ਅਫ਼ਗਾਨਿਸਤਾਨ ‘ਚ ਪਹਿਲਾਂ ਵੀ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਬਣਾਇਆ ਜਾਂਦਾ ਰਿਹੈ ਨਿਸ਼ਾਨਾ
ਅੰਮ੍ਰਿਤਸਰ, 2 ਜੁਲਾਈ-ਅਫ਼ਗਾਨਿਸਤਾਨ ਦੇ ਨਾਂਗਰਹਾਰ ਪ੍ਰਾਂਤ ਦੇ ਪੂਰਬੀ ਸ਼ਹਿਰ ਜਲਾਲਾਬਾਦ ਵਿਖੇ ਅੱਤਵਾਦੀਆਂ ਵਲੋਂ ਸਿੱਖਾਂ ਦੀਆਂ ਮੋਟਰ ਗੱਡੀਆਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲੇ ‘ਚ ਮਾਰੇ ਗਏ ਸਿੱਖ ਆਗੂਆਂ ‘ਚੋਂ 13 ਦੀ ਸ਼ਨਾਖ਼ਤ ਕੀਤੇ ਜਾਣ ਉਪਰੰਤ ਅੱਜ ਸਵੇਰੇ 8 ਵਜੇ (ਅਫ਼ਗ਼ਾਨਿਸਤਾਨ ਦੇ ਸਮੇਂ ਮੁਤਾਬਕ) ਉਨ੍ਹਾਂ ਦੀਆਂ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ। ਜਿਸ ਉਪਰੰਤ ਅੰਤਿਮ ਸੰਸਕਾਰ ਤੋਂ ਪਹਿਲਾਂ ਇਹ ਦੇਹਾਂ ਅੰਤਿਮ ਰਸਮਾਂ ਲਈ ਜਲਾਲਾਬਾਦ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਲਿਜਾਈਆਂ ਗਈਆਂ। ਜਿੱਥੇ ਬੀਤੀ ਰਾਤ ਤੋਂ ਪੂਰੇ ਸ਼ਹਿਰ ਦੀ ਸਿੱਖ ਸੰਗਤ ਅਤੇ ਮ੍ਰਿਤਕਾਂ ਦੇ ਪਰਿਵਾਰ ਪਹੁੰਚੇ ਹੋਏ ਸਨ। ਬਾਅਦ ਦੁਪਹਿਰ ਗ਼ਮਗੀਨ ਮਾਹੌਲ ‘ਚ ਲਾਸ਼ਾਂ ਦਾ ਸਸਕਾਰ ਕੀਤਾ ਗਿਆ। ਮ੍ਰਿਤਕਾਂ ਦੀ ਸ਼ਨਾਖ਼ਤ ਅਫ਼ਗ਼ਾਨਿਸਤਾਨੀ ਸਿੱਖ ਭਾਈਚਾਰੇ ਦੇ ਆਗੂ ਸ: ਅਵਤਾਰ ਸਿੰਘ ਖ਼ਾਲਸਾ, ਗੁਰਦੁਆਰਾ ਗੁਰੂ ਨਾਨਕ ਦਰਬਾਰ ਕਮੇਟੀ ਦੇ ਆਗੂ ਸ: ਰਵੇਲ ਸਿੰਘ ਪੁੱਤਰ ਕਰਮ ਚੰਦ, ਅਮਰੀਕ ਸਿੰਘ ਪੁੱਤਰ ਉੱਤਮ ਸਿੰਘ, ਮਿਹਰ ਸਿੰਘ ਪੁੱਤਰ ਦਿਆਲ ਸਿੰਘ, ਇੰਦਰਜੀਤ ਸਿੰਘ ਪੁੱਤਰ ਕਰੋੜੀ ਸਿੰਘ, ਬਲਜੀਤ ਸਿੰਘ ਪੁੱਤਰ ਸਰੂਪ ਸਿੰਘ, ਤਰਨਜੀਤ ਸਿੰਘ ਪੁੱਤਰ ਕੀਰਤ ਸਿੰਘ, ਅਨੂਪ ਸਿੰਘ ਪੁੱਤਰ ਭਾਈ ਤੇਜਾ ਸਿੰਘ, ਨਰਿੰਦਰ ਸਿੰਘ ਪੁੱਤਰ ਪੂਰਨ ਸਿੰਘ, ਮਨਜੀਤ ਸਿੰਘ ਪੁੱਤਰ ਜੈ ਰਾਮ, ਸਤਨਾਮ ਸਿੰਘ ਪੁੱਤਰ ਤੀਰਾ ਲਾਲ, ਰਾਜੂ ਸਿੰਘ ਅਤੇ ਵਿੱਕੀ ਕੁਮਾਰ ਦੇ ਰੂਪ ‘ਚ ਹੋਈ ਹੈ। ਇਸ ਹਮਲੇ ‘ਚ ਜ਼ਖ਼ਮੀ ਹੋਣ ਵਾਲੇ ਸਿੰਘ ਸਾਹਿਬ ਇਕਬਾਲ ਸਿੰਘ, ਅਵਤਾਰ ਸਿੰਘ ਖ਼ਾਲਸਾ ਦੇ ਪੁੱਤਰ ਨਰਿੰਦਰ ਸਿੰਘ ਤੇ ਹੋਰਨਾਂ ਨੂੰ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਕੁਝ ਜ਼ਖ਼ਮੀਆਂ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ।
ਪਾਕਿਸਤਾਨ ਤੋਂ ‘ਅਜੀਤ’ ਨਾਲ ਇਸ ਬਾਰੇ ਗੱਲਬਾਤ ਕਰਦਿਆਂ ਸ: ਚਰਨਜੀਤ ਸਿੰਘ ਨੇ ਦੱਸਿਆ ਕਿ ਪਿਸ਼ਾਵਰ ਤੋਂ 50 ਤੋਂ ਵਧੇਰੇ ਲੋਕ ਜ਼ਖਮੀਆਂ ਦੀ ਸਹਾਇਤਾ ਕਰਨ ਲਈ ਜਲਾਲਾਬਾਦ ਪਹੁੰਚ ਚੁੱਕੇ ਹਨ, ਉਨ੍ਹਾਂ ਕਿਹਾ ਕਿ ਇਹ ਆਤਮਘਾਤੀ ਹਮਲਾ ਵਿਸ਼ੇਸ਼ ਤੌਰ ‘ਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਹੈ। ਜਿਸ ਦੇ ਚੱਲਦਿਆਂ ਹਮਲਾਵਰਾਂ ਵਲੋਂ ਉਨ੍ਹਾਂ ਤਿੰਨ ਕਾਰਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ‘ਚ ਸਿੱਖ ਆਗੂ ਅਵਤਾਰ ਸਿੰਘ ਖ਼ਾਲਸਾ ਤੇ ਹੋਰ ਹਿੰਦੂ-ਸਿੱਖ ਆਗੂ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੂੰ ਮਿਲਣ ਜਾ ਰਹੇ ਸਨ। ਮ੍ਰਿਤਕਾਂ ‘ਚ ਸ਼ਾਮਿਲ ਅਫ਼ਗ਼ਾਨਿਸਤਾਨ ‘ਚ ਸਿੱਖ ਭਾਈਚਾਰੇ ਦੇ ਪ੍ਰਤੀਨਿਧੀ ਸ: ਅਵਤਾਰ ਸਿੰਘ ਖ਼ਾਲਸਾ; ਜਿਨ੍ਹਾਂ ਦਾ ਅਕਤੂਬਰ 2018 ‘ਚ ਹੋਣ ਵਾਲੀਆਂ ਸੰਸਦੀ ਚੋਣਾਂ ‘ਚ ਘੱਟ ਗਿਣਤੀਆਂ ਲਈ ਰਾਖਵੀਂ ਸੀਟ ਲਈ ਨਾਂਅ ਨਾਮਜ਼ਦ ਕੀਤਾ ਗਿਆ ਹੈ ਅਤੇ ਸ: ਰਵੇਲ ਸਿੰਘ ਜੋ ਕਿ ਹਿੰਦੂ ਸਿੱਖ ਕੌਂਸਲ ਆਫ਼ ਅਫ਼ਗ਼ਾਨਿਸਤਾਨ ਦੇ ਡਿਪਟੀ ਪ੍ਰਮੁੱਖ ਹਨ, ਅਫ਼ਗ਼ਾਨੀ ਹਿੰਦੂ-ਸਿੱਖਾਂ ਦੇ ਪ੍ਰਮੁੱਖ ਆਗੂਆਂ ਵਿਚੋਂ ਸਨ। ਚਰਨਜੀਤ ਸਿੰਘ ਅਨੁਸਾਰ ਅਫ਼ਗ਼ਾਨਿਸਤਾਨ ‘ਚ ਰਹਿਣ ਵਾਲੇ ਸਿੱਖਾਂ ਅਤੇ ਹਿੰਦੂਆਂ ਦੀ ਗਿਣਤੀ ਮੌਜੂਦਾ ਸਮੇਂ 1000 ਦੇ ਲਗਪਗ ਹੈ ਅਤੇ ਵੱਡੀ ਗਿਣਤੀ ‘ਚ ਭਾਈਚਾਰੇ ਦੇ ਲੋਕਾਂ ਨੇ ਭਾਰਤ, ਪਾਕਿਸਤਾਨ ਅਤੇ ਹੋਰਨਾਂ ਦੇਸ਼ਾਂ ‘ਚ ਸ਼ਰਨ ਲਈ ਹੈ। ਅਫ਼ਗ਼ਾਨਿਸਤਾਨ ‘ਚ 20 ਅਕਤੂਬਰ ਨੂੰ 249 ਸੀਟਾਂ ‘ਤੇ ਆਮ ਚੋਣਾਂ ਹੋਣੀਆਂ ਹਨ ਅਤੇ ਉੱਥੋਂ ਦੀਆਂ ਵੋਟਰ ਸੂਚੀਆਂ ‘ਚ ਕੁੱਲ 600 ਹਿੰਦੂ ਸਿੱਖ ਵੋਟਰਾਂ ਦੇ ਨਾਂਅ
ਦਰਜ ਹਨ।
ਸਾਲ 1989 ‘ਚ ਵੀ ਹੋਇਆ ਸੀ ਜਲਾਲਾਬਾਦ ਦੇ ਗੁਰਦੁਆਰੇ ‘ਤੇ ਹਮਲਾ
ਪ੍ਰਾਪਤ ਵੇਰਵਿਆਂ ਅਨੁਸਾਰ ਜਲਾਲਾਬਾਦ ਦੇ ਗੁਰਦੁਆਰਾ ਸਾਹਿਬ ‘ਚ ਸਾਲ 1989 ‘ਚ ਅੱਤਵਾਦੀ ਸੰਗਠਨ ਵਲੋਂ ਆਤਮਘਾਤੀ ਹਮਲਾ ਕੀਤਾ ਗਿਆ ਸੀ, ਜਿਸ ਦੌਰਾਨ 22 ਲੋਕਾਂ ਦੀ ਮੌਤ ਹੋਈ ਸੀ। ਇਸ ਵਾਰ ਹਮਲੇ ‘ਚ ਮਾਰੇ ਹਿੰਦੂ ਸਿੱਖ ਕੌਂਸਲ ਆਫ਼ ਅਫ਼ਗ਼ਾਨਿਸਤਾਨ ਦੇ ਡਿਪਟੀ ਪ੍ਰਮੁੱਖ ਅਤੇ ਗੁਰਦੁਆਰੇ ਦੇ ਆਗੂ ਰਵੇਲ ਸਿੰਘ ਦੇ ਭਰਾ ਦਲੇਰ ਸਿੰਘ ਨੇ ਸਾਲ 1989 ਦੇ ਹਮਲੇ ਦੌਰਾਨ ਹਮਲਾਵਰ ਨੂੰ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ‘ਚ ਆਪਣੇ ਜੱਫੇ ‘ਚ ਲੈ ਲਿਆ ਸੀ। ਜਿਸ ‘ਤੇ ਉਸ ਦੇ ਸਾਥੀਆਂ ਵਲੋਂ ਦਲੇਰ ਸਿੰਘ ‘ਤੇ 33 ਗੋਲੀਆਂ ਦਾਗ਼ੀਆਂ ਗਈਆਂ, ਪਰ ਉਸ ਨੇ ਪਕੜ ਨਾ ਛੱਡੀ ਅਤੇ ਅੰਤ ਹਮਲਾਵਰ ਤੇ ਉਸ ਦੇ ਇਕ ਸਾਥੀ ਦੀ ਬੰਬ ਧਮਾਕੇ ‘ਚ ਮੌਤ ਹੋ ਗਈ।
ਇਤਿਹਾਸਿਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਸੁਰੱਖਿਆ ਲਈ ਉੱਥੇ ਰਹਿ ਹਨ ਸਿੱਖ
ਦੱਸਿਆ ਜਾ ਰਿਹਾ ਹੈ ਕਿ ਅਫ਼ਗ਼ਾਨਿਸਤਾਨ ‘ਚ ਮੌਜੂਦਾ ਸਮੇਂ ਜੋ ਸਿੱਖ ਪਰਿਵਾਰ ਰਹਿ ਰਹੇ ਹਨ, ਇਹ ਅਫ਼ਗ਼ਾਨਿਸਤਾਨ ‘ਚ ਮੌਜੂਦ ਇਤਿਹਾਸਕ ਗੁਰਦੁਆਰਾ ਸਾਹਿਬਾਨ; ਗੁਰਦੁਆਰਾ ਭਾਈ ਨੰਦ ਲਾਲ ਗੋਆ ਤੇ ਗੁਰਦੁਆਰਾ ਕੋਠਾ ਸਾਹਿਬ (ਗ਼ਜ਼ਨੀ), ਗੁਰਦੁਆਰਾ ਗੁਰੂ ਨਾਨਕ ਦਰਬਾਰ ਜੀ (ਜਲਾਲਾਬਾਦ), ਗੁਰਦੁਆਰਾ ਬਾਬਾ ਸ੍ਰੀ ਚੰਦ ਜੀ, ਗੁਰਦੁਆਰਾ ਸ੍ਰੀ ਕਰਤਾ ਪਰਵਾਨ, ਗੁਰਦੁਆਰਾ ਸ੍ਰੀ ਕੋਠ ਸਾਹਿਬ, ਗੁਰਦੁਆਰਾ ਬਾਬਾ ਨਾਨਕ, ਗੁਰਦੁਆਰਾ ਗੁਰੂ ਹਰਿ ਰਾਇ ਸ਼ੋਰ ਬਾਜ਼ਾਰ ਤੇ ਗੁਰਦੁਆਰਾ ਖ਼ਾਲਸਾ (ਕਾਬਲ), ਗੁਰਦੁਆਰਾ ਚਸ਼ਮਾ ਸਾਹਿਬ ਖ਼ਾਲਸਾ ਦੀਵਾਨ (ਸੁਲਤਾਨਪੁਰ) ਦੀ ਸੇਵਾ ਸੰਭਾਲ ਅਤੇ ਸੁਰੱਖਿਆ ਹਿਤ ਕਈ ਖ਼ਤਰਿਆਂ ਦਾ ਸਾਹਮਣਾ ਕਰਦੇ ਹੋਏ ਉੱਥੇ ਰਹਿ ਰਹੇ ਹਨ।
ਰਾਸ਼ਟਰਪਤੀ ਗਨੀ ਵਲੋਂ ਦੁੱਖ ਜ਼ਾਹਰ
ਕਾਬੁਲ, (ਪੀ. ਟੀ. ਆਈ.)-ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਜਲਾਲਾਬਾਦ ਵਿਚ ਕੱਲ੍ਹ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਦੇ ਆਤਮਘਾਤੀ ਹਮਲੇ ਵਿਚ 17 ਸਿੱਖਾਂ ਸਮੇਤ 19 ਅਫਗਾਨ ਨਾਗਰਿਕਾਂ ਦੀਆਂ ਹੋਈਆਂ ਮੌਤਾਂ ‘ਤੇ ਦੁੱਖ ਜ਼ਾਹਰ ਕੀਤਾ ਹੈ। ਰਾਸ਼ਟਰਪਤੀ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਰਾਸ਼ਟਰ ਵਲੋਂ ਉਨ੍ਹਾਂ ਦੀਆਂ ਮੌਤਾਂ ‘ਤੇ ਦੁੱਖ ਜ਼ਾਹਰ ਕਰਦੇ ਹਾਂ।
ਪ੍ਰਧਾਨ ਮੰਤਰੀ ਵਲੋਂ ਨਿਖੇਧੀ
ਨਵੀਂ ਦਿੱਲੀ, (ਪੀ. ਟੀ. ਆਈ.-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਫਗਾਨਿਸਤਾਨ ਵਿਚ ਅੱਤਵਾਦੀ ਹਮਲੇ ਨੂੰ ਦੇਸ਼ ਦੇ ਬਹੁਸਭਿਆਚਾਰਕ ਤਾਣੇ ‘ਤੇ ਹਮਲਾ ਆਖਿਆ ਹੈ। ਕੱਲ੍ਹ ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਹੋਏ ਆਤਮਘਾਤੀ ਹਮਲੇ ‘ਚ ਘੱਟੋ ਘੱਟ 19 ਵਿਅਕਤੀ ਮਾਰੇ ਗਏ, ਜਿਨ੍ਹਾਂ ‘ਚੋਂ ਬਹੁਤੇ ਸਿੱਖ ਤੇ ਹਿੰਦੂ ਸਨ। ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਭਾਰਤ ਅਫਗਾਨਿਸਤਾਨ ਸਰਕਾਰ ਦੀ ਸਹਾਇਤਾ ਲਈ ਤਿਆਰ ਹੈ।
ਸੁਸ਼ਮਾ ਸਵਰਾਜ ਵਲੋਂ ਪੀੜਤਾਂ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ
ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਫ਼ਗਾਨਿਸਤਾਨ ਵਿਚ ਅੱਤਵਾਦੀ ਹਮਲੇ ‘ਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਤਵਾਦੀ ਹਮਲੇ ‘ਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਦੱਸਿਆ ਕਿ ਵਿਦੇਸ਼ ਮੰਤਰੀ ਨੇ ਅੱਜ ਸ਼ਾਮ ਸ਼੍ਰੋਮਣੀ ਕਮੇਟੀ ਪ੍ਰਧਾਨ, ਅਫ਼ਗਾਨਿਸਤਾਨ ਤੋਂ ਆਏ ਸਿੱਖਾਂ, ਪੀੜਤ ਪਰਿਵਾਰਾਂ ਦੇ ਰਿਸ਼ਤੇਦਾਰਾਂ ਅਤੇ ਹੋਰ ਸਿੱਖ ਆਗੂਆਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਹੈ।
ਅਫ਼ਗਾਨਿਸਤਾਨ ਛੱਡਣ ਬਾਰੇ ਸੋਚਣ ਲੱਗੇ ਸਿੱਖ
ਕਾਬੁਲ, 2 ਜੁਲਾਈ (ਰਾਇਟਰ)-ਕੱਲ੍ਹ ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਹੋਏ ਆਤਮਘਾਤੀ ਹਮਲੇ ਜਿਸ ਵਿਚ ਕਈ ਸਿੱਖ ਤੇ ਹਿੰਦੂ ਮਾਰੇ ਗਏ, ਪਿੱਛੋਂ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਕਈ ਲੋਕ ਅਫ਼ਗਾਨਿਸਤਾਨ ਛੱਡ ਕੇ ਭਾਰਤ ਆ ਜਾਣ ਬਾਰੇ ਸੋਚਣ ਲੱਗ ਪਏ ਹਨ। 35 ਸਾਲਾ ਤੇਜਵੀਰ ਸਿੰਘ ਜਿਸ ਦਾ ਰਿਸ਼ਤੇਦਾਰ ਧਮਾਕੇ ਵਿਚ ਮਾਰਿਆ ਗਿਆ ਹੈ ਨੇ ਕਿਹਾ ਕਿ ਉਹ ਤਾਂ ਪੂਰੀ ਤਰ੍ਹਾਂ ਸਪੱਸ਼ਟ ਹੈ ਅਤੇ ਅਸੀਂ ਹੋਰ ਜ਼ਿਆਦਾ ਸਮਾਂ ਇਥੇ ਨਹੀਂ ਰਹਿ ਸਕਦੇ। ਸਿੱਖਾਂ ਤੇ ਹਿੰਦੂਆਂ ਦੇ ਕੌਮੀ ਪੈਨਲ ਦੇ ਸਕੱਤਰ ਸਿੰਘ ਨੇ ਕਿਹਾ ਕਿ ਸਾਡੀਆਂ ਧਾਰਮਿਕ ਰੁਹ ਰੀਤਾਂ ਇਸਲਾਮਿਕ ਅੱਤਵਾਦੀ ਬਰਦਾਸ਼ਤ ਨਹੀਂ ਕਰਨਗੇ। ਅਸੀਂ ਅਫਗਾਨੀ ਹਾਂ। ਸਰਕਾਰ ਸਾਨੂੰ ਮਾਨਤਾ ਦਿੰਦੀ ਹੈ ਪਰ ਅੱਤਵਾਦੀ ਸਾਨੂੰ ਨਿਸ਼ਾਨਾ ਬਣਾਉਂਦੇ ਹਨ ਕਿਉਂਕਿ ਅਸੀਂ ਮੁਸਲਮਾਨ ਨਹੀਂ ਹਾਂ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿਚ ਸਿੱਖ ਭਾਈਚਾਰੇ ਦੇ ਮਾਤਰ 300 ਪਰਿਵਾਰ ਰਹਿ ਗਏ ਹਨ ਅਤੇ ਸਿਰਫ ਦੋ ਗੁਰਦੁਆਰੇ ਹਨ। ਜਿਨ੍ਹਾਂ ‘ਚੋਂ ਇਕ ਜਲਾਲਾਬਾਦ ਅਤੇ ਇਕ ਕਾਬੁਲ ਵਿਚ ਹੈ। ਭਾਵੇਂ ਅਫਗਾਨਿਸਤਾਨ ਮੁਸਲਮਾਨਾਂ ਦਾ ਦੇਸ਼ ਹੈ ਫਿਰ ਵੀ ਇਥੇ 1990 ਦੇ ਦਹਾਕੇ ਵਿਚ ਸ਼ੁਰੂ ਹੋਏ ਗ੍ਰਹਿ ਯੁੱਧ ਤੋਂ ਪਹਿਲਾਂ 250000 ਸਿੱਖ ਤੇ ਹਿੰਦੂ ਰਹਿੰਦੇ ਸੀ। ਇਕ ਦਹਾਕਾ ਪਹਿਲਾਂ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਅਜੇ ਵੀ ਉਥੇ 3000 ਸਿੱਖ ਤੇ ਹਿੰਦੂ ਰਹਿੰਦੇ ਹਨ। ਜਲਾਲਾਬਾਦ ਹਮਲੇ ਪਿੱਛੋਂ ਕੁਝ ਸਿੱਖਾਂ ਨੇ ਸ਼ਹਿਰ ਦੇ ਭਾਰਤੀ ਕੌਂਸਲਖਾਨੇ ਵਿਚ ਸ਼ਰਨ ਦੀ ਮੰਗ ਕੀਤੀ ਹੈ। ਜਲਾਲਾਬਾਦ ਵਿਚ ਕਾਪੀਆਂ ਤੇ ਕਿਤਾਬਾਂ ਦੀ ਦੁਕਾਨ ਕਰ ਰਹੇ ਬਲਦੇਵ ਸਿੰਘ ਦਾ ਕਹਿਣਾ ਕਿ ਸਾਡੇ ਕੋਲ ਸਿਰਫ ਦੋ ਬਦਲ ਹਨ, ਇਕ ਅਫਗਾਨਿਸਤਾਨ ਛੱਡ ਕੇ ਭਾਰਤ ਚਲੇ ਜਾਈਏ ਜਾਂ ਮੁਸਲਮਾਨ ਬਣ ਜਾਈਏ। ਭਾਰਤ ਅਫਗਾਨਿਸਤਾਨ ਦੇ ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਲੰਬੀ ਮਿਆਦ ਦਾ ਵੀਜ਼ਾ ਜਾਰੀ ਕਰਦਾ ਹੈ। ਅਫਗਾਨਿਸਤਾਨ ਵਿਚ ਭਾਰਤ ਦੇ ਰਾਜਦੂਤ ਵਿਨੇ ਕੁਮਾਰ ਨੇ ਕਿਹਾ ਕਿ ਉਹ ਭਾਰਤ ਵਿਚ ਜਿੰਨਾ ਚਿਰ ਮਰਜ਼ੀ ਰਹਿ ਸਕਦੇ ਹਨ। ਕੁਮਾਰ ਜਿਹੜੇ ਸੁਰੱਖਿਆ ਸਥਿਤੀ ‘ਤੇ ਚਰਚਾ ਲਈ ਦਿੱਲੀ ਆਏ ਹੋਏ ਹਨ ਨੇ ਕਿਹਾ ਕਿ ਆਖਰੀ ਫ਼ੈਸਲਾ ਉਨ੍ਹਾਂ ਨੇ ਲੈਣਾ ਹੈ। ਅਸੀਂ ਉਨ੍ਹਾਂ ਦੀ ਮਦਦ ਕਰਦੇ ਹਾਂ।
ਅਸੀਂ ਅਫ਼ਗਾਨਿਸਤਾਨ ਤੋਂ ਨਹੀਂ ਜਾਵਾਂਗੇ
ਉਪਰੋਕਤ ਦੇ ਉਲਟ ਕਈ ਸਿੱਖ, ਜਿਨ੍ਹਾਂ ਦੀ ਉਥੇ ਜ਼ਮੀਨ ਤੇ ਕਾਰੋਬਾਰ ਹੈ ਅਤੇ ਭਾਰਤ ਨਾਲ ਕੋਈ ਸਬੰਧ ਨਹੀਂ, ਨੇ ਕਿਹਾ ਕਿ ਉਨ੍ਹਾਂ ਦੀ ਅਫਗਾਨਿਸਤਾਨ ਤੋਂ ਜਾਣ ਦੀ ਕੋਈ ਯੋਜਨਾ ਨਹੀਂ। ਉਹ ਅਫਗਾਨਿਸਤਾਨ ‘ਚ ਹੀ ਰਹਿਣਗੇ। ਕਾਬੁਲ ਵਿਚ ਦੁਕਾਨ ਚਲਾ ਰਹੇ ਸੰਦੀਪ ਸਿੰਘ ਨੇ ਕਿਹਾ ਕਿ ਅਸੀਂ ਡਰਪੋਕ ਨਹੀਂ ਹਾਂ। ਅਫਗਾਨਿਸਤਾਨ ਸਾਡਾ ਦੇਸ਼ ਹੈ ਅਤੇ ਅਸੀਂ ਛੱਡ ਕੇ ਕਿਤੇ ਵੀ ਨਹੀਂ ਜਾ ਰਹੇ।