ਪੀਰੀਅਡ ਵੱਜਣ ਸਾਰ ਹੀ ਮੈਂ ਆਪਣੀ ਕਲਾਸ ‘ਚ ਜਾਂਦੀ ਹਾਂ। ਸਾਰੀ ਕਲਾਸ ‘ਤੇ ਘੋਖਣੀ ਨਜ਼ਰ ਮਾਰਦੀ ਹਾਂ। ਮੈਂ ਵੇਖਿਆ, ਗੁਰਜੋਤ ਬੜਾ ਉਦਾਸ ਜਿਹਾ ਬੈਠਾ ਹੈ। ਜਿਵੇਂ ਹੁਣੇ ਰੋ ਕੇ ਹਟਿਆ ਹੋਵੇ।
‘ਗੁਰਜੋਤ, ਕੀ ਗੱਲ…? ਮੂੰਹ ਲਮਕਾਇਐ?’, ਮੈਂ ਪੁੱਛਦੀ ਹਾਂ।
ਗੁਰਜੋਤ ਚੁੱਪ ਹੈ।
ਮੇਰੇ ਦੁਬਾਰਾ ਪੁੱਛਣ ‘ਤੇ ਵੀ ਉਹ ਕੁਝ ਨਹੀਂ ਬੋਲਿਆ।
ਮੈਂ ਉਹਦੇ ਨਜ਼ਦੀਕ ਜਾਂਦੀ ਹਾਂ। ਉਹਦੀ ਪਿੱਠ ‘ਤੇ ਹੱਥ ਰੱਖਦੀ ਹਾਂ। ਮੇਰੇ ਹੱਥ ਰੱਖਣ ਸਾਰ ਹੀ ਉਹ ਡੁਸਕ ਪੈਂਦਾ ਹੈ।
‘ਹੈਂ… ਇਹਨੂੰ ਕੀ ਹੋਇਐ?’ ਮੈਂ ਜਿਵੇਂ ਸਾਰੀ ਕਲਾਸ ਨੂੰ ਪੁੱਛਦੀ ਹਾਂ।
‘ਜੀ, ਅੱਜ ਸਾਨੂੰ ਵਰਦੀਆਂ ਮਿਲੀਆਂ ਜੀ।’
‘ਇਕ ਕੁੜੀ ਖੜ੍ਹੀ ਹੋਕੇ ਦੱਸਦੀ ਹੈ, ‘ਜੀ ਇਹਨੂੰ ਨ੍ਹੀਂ ਮਿਲੀ ਜੀ, ਜੀ ਇਹ ਤਾਂ ਰੋਂਦਾ ਜੀ।’
‘ਇਹਨੂੰ ਕਾਹਤੋਂ ਨ੍ਹੀਂ ਮਿਲੀ?’ ਮੈਂ ਪੁੱਛਦੀ ਹਾਂ।
‘ਇਹ ‘ਜੱਟਾਂ’ ਦਾ ਮੁੰਡਾ ਹੈ…।’
ਹਾਂ, ਮੈਨੂੰ ਯਾਦ ਆਇਆ। ਅੱਜ ਸਾਡੇ ਸਕੂਲ ‘ਦਲਿਤ ਭਲਾਈ ਸੰਸਥਾ’ ਦੇ ਮੈਂਬਰ ਆਏ ਸੀ। ਜਿਹੜੇ ਸਿਰ& ਸ਼ਡਿਊਲਡ ਕਾਸਟ ਬੱਚਿਆਂ ਨੂੰ ਹੀ ਵਰਦੀਆਂ ਦੇ ਕੇ ਗਏ ਸੀ।
ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਗੁਰਜੋਤ ਭਰੇ ਮਨ ਨਾਲ ਬੋਲਿਆ, ‘ਜੀ, ਸਾਡੇ ਕਿਹੜਾ ਪੈਲੀ (ਜ਼ਮੀਨ) ਹੈ ‘ਗੀ ਆ ਜੀ। ਮੇਰਾ ਡੈਡੀ ਤਾਂ ਮਿਸਤਰੀਆਂ ਨਾਲ ਦਿਹਾੜੀ ਕਰਦਾ ਜੀ…’ ਉਹਦੀਆਂ ਮਾਸੂਮ ਅੱਖਾਂ ‘ਚ ਪਾਣੀ ਛਲਕਦਾ ਹੈ।
ਮੈਨੂੰ ਗੁਰਜੋਤ ‘ਤੇ ਤਰਸ ਜਿਹਾ ਆਉਂਦਾ ਹੈ। ਗੁਰਜੋਤ ਭਾਵੇਂ ਜੱਟਾਂ ਦਾ ਮੁੰਡਾ ਹੈ ਪਰ…?
ਮੈਂ ਸੋਚਦੀ ਹਾਂ, ਸਰਕਾਰੀ ਜਾਂ ਗ਼ੈਰ-ਸਰਕਾਰੀ ਸਹਾਇਤਾ ਆਰਥਿਕਤਾ ਦੇ ਆਧਾਰ ‘ਤੇ ਮਿਲਣੀ ਚਾਹੀਦੀ ਹੈ, ਨਾ ਕਿ ਜਾਤੀ ਅਧਾਰ ‘ਤੇ…।
ਮੈਂ ਗੁਰਜੋਤ ਨੂੰ ਕਲਾਵੇ ‘ਚ ਲੈਂਦੀ ਹਾਂ। ਉਹ ਫਿਰ ਰੋ ਪੈਂਦਾ ਹੈ।
-ਪ੍ਰੀਤ ਨੀਤਪੁਰ