀ ਛਿੱਲਿਆ ਗਿਆ ਸੀ…ਕੂਹਣੀਆਂ, ਗੋਡੇ, ਨੱਕ, ਮੱਥਾ…ਕਈ ਥਾਂ ਤੋਂ ਰਗੜਾਂ ਕਾਫੀ ਡੂੰਘੀਆਂ ਸੀ…
ਸੰਦੀਪ ਨੂੰ ਦੋ ਕੁ ਮਹੀਨੇਂ ਲੱਗ ਗਏ ਸੀ…ਠੀਕ ਹੁੰਦਿਆਂ…ਕਾਫੀ ਦੇਰ ਉਹ ਕਾਲਜ ਨਾ ਜਾ ਸਕਿਆ…ਇੱਕ ਦਿਨ ਗੱਲਾਂ ਕਰਦਿਆਂ ਉਹਤੋਂ ਪੁੱਛਿਆ ਕਿ ਕੀ ਉਹਨੇ ਆਪਣੀ ਮੰਗੇਤਰ ਨੂੰ ਐਕਸੀਡੈਂਟ ਬਾਰੇ ਦੱਸ ਦਿੱਤਾ…ਤਾਂ ਉਹ ਹੱਸ ਕੇ ਕਹਿੰਦਾ, *ਮੈਂ ਪਿੰਕੀ ਨੂੰ ਸੱਚਾਈ ਨਹੀਂ ਦੱਸੀ…ਮੈਂ ਉਹਨੂੰ ਦੱਸਿਆ ਕੇ ਮੇਰਾ ਲੈਬ ਚ’ ਕੋਈ ਐਕਸੀਡੈਂਟ ਹੋਇਆ ਸੀ ਤੇ ਮੇਰੇ ਸੱਟਾਂ ਲੱਗ ਗਈਆਂ…ਜੇ ਉਹਨੂੰ ਸੱਚਾਈ ਪਤਾ ਲੱਗਦੀ ਤਾਂ ਉਹਨੇਂ ਗੁੱਸਾ ਕਰਨਾ ਸੀ*…ਗੱਲ ਆਈ ਗਈ ਹੋ ਗਈ…ਸੰਦੀਪ ਦੀਆਂ ਸੱਟਾਂ ਹੁਣ ਕਾਫੀ ਠੀਕ ਹੋ ਗਈਆਂ ਸੀ…
ਕੁਝ ਦਿਨਾਂ ਬਾਅਦ ਦੀ ਗੱਲ ਹੈ…ਮੇਰੇ ਕਮਰੇ ਚ’ ਦੁੱਸਰ ਦੀ ਬਾਜ਼ੀ ਲੱਗ ਰਹੀ ਸੀ…ਸੰਦੀਪ ਵੀ ਖੇਡ ਰਿਹਾ ਸੀ…ਮੈਨੂੰ ਵਿਚੋਂ ਉੱਠ ਕੇ ਕਿਸੇ ਕੰਮ ਜਾਣਾ ਪੈਣਾਂ ਸੀ…ਕਿਸੇ ਦੋਸਤ ਦੇ ਆਫ਼ਿਸ…ਮੈਂ ਆਪਣੇਂ ਇੱਕ ਹੋਰ ਮਿੱਤਰ ਨੂੰ ਨਾਲ ਲਿਆ ਤੇ ਅਸੀਂ ਮਿਲਣ ਵਾਲੀ ਥਾਂ ਪਹੁੰਚ ਗਏ…ਉਥੇ ਜਾ ਕੇ ਸਾਨੂੰ ਇੰਤਜ਼ਾਰ ਕਰਨਾ ਪੈ ਗਿਆ…ਜਿਹਨੂੰ ਮਿਲਣਾ ਸੀ ਉਹ ਲੇਟ ਸੀ…
ਵਿਹਲੇ ਬੈਠੇ ਅਸੀਂ ਬੋਰ ਹੋ ਰਹੇ ਸੀ…ਗੱਲ ਐਕਸੀਡੈਂਟ ਦੀ ਚੱਲ ਪਈ ਤੇ ਨਾਲ ਹੀ ਸੰਦੀਪ ਦੀ…ਮੈਨੂੰ ਇੱਕ ਸ਼ਰਾਰਤ ਸੁੱਝੀ…ਮੈਂ ਆਪਣੇਂ ਮਿੱਤਰ ਨੂੰ ਕਿਹਾ ਕਿ ਚੱਲ ਇੱਕ ਸ਼ੁਗਲ ਕਰੀਏ… ਉਹਨੂੰ ਮੈਂ ਸਾਰੀ ਗੱਲ ਸਮਝ ਦਿੱਤੀ ਕਿ ਸੰਦੀਪ ਨੇ ਆਪਣੀਂ ਮੰਗੇਤਰ ਨੂੰ ਐਕਸੀਡੈਂਟ ਬਾਰੇ ਸੱਚ ਨਹੀਂ ਦੱਸਿਆ…ਮੈਨੂੰ ਹੋਰ ਵੀ ਯਾਦ ਆਇਆ ਕਿ ਸੰਦੀਪ ਆਪਣੇ ਹੋਣ ਵਾਲੇ ਸਾਲੇ ਤੋਂ ਬੜਾ ਘਾਬਰਦਾ ਜਿਹਾ ਸੀ ਆਪਣੇ ਮੰਗਣੇ ਵੇਲੇ…ਉਹਦਾ ਹੋਣ ਵਾਲਾ ਸਾਲਾ ਕਾਫੀ ਸਖ਼ਤ ਜਾਪਦਾ ਸੀ…ਉਹਦੀ ਦਿੱਖ ਤੇ ਬੋਲ ਖਰਵੇਂ ਜਿਹੇ ਲੱਗੇ ਸੀ…
ਮੈਂ ਆਪਣੇਂ ਮਿੱਤਰ ਨੂੰ ਕਿਹਾ ਕਿ ਆਪਾਂ ਹੋਸਟਲ ਫੋਨ ਕਰਦੇ ਹਨ ਤੇ ਤੂੰ ਸੰਦੀਪ ਨਾਲ ਗੱਲ ਕਰੀਂ…ਉਹਦਾ ਸਾਲਾ ਬਣ ਕੇ…ਉਹਨੂੰ ਚੰਗੀ ਤਰ੍ਹਾਂ ਘੂਰੀਂ ਬਈ ਕਿ ਪਿੰਕੀ ਨੂੰ ਉਹਦੇ ਝੂਠ ਦਾ ਪਤਾ ਲੱਗ ਗਿਆ ਤੇ ਉਹ ਹੁਣ ਬਹੁਤ ਨਾਰਾਜ਼ ਹੈ…ਅਸੀਂ ਹੋਸਟਲ ਫੋਨ ਕੀਤਾ ਤੇ ਚੌਂਕੀਦਾਰ ਨੂੰ ਕਿਹਾ ਕੇ ਉਹ ਮੇਰੇ ਕਮਰੇ ਚ’ ਜਾ ਕੇ ਸੰਦੀਪ ਨੂੰ ਬੁਲਾ ਲਿਆਵੇ…ਚੌਂਕੀਦਾਰ ਨੂੰ ਸਖ਼ਤ ਤਾਕੀਦ ਕਰ ਦਿੱਤੀ ਕਿ ਉਹ ਮੇਰੇ ਬਾਰੇ ਹਰਗਿਜ਼ ਨਾ ਦੱਸੇ…ਸਿਰਫ ਇਹ ਦੱਸੇ ਕਿ ਉਹਦਾ ਕੈਨੇਡਾ ਤੋਂ ਫੋਨ ਆਇਆ ਹੈ…
ਥੋੜੀ ਦੇਰ ਬਾਅਦ ਸੰਦੀਪ ਦੂਜੇ ਪਾਸੇ ਲਾਈਨ ਤੇ ਆ ਗਿਆ…ਆਉੰਦੇ ਸਾਰ ਬਗੈਰ ਪੁੱਛੇ…
ਬੱਸ ਆਪਣਾ ਅੰਦਾਜ਼ਾ ਲਾ ਕੇ ਕਹਿੰਦਾ…” ਸਾਸਰੀਕਾਲ ਭਾਜੀ*…
ਇਧਰੋਂ ਮਿੱਤਰ ਕਹਿੰਦਾ…
ਥੋੜੇ ਔਖੇ ਤੇ ਖ਼ਰਵੇ ਲਹਿਜੇ ਚ’…*
ਸਾਸਰੀਕਾਲ ਭਾਈ…ਹੋਰ ਸੁਣਾ ਤੇਰਾ ਕੀ ਹਾਲ ਹੈ…?ਸੱਟਾਂ ਠੀਕ ਹੋ ਗਈਆਂ*…
ਅੱਗੋਂ ਸੰਦੀਪ ਬੜੇ ਮਿੱਠੇ ਅੰਦਾਜ਼ ਚ’…*ਹਾਂ ਜੀ ਭਾਜੀ ਹੁਣ ਤਾਂ ਪੂਰੀਆਂ ਠੀਕ ਹੋ ਗਈਆਂ…ਹੁਣ ਤਾਂ ਕਾਲਜ ਵੀ ਜਾਣ ਲੱਗ ਗਿਆ*…
ਮਿੱਤਰ ਕਹਿੰਦਾ…* ਚੱਲ ਚੰਗੀ ਗੱਲ ਹੈ…ਪਰ ਤੂੰ ਤਾਂ ਬੰਦਾ ਬੜਾ ਝੂਠਾ ਨਿਕਲਿਆ …ਤੂੰ ਪਿੰਕੀ ਨੂੰ ਦੱਸਿਆ ਸੀ ਕਿ ਤੇਰੇ ਸੱਟਾਂ ਲੈਬ ਚੋਂ ਲੱਗੀਆਂ…ਪਰ ਸਾਨੂੰ ਤਾਂ ਕੱਲ ਪਤਾ ਲੱਗਿਆ ਕਿ ਤੇਰੇ ਸੱਟਾਂ ਤਾਂ ਅਸਲ ਚ’ ਲੱਗੀਆਂ…ਸ਼ਰਾਬ ਪੀ ਕੇ ਮੋਟਰਸਾਈਕਲ ਦੀਆਂ ਰੇਸਾਂ ਲੌਂਦਿਆਂ…
ਕੱਲ੍ਹ ਤੇਰੀ ਯੂਨੀਵਰਸਿਟੀ ਦਾ ਕੋਈ ਮੁੰਡਾ ਸਾਡੇ ਸ਼ਹਿਰ ਆਇਆ…ਉਹ ਮਿਲਿਆ ਸੀ ਤੇ ਉਹਤੋਂ ਸਾਨੂੰ ਸਾਰੀ ਸੱਚਾਈ ਪਤਾ ਲੱਗੀ*…
ਦੂਜੇ ਪਾਸੋਂ ਚੁੱਪ ਛਾ ਗਈ…ਸੰਦੀਪ ਨੂੰ ਸ਼ਾਇਦ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਜਵਾਬ ਦੇਵੇ…ਰੋਣਹਾਕਾ ਹੋ ਕੇ ਕਹਿੰਦਾ…*ਭਾਜੀ ਮੁਆਫ਼ ਕਰ ਦਿਓ…ਬਹੁਤ ਵੱਡੀ ਗ਼ਲਤੀ ਹੋ ਗਈ…ਪਲੀਜ਼ ਪਿੰਕੀ ਨੂੰ ਇਹਦੇ ਬਾਰੇ ਨਾ ਦੱਸਿਓਂ*…
ਮੇਰਾ ਮਿੱਤਰ ਅੱਗੋਂ ਹੋਰ ਗੁੱਸਾ ਦਿਖਾਉਂਦਿਆਂ ਕਹਿੰਦਾ…*ਪਿੰਕੀ ਨੂੰ ਤਾਂ ਜਦੋਂ ਦੀ ਆਹ ਗੱਲ ਪਤਾ ਲੱਗੀ ਹੈ…ਉਹ ਤਾਂ ਰੋ ਰੋ ਬੇਹਾਲ ਹੋਈ ਪਈ ਐ…
ਕਹਿੰਦੀ ਮੈਂ ਨਹੀਂ ਏਦਾਂ ਦੇ ਝੂਠੇ ਬੰਦੇ ਨਾਲ ਵਿਆਹ ਕਰਾਉਣਾ…ਏਦਾਂ ਦੇ ਬੰਦੇ ਤੇ ਕੋਈ ਕਿੱਦਾਂ ਵਿਸ਼ਵਾਸ਼ ਕਰ ਸਕਦਾ*…
ਸੰਦੀਪ ਤਾਂ ਬਸ ਹਾੜੇ ਹੀ ਕੱਢਣ ਲੱਗ ਗਿਆ…*ਭਾਜੀ ਇਸ ਵਾਰੀ ਮੁਆਫ਼ੀ ਦੁਆ ਦਿਓ…ਅੱਗੋਂ ਨਹੀਂ ਕਦੇ ਇਹੋ ਜਿਹੀ ਗ਼ਲਤੀ ਕਰਦਾ…ਪਿੰਕੀ ਨੂੰ ਪਲੀਜ਼ ਮਨਾ ਲਓ…ਤੁਹਾਡੀ ਗੱਲ ਨਹੀਂ ਟਾਲਦੀ…ਰੱਬ ਦਾ ਵਾਸਤਾ…ਐਤਕੀਂ ਗਲਤੀ ਹੋ ਗਈ…ਅੱਗੋਂ ਨਹੀਂ ਹੁੰਦੀ….ਜਿਹਦੀ ਮਰਜ਼ੀ ਸਹੁੰ ਖੁਆ ਦਿਓ*…
ਸਾਡਾ ਤਾਂ ਹਾਸਾ ਰੋਕਦਿਆਂ ਦਾ ਮਾੜਾ ਹਾਲ ਹੋ ਗਿਆ ਸੀ…ਮੇਰਾ ਮਿੱਤਰ ਕਹਿੰਦਾ…*ਚੱਲ ਇਸ ਵਾਰੀ ਤੈਨੂੰ ਮੁਆਫ਼ ਕੀਤਾ…ਪਰ ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖੀਂ ਕੇ ਦੁਬਾਰਾ ਝੂਠ ਨਾ ਬੋਲੇਂ*….
*ਨਹੀਂ ਭਾਜੀ…ਅੱਗੇ ਤੋਂ ਇਸ ਗੱਲ ਦਾ ਪੂਰਾ ਖਿਆਲ ਰਖੂੰਗਾ*…ਸੰਦੀਪ ਮਿੰਨਤਾਂ ਪਾ ਰਿਹਾ ਸੀ…
ਫੋਨ ਬੰਦ ਕਰ ਕੇ ਅਸੀਂ ਹੱਸ ਹੱਸ ਦੂਹਰੇ ਹੋ ਗਏ…ਕੰਮ ਨਬੇੜ ਕੇ ਵਾਪਿਸ ਹੋਸਟਲ ਪਹੁੰਚੇ ਤਾਂ ਹਾਲੇ ਦੁੱਸਰ ਦੀ ਬਾਜ਼ੀ ਚੱਲ ਰਹੀ ਸੀ…ਜ਼ੋਰਾਂ ਸ਼ੋਰਾਂ ਨਾਲ…ਸੰਦੀਪ ਵੀ ਚਹਿਕ ਰਿਹਾ ਸੀ…ਪੂਰਾ ਖੁਸ਼ ਲੱਗਦਾ ਸੀ…ਸੋਚਦਾ ਹੋਣੈਂ ਬਈ ਬਚ ਗਿਆ…ਕਿਸੇ ਵੱਡੇ ਪੰਗੇ ਤੋਂ….
ਥੋੜੀ ਦੇਰ ਬਾਅਦ ਮੈਂ ਪੁੱਛਿਆ…*ਸੰਦੀਪ ਸੁਣਿਐਂ ਅੱਜ ਸਾਲਾ ਸਾਬ ਦਾ ਫੋਨ ਆਇਆ ਸੀ*…
ਸੰਦੀਪ ਕਹਿੰਦਾ…*ਹਾਂ ਜੀ…ਹੁਣੇ ਥੋੜੀ ਦੇਰ ਪਹਿਲਾਂ ਹੀ ਆਇਆ ਸੀ*….
ਇੱਕ ਦਮ ਉਹਨੂੰ ਖ਼ਿਆਲ ਆਇਆ…*ਥੋਨੂੰ ਕਿੱਦਾਂ ਪਤਾ ਲੱਗਾ ਡਾਕਟਰ ਸਾਹਿਬ?
ਭਲਵਾਨ ਨੇ ਦੱਸਿਆ*…ਸਾਡੇ ਚੌਂਕੀਦਾਰ ਨੂੰ ਭਲਵਾਨ ਕਹਿੰਦੇ ਸੀ…
ਮੈਂ ਕਿਹਾ..* ਨਹੀਂ…ਪਰ ਯਾਰ ਤੂੰ ਤਾਂ ਆਪਣੇ ਸਾਲੇ ਤੋਂ ਡਰਦਾ ਹੀ ਬਹੁਤ ਹੈਂ…ਬੜੀਆਂ ਮਿੰਨਤਾਂ ਕੀਤੀਆਂ ਅੱਜ ਤੂੰ…ਫੇਰ ਕੀ ਹੋਇਆ ਜੇ ਤੂੰ ਪਿੰਕੀ ਨੂੰ ਝੂਠ ਬੋਲਿਆ ਸੀ*…
ਬੱਸ ਫੇਰ ਕੀ…ਸੰਦੀਪ ਪੂਰਾ ਬੌਂਦਲ ਗਿਆ ਸੀ…ਜਦੋਂ ਸਾਰਿਆਂ ਨੂੰ ਫੋਨ ਤੇ ਹੋਇਆ ਵਾਰਤਾਲਾਪ ਸੁਣਾਇਆ…
ਕਮਰੇ ਚ’ ਤਾਂ ਜਿਵੇਂ ਭੁਚਾਲ ਆ ਗਿਆ…ਸਾਰੇ ਜਣੇ ਹੱਸ ਹੱਸ ਦੂਹਰੇ ਹੋ ਰਹੇ ਸੀ…
ਹੁਣ ਵੀ ਜਦੋਂ ਕਦੇ ਵੀ ਆਹ ਵਾਕਿਆ ਯਾਦ ਆਉਂਦਾ ਹੈ…ਤਾਂ ਸੰਦੀਪ ਦਾ ਉਹ ਵਿਚਾਰਾ ਜਿਹਾ ਚਿਹਰਾ ਅੱਖਾਂ ਸਾਹਮਣੇਂ ਆ ਜਾਂਦਾ ਹੈ।