ਇਤਿਹਾਸਕ ਘਟਨਾਵਾਂ ਨੂੰ ਜਦ ਅਸੀਂ ਅਪਣੇ ਵਿਚਦੀ ਦੇਖਣ ਦੀ ਆਦਤ ਪਾ ਲੈਂਨੇ ਹਾਂ ਤਾਂ ਸੱਚ ਹੀ ਅਸੀਂ ਇਤਿਹਾਸ ਦੇ ਨੇੜੇ ਹੋਣ ਲੱਗਦੇ ਹਾਂ। ਇਤਿਹਾਸ ਨੂੰ ਜਦ ਮੈਂ ਅਪਣੀ ਨਿੱਜੀ ਜਿੰਦਗੀ ਦੀਆਂ ਘਟਨਾਵਾ ਵਿਚੋਂ ਦੇਖਣ ਲੱਗਦਾ ਹਾਂ ਤਾਂ ਇਉਂ ਜਾਪੂ ਕਿ ਇਤਿਹਾਸ ਦੀਆਂ ਵੱਡੀਆਂ ਗੱਲਾਂ ਨੂੰ ਵੀ ਕਹਿ ਕੇ ਲੰਘਣਾ ਕਿੰਨਾ ਸੌਖਾ ਪਰ ਨਿੱਜ ਦੀਆਂ ਛੋਟੀਆਂ ਘਟਨਾਵਾਂ ਵੀ ਤੁਹਾਡੇ ਰੌਂਗਟੇ ਖੜੇ ਕਰ ਜਾਦੀਆਂ।
ਦੋ ਕੁ ਹਫਤਿਆਂ ਦੀ ਗੱਲ ਹੈ। ਵੱਡਾ ਮੁੰਡਾ ਗੱਡੀ ਲੈ ਕੇ ਗਿਆ। ਖੱਬੇ ਮੁੜਨ ਲੱਗਿਆਂ ਗੋਰੇ ਨੇ ਵੱਡਾ ਪਿੱਕਾ ਮਾਰਿਆ ਤੇ ਗੱਡੀ ਦਾ ਮੂਹਰਲਾ ਪਾਸਾ ਉਡਾ ਕੇ ਜਾ ਕੇ ਖੰਭੇ ਵਿਚ ਵੱਜ ਕੇ ਰੁਕਿਆ। ਗੱਡੀ ਵੱਡੀ ਕਰਕੇ ਮੁੰਡਾ ਬੱਚ ਗਿਆ ਪਰ ਜਦ ਮੈਂ ਮੌਕੇ ਤੇ ਪਹੁੰਚਿਆ ਤਾਂ ਦੂਰੋਂ ਖਲਾਰਾ ਦੇਖ ਅੰਦਰਲੀਆਂ ਸਾਰੀਆਂ ਤਾਰਾਂ ਲਰਜ ਗਈਆਂ। ਮੁੰਡਾ ਠੀਕ ਹੋਣ ਤੇ ਵੀ ਜਾਪੀ ਜਾਵੇ ਜੇ ਇਉਂ ਹੋ ਜਾਂਦਾ ਜਾਂ ਜੇ ਇਉਂ ਤਾਂ….?
ਜਦ ਅਪਣੇ ਨਿਆਣੇ ਦੀ ਘਟਨਾ ਅਤੇ ਤੜਫ ਦੇ ਵਿਚਦੀ ਲੰਘਕੇ ਤੁਸੀਂ ਚਮਕੌਰ ਦੀ ਗੜੀ ਵੰਨੀ ਦੇਖਦੇ ਤਾਂ ਸੋਚਦੇਂ ਕਿ ਬਾਜਾਂ ਵਾਲਿਆਂ ਸਿਰ ਝੁਕਦਾ ਹੀ ਕਹਿ ਸਕਦੇਂ ਹਾਂ ਇਸ ਤੋਂ ਅੱਗੇ ਤਾਂ ਹੋਰ ਲਫਜਾਤ ਹੀ ਨਹੀ ਲੱਭਦੇ। ਜਵਾਨ ਪੁੱਤਰ ਦੇ ਇੱਕ ਇੱਕ ਫੱਟ ਖਾ ਕੇ ਡਿਗਦਾ ਦੇਖਣਾ? ਬਰਛੀਆਂ ਵਿਚ ਪਰੋਤੇ ਜਾਣਾ? ਨਿਆਣੇ ਦੇ ਸੂਈ ਲੱਗਣੀ ਹੋਵੇ ਤਾਂ ਬੰਦਾ ਮੂੰਹ ਪਾਸੇ ਕਰ ਲੈਂਦਾ ਪਰ ਇਥੇ ਤਾਂ ਤਲਵਾਰਾਂ-ਬਰਛੀਆਂ ਦੇ ਫੱਟ ਸਿੱਧੇ ਹਿੱਕ ਵਿਚ ਤੇ ਵਾਪਸ ਆਉਂਣ ਦੀ ਉਮੀਦ ਹੀ ਕੋਈ ਨਾ?? ਤੇ ਜਦ ਦੂਜਾ ਵੀ? ਸਮਾ ਰੁੱਕ ਜਾਣ ਵਾਲੇ ਪਲ ਨਹੀ ਜਾਪਦੇ? ਉਸ ਨਾਲ ਵੀ ਉੇਵੇਂ ਹੀ ਤੇ ਜਦ ਬਰਛੀਆਂ ਨਾਲ ਵਿੰਨੀ ਲਾਸ਼ ਡਿੱਗਦੀ ਦੂਜੇ ਦੀ ਵੀ?
ਹਾਲੇ ਕਿਹੜੀ ਬੱਸ ਹੋਈ। ਜਦ ਦੋਂਹ ਛੋਟਿਆਂ ਦੀ ਖਬਰ ਮਿਲੀ ਕਿ ਉਹ ਵੀ ਨਹੀ ਰਹੇ ਤਾਂ ਕੋਲ ਖੜੋਤਿਆਂ ਸੋਚਿਆ ਤਾਂ ਹੋਵੇਗਾ ਕਿ ਹੁਣ ਤਾਂ ਅੱਖ ਨਮ ਹੋਵੇਗੀ ਬਾਜਾਂ ਵਾਲੇ ਦੀ? ਪਰ ਤੁਹਾਨੂੰ ਕੀ ਜਾਪਦਾ ਕਿ ਉਹ ਕੋਈ ਪੱਥਰ ਦਿੱਲ ਬਾਪ ਸੀ ਉਸ ਅੰਦਰ ਦਿੱਲ ਨਹੀ ਸੀ ਧੜਕਦਾ? ਪਰ ਬਾਜਾਂ ਵਾਲਾ ਉਹ ਦਿੱਲ ਨਹੀ ਸੀ ਕਿ ਔਰਤ ਗੁਆਚੀ ਤੇ ਹੀ ਜੰਗਲਾਂ ਵਿਚ ਧਾਹਾਂ ਮਾਰਦਾ ਫਿਰੇ? ਜਾਂ ਉਹ ਬਾਪ ਨਹੀ ਸੀ ਕਿ ‘ਅਸਵਥਾਮਾ ਮਰੇ ਦੀ ਖ਼ਬਰ ਸੁਣ ਕੇ ਗੋਡਿਆਂ ਭਾਰ ਹੋ ਕੇ ਧੌਣ ਨੀਵੇ ਕਰ ਲਏ ਕਿ ਵੱਢ ਦਿਓ ਮੈਨੂੰ ਵੀ ਪੁੱਤ ਬਿਨਾ ਮੈਂ ਜਿਉਂ ਹੀ ਨਹੀ ਸਕਦਾ।
ਗੁਰੂ ਦੀ ਤਾਂ ਗੱਲ ਹੀ ਹੋਰ ਸੀ ਅੱਗੇ ਦੇਖੋ! ਨਖਾਸ ਚੌਕ ਵਿਚ ਭਾਈ ਮਨੀ ਸਿੰਘ ਨੂੰ ਜਦ ਪੁਰਜਾ ਪੁਰਜਾ ਕਰਨ ਲੱਗੇ ਤਾਂ ਉਸ ਤੋਂ ਪਹਿਲਾਂ ਉਸ ਦਾ ਜਵਾਨ ਪੁੱਤਰ ਭਾਈ ਗੁਰਬਖਸ਼ ਸਿੰਘ ਉਸ ਦੀਆਂ ਅੱਖਾਂ ਸਾਹਵੇਂ ਨਿੱਕਾ ਨਿੱਕਾ ਕਰਕੇ ਵੱਢਿਆ ਕਿ ਸ਼ਾਇਦ ਇਸ ਵੰਨੀ ਦੇਖ ਹੀ ਦਿੱਲ ਛੱਡ ਬੈਠੇ। ਤੇ ਜਦ ਸ਼ਾਹਬਾਜ ਸਿੰਘ ਦੀਆਂ ਬੋਟੀਆਂ ਦੇ ਰੁੱਗ ਭਰ ਭਰ ਚਰਖੜੀ ਨੇ ਪਿਉ ਦੇ ਪੈਰਾਂ ਵਿਚ ਸੁੱਟੇ ਤਾਂ ਸ਼ਬੇਗ ਸਿੰਘ ਨੇ ਕਿਹੜਾ ਮੂੰਹ ਪਾਸੇ ਕੀਤਾ! ਬਾਬਾ ਬੰਦਾ ਸਿੰਘ ਦੇ ਪੱਟ ਕੇ ਰੱਖ ਕੇ ਚੀਰਿਆ ਉਸ ਦਾ ਚਾਰ ਸਾਲਾਂ ਦਾ ਪੁੱਤਰ ਪਰ ਬਾਬਾ?
ਬੰਦਾ ਅਪਣੇ ਉਪਰ ਤਾਂ ਔਖਾ ਸੌਖਾ ਝੱਲ ਜਾਂਦਾ ਪਰ ਜਦ ਉਲਾਦ ਉਸ ਦੇ ਸਾਹਵੇਂ ਵੱਢੀ ਟੁੱਕੀ ਜਾਵੇ ਤਾਂ ਕਹਿੰਦੇ ਕਹਾਉਂਦੇ ਧਾਹਾਂ ਮਾਰ ਉਠੱਦੇ ?
ਗੁਰੂ ਨੂੰ ਰੱਬ ਕਹਿਕੇ, ਖੁਦ ਅਕਾਲ ਪੁਰਖ ਕਹਿ ਕੇ ਲੰਘ ਜਾਣਾ ਇਤਿਹਾਸ ਵਿਚੋਂ ਜਾਨ ਕੱਢ ਕੇ ਰੱਖ ਦੇਣ ਵਾਂਗ ਹੈ। ਤੇ ਇਹੀ ਕਾਰਨ ਹੈ ਕਿ ਮੈਂ ਇਤਿਹਾਸ ਨੂੰ ਅਪਣੇ ਅੰਦਰ ਨਹੀ ਉਤਾਰ ਸਕਿਆ, ਇਤਿਹਾਸ ਨਾਲ ਦੂਰ ਜਿਹੇ ਦਾ ਵਾਸਤਾ ਬਣਕੇ ਰਹਿ ਗਿਆ ਮੇਰਾ ਤੇ ਇਤਿਹਾਸ ਨੂੰ ਅਪਣੀ ਨਿੱਜੀ ਜਿੰਦਗੀ ਦੀਆਂ ਘਟਨਾਵਾਂ ਵਿਚੋਂ ਮਨਫੀ ਕਰ ਦਿੱਤਾ ਹੈ। ਅਪਣੀ ਨਿੱਜੀ ਪੀੜਾ ਵਿਚੋਂ ਜਦ ਮੈਂ ਇਤਿਹਾਸ ਨੂੰ ਦੇਖਣ ਦੀ ਆਦਤ ਪਾ ਲਈ ਤਾਂ ਇਤਿਹਾਸ ਮੈਨੂੰ ਚੇਤੇ ਨਹੀ ਕਰਾਉਂਣਾ ਪਵੇਗਾ! ਨਹੀ?
ਗੁਰਦੇਵ ਸਿੰਘ ਸੱਧੇਵਾਲੀਆ