ਸੁਰਜੀਤ ਸਿੰਘ ਕੁਹਾੜ, ਲਾਲੜੂ : ਲਾਲੜੂ ਨੇੜਲੇ ਪਿੰਡ ਜਲਾਲਪੁਰ ‘ਚ ਸ਼ੁੱਕਰਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਕਾਰਨ ਜਿੱਥੇ 20 ਸਾਲਾਂ ਨੌਜਵਾਨ ਦੀ ਮੌਤ ਹੋ ਗਈ, ਉੱਥੇ ਹੀ ਵੱਖ-ਵੱਖ ਥਾਵਾਂ ‘ਤੇ ਬਿਜਲੀ ਡਿੱਗਣ ਨਾਲ ਲੋਕਾਂ ਦੇ ਬਿਜਲੀ ਦੇ ਯੰਤਰ ਵਗੈਰਾ ਸੜ੍ਹ ਕੇ ਆਰਥਿਕ ਨੁਕਸਾਨ ਵੀ ਹੋਇਆ। ਪੁਲਿਸ ਨੇ ਮਿ੍ਤਕ ਦੀ ਪਹਿਚਾਣ ਅਭਿਨੰਦਨ ਕੁਮਾਰ ਪੁੱਤਰ ਭੀਖਨ ਮਹਤੋ ਹਾਲ ਵਾਸੀ ਪਿੰਡ ਜਲਾਲਪੁਰ ਤੇ ਜੱਦੀ ਵਾਸੀ ਮਾਨਪੁਰ ਜੌਸਾ, ਜ਼ਿਲ੍ਹਾ ਸੀਤਾਮੜੀ, ਬਿਹਾਰ ਵਜੋਂ ਕੀਤੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਬਿਜਲੀ ਡਿੱਗਣ ਦੀ ਆਵਾਜ਼ ਐਨੀ ਤੇਜ਼ ਸੀ ਕਿ ਆਸ-ਪਾਸ ਦੇ ਲੋਕ ਬੁਰੀ ਤਰ੍ਹਾਂ ਡਰ ਗਏ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਦੇ ਕਰੀਬੀ ਸ਼ੰਭੂ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਵਾਪਰਿਆ। ਉਹ ਮਿ੍ਤਕ ਅਭਿਨੰਦਨ ਨਾਲ ਖੇਤਾਂ ‘ਚ ਘੁੰਮ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਮੀਂਹ ਪੈਣ ਲੱਗ ਪਿਆ ਸੀ ਤੇ ਉਹ ਅਭਿਨੰਦਨ ਤੋਂ ਵੀਹ ਕਦਮ ਪਿੱਛੇ ਹੀ ਚੱਲ ਰਿਹਾ ਸੀ ਕਿ ਅਚਾਨਕ ਅਸਮਾਨ ਤੋਂ ਬਿਜਲੀ ਦੀ ਚਮਕ ਦੇ ਨਾਲ ਇਕ ਉੱਚੀ ਚੀਕਣ ਦੀ ਆਵਾਜ਼ ਆਈ ਅਤੇ ਕੁਝ ਹੀ ਦੇਰ ਵਿੱਚ ਅਭਿਨੰਦਨ ਜ਼ਮੀਨ ‘ਤੇ ਡਿੱਗ ਪਿਆ। ਉਹ ਤੁਰੰਤ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਅਭਿਨੰਦਨ ਨੂੰ ਸਰਕਾਰੀ ਹਸਪਤਾਲ ਅੰਬਾਲਾ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਲੈਹਲੀ ਪੁਲਿਸ ਨੇ ਮਿ੍ਤਕ ਦੇ ਸਾਥੀ ਸ਼ੰਭੂ ਦੇ ਬਿਆਨਾਂ ‘ਤੇ ਕੇਸ ਦਰਜ ਕਰ ਕੇ ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਮਿ੍ਤਕ ਦੇ ਚਾਚਾ ਲੱਲਨ ਨੇ ਦੱਸਿਆ ਕਿ ਅਭਿਨੰਦਨ ਪਿਛਲੇ ਕਈ ਸਾਲਾਂ ਤੋਂ ਜਲਾਲਪੁਰ ‘ਚ ਉਨ੍ਹਾਂ ਦੇ ਕੋਲ ਰਹਿੰਦਾ ਸੀ ਅਤੇ ਗਲੀਆਂ ‘ਚ ਛੋਲੇ-ਕੁਲਚੇ ਵੇਚਦਾ ਸੀ। ਅਭਿਨੰਦਨ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦਾ ਇੱਕ ਸਾਲ ਦਾ ਬੇਟਾ ਹੈ। ਇਸੇ ਤਰ੍ਹਾਂ ਆਸਮਾਨੀ ਬਿਜਲੀ ਡਿੱਗਣ ਨਾਲ ਖੇਤਰ ‘ਚ ਲੋਕਾਂ ਦੇ ਘਰਾਂ ‘ਚ ਲੱਗੇ ਬਿਜਲੀ ਯੰਤਰਾਂ ਦੇ ਸੜਨ ਤੋਂ ਇਲਾਵਾ ਬਿਜਲੀ ਟਰਾਂਸਫ਼ਾਰਮਰ ਆਦਿ ਨੁਕਸਾਨੇ ਜਾਣ ਅਤੇ ਬਿਜਲੀ ਗਰਿੱਡ ‘ਚ ਵੀ ਨੁਕਸ ਪੈਣ ਦੀ ਖ਼ਬਰ ਹੈ, ਜਿਸ ਦੇ ਚੱਲਦਿਆਂ ਕਈ ਮੁਹੱਲਿਆਂ ਦੀ ਬਿਜਲੀ ਵੀ ਬੰਦ ਰਹੀ।