ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਪਰ ਆਜ਼ਾਦ ਭਾਰਤ ਵਿੱਚ ਉਸੇ ਕੰਪਨੀ ਦੀ ਜਿੱਤ ਦਾ ਉਤਸਵ ਵੀ ਮਨਾਇਆ ਜਾਂਦਾ ਹੈ?
ਤੁਸੀਂ ਦੇਖੋਗੇ ਕਿ ਪੂਣੇ ਦੇ ਨੇੜਲੇ ਪਿੰਡ ਕੋਰੇਗਾਂਵ ਭੀਮਾ ਵਿੱਚ ਹਰ ਸਾਲ ਇਹ ਫ਼ਤਹਿ ਉਤਸਵ ਮਨਾਉਣ ਵਾਲੇ ਲੱਖਾਂ ਦਲਿਤਾਂ ਨੂੰ ਹੁਣ ਤੱਕ ਕਿਸੇ ਰਾਸ਼ਟਰਵਾਦੀ ਨੇ ਗ਼ੱਦਾਰੀ ਦਾ ਸਰਟੀਫਿਕੇਟ ਦੇਣ ਦੀ ਹਿੰਮਤ ਨਹੀਂ ।
ਪਰ ਹੁਣ ਦਲਿਤ ਵਿਰੋਧੀ ਅਖਿਲ ਭਾਰਤੀ ਬ੍ਰਾਹਮਣ ਮਹਾਸੰਘ ਨੇ ਪੂਣੇ ਪੁਲਿਸ ਨੂੰ ਦਰਖ਼ਾਸਤ ਦਿੱਤੀ ਹੈ ਕਿ ਦਲਿਤਾਂ ਨੂੰ ਪੇਸ਼ਵਾ ਦੀ ਡਿਉੜੀ ‘ਸ਼ਨੀਵਾਰ ਵਾਡਾ’ ਵਿੱਚ ਨੁਮਾਇਸ਼ ਕਰਨ ਦੀ ਆਗਿਆ ਨਾ ਦਿੱਤੀ ਜਾਵੇ।ਬ੍ਰਾਹਮਣ ਮਹਾਸੰਘ ਦੇ ਆਨੰਦ ਦਵੇ ਨੇ ਮੀਡੀਆ ਨੂੰ ਕਿਹਾ ਹੈ ਕਿ ਅਜਿਹੇ ਉਤਸਵਾਂ ਨਾਲ ਜਾਤੀ ਭੇਦਭਾਵ ਵਧੇਗਾ।
ਦਲਿਤਾਂ ਦਾ ਉਤਸਵ
ਇਸ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਪੇਸ਼ਵਾ ਸ਼ਾਸਕ ਦਲਿਤਾਂਂ ਦੇ ਬਾਰੇ ਕੀ ਸੋਚਦੇ ਸਨ। ਕਿਵੇਂ ਬ੍ਰਹਮਣ ਵਾਦੀ ਪੇਸ਼ਵਾ ਸ਼ਾਸਕਾ ਂ ਨੇ ਮਹਾਰਾਂ ਦੀ ਸਮਾਜਕ ਅਤੇ ਆਰਥਕ ਦੁਰਦਸ਼ਾ ਲਈ ਜ਼ਿੰਮੇਵਾਰ ਸਮਾਜਕ ਵਿਵਸਥਾ ਨੂੰ ਕਾਇਮ ਰੱਖਣ ਲਈ ਜਾਤੀ ਵਿਤਕਰੇ ਦੇ ਨਿਯਮਾਂ ਨੂੰ ਸਖ਼ਤਾਈ ਨਾਲ ਲਾਗੂ ਕੀਤਾ।
ਕੋਰੇਗਾਂਵ ਭੀਮਾ ਉਹ ਜਗ੍ਹਾ ਹੈ ਜਿੱਥੇ ਠੀਕ ਦੋ ਸੌ ਸਾਲ ਪਹਿਲਾਂ 1 ਜਨਵਰੀ, 1818 ਨੂੰ ਅਛੂਤ ਕਹਾਉਣ ਵਾਲੇ ਲਗਭਗ ਅੱਠ ਸੌ ਮਹਾਰਾਂ ਨੇ ਚਿਤਪਾਵਨ ਬ੍ਰਾਹਮਣ ਪੇਸ਼ਵਾ ਬਾਜੀਰਾਵ ਦੂਸਰੇ ਦੇ 28 ਹਜ਼ਾਰ ਸੈਨਿਕਾਂ ਨੂੰ ਹਾਰ ਦਾ ਮੂੰਹ ਦਿਖਾਇਆ ਸੀ।ਇਹ ਮਹਾਰ ਫ਼ੌਜੀ ਈਸਟ ਇੰਡੀਆ ਕੰਪਨੀ ਵੱਲੋਂ ਲੜੇ ਸਨ ਅਤੇ ਇਸੇ ਲੜਾਈ ਤੋਂ ਬਾਅਦ ਪੇਸ਼ਵਾ ਦੇ ਦਲਿਤ ਵਿਰੋਧੀ ਰਾਜ ਦਾ ਖ਼ਾਤਮਾ ਹੋਇਆ ਸੀ।
ਇਸ ਵਾਰ ਸਾਲ ਦੇ ਪਹਿਲੇ ਦਿਨ ਮਤਲਬ 1 ਜਨਵਰੀ 2018 ਨੂੰ ਦੇਸ ਦੇ ਕਈ ਹਿੱਸੀਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਦਲਿਤ ਕੋਰੇਗਾਂਵ ਭੀਮ ਪਿੰਡ ਵਿੱਚ ਇਕੱਠੇ ਹੋ ਕੇ ਆਪਣੀ ਫ਼ਤਹਿ ਦਾ ਦੋਸੌਵਾਂ ਦਿਹਾੜਾ ਮਨਾਉਣਗੇ।ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਗੁਜਰਾਤ ਦੇ ਵਡਗਾਮ ਤੋਂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਜਿੱਤੇ ਨੌਜਵਾਨ ਦਲਿਤ ਆਗੂ ਜਿਗਨੇਸ਼ ਮੇਵਾਨੀ ਇਸ ਜਸ਼ਨ ਵਿੱਚ ਹਿੱਸਾ ਲੈਣਗੇ।
ਸਨਮਾਨ ਦੀ ਲੜਾਈ
ਜੋ ਇਤਿਹਾਸਕਾਰ ਮਹਾਰਾਂ ਅਤੇ ਪੇਸ਼ਵਾ ਫ਼ੌਜਾਂ ਦੇ ਵਿਚਕਾਰ ਹੋਈ ਇਸ ਲੜਾਈ ਨੂੰ ਵਿਦੇਸ਼ੀ ਹਮਲਾਵਰ ਅੰਗਰੇਜ਼ਾਂ ਦੇ ਖ਼ਿਲਾਫ਼ ਭਾਰਤੀ ਸ਼ਾਸਕਾਂ ਦੀ ਲੜਾਈ ਦੇ ਤੌਰ ‘ਤੇ ਵੇਖਦੇ ਹਨ, ਅਸਲ ਵਿੱਚ ਉਹ ਗ਼ਲਤ ਨਹੀਂ ਹਨ।ਪਰ ਇਹ ਸਵਾਲ ਪੁੱਛਿਆ ਹੀ ਜਾਣਾ ਚਾਹੀਦਾ ਹੈ ਕਿ ਆਖ਼ਰ ਮਹਾਰ ਅੰਗਰੇਜ਼ਾਂ ਦੇ ਨਾਲ ਮਿਲ ਕੇ ਬ੍ਰਾਹਮਣ ਪੇਸ਼ਵਾ ਦੇ ਖ਼ਿਲਾਫ਼ ਕਿਉਂ ਲੜੇ?
ਮਹਾਰਾਂ ਲਈ ਇਹ ਅੰਗਰੇਜ਼ਾਂ ਦੀ ਨਹੀਂ ਸਗੋਂ ਆਪਣੇ ਸਨਮਾਨ ਦੀ ਲੜਾਈ ਸੀ। ਇਹ ਉਨ੍ਹਾਂ ਦੇ ਲਈ ਚਿਤਪਾਵਨ ਬ੍ਰਾਹਮਣ ਵਿਵਸਥਾ ਤੋਂ ਬਦਲਾ ਲੈਣ ਦਾ ਇੱਕ ਮੌਕਾ ਸੀ ਕਿਉਂਕਿ ਦੋ ਸੌ ਸਾਲ ਪਹਿਲਾਂ ਪੇਸ਼ਵਾ ਹੁਕਮਰਾਨਾਂ ਨੇ ਮਹਾਰਾਂ ਨੂੰ ਜਾਨਵਰਾਂ ਤੋਂ ਵੀ ਹੇਠਲੇ ਦਰਜੇ ਵਿੱਚ ਰੱਖਿਆ ਸੀ।ਜਾਤ-ਪ੍ਰਬੰਧ ਤੋਂ ਬਾਹਰ ਮੰਨੇ ਗਏ ਅਛੂਤਾਂ ਦੇ ਨਾਲ ਜੋ ਰਵੱਈਆ ਪੁਰਾਣੇ ਭਾਰਤ ਵਿੱਚ ਹੁੰਦਾ ਸੀ, ਉਹੀ ਰਵੱਈਆ ਪੇਸ਼ਵਾ ਹੁਕਮਰਾਨਾਂ ਨੇ ਮਹਾਰਾਂ ਦੇ ਨਾਲ ਕੀਤਾ।
ਇਤਿਹਾਸਕਾਰਾਂ ਨੇ ਕਈ ਥਾਵਾਂ ‘ਤੇ ਵੇਰਵੇ ਦਿੱਤੇ ਹਨ ਕਿ ਨਗਰ ਵਿੱਚੋਂ ਲੰਘਣ ਵੇਲੇ ਮਹਾਰਾਂ ਨੂੰ ਆਪਣੇ ਲੱਕ ਨਾਲ ਇੱਕ ਝਾੜੂ ਬੰਨ੍ਹ ਕੇ ਚੱਲਣਾ ਪੈਂਦਾ ਸੀ ਤਾਕਿ ਉਨ੍ਹਾਂ ਦੇ ਦੂਸ਼ਿਤ ਅਤੇ ਅਸ਼ੁੱਧ ਪੈਰਾਂ ਦੇ ਨਿਸ਼ਾਨ ਉਨ੍ਹਾਂ ਦੇ ਪਿੱਛੇ ਲਮਕਦੇ ਝਾੜੂ ਨਾਲ ਮਿਟ ਜਾਣ।ਉਨ੍ਹਾਂ ਨੂੰ ਆਪਣੇ ਗਲੇ ਵਿੱਚ ਇੱਕ ਭਾਂਡਾ ਵੀ ਲਮਕਾਉਣਾ ਪੈਂਦਾ ਸੀ ਤਾਕਿ ਉਹ ਉਸ ਵਿੱਚ ਥੁੱਕ ਸਕਣ ਅਤੇ ਉਨ੍ਹਾਂ ਦੇ ਥੁੱਕ ਨਾਲ ਕੋਈ ਸਵਰਨ ਦੂਸ਼ਿਤ ਅਤੇ ਅਸ਼ੁੱਧ ਨਾ ਹੋਵੇ। ਉਹ ਸਵਰਨਾਂ ਦੇ ਖੂਹ ਜਾਂ ਤਲਾਅ ਤੋਂ ਪਾਣੀ ਕੱਢਣ ਬਾਰੇ ਸੋਚ ਵੀ ਨਹੀਂ ਸਕਦੇ ਸਨ।
ਬ੍ਰਿਟਿਸ਼ ਈਸਟ ਇੰਡੀਆ ਕੰਪਨੀ
ਇਹ ਪੁਰਾਣੇ ਭਾਰਤ ਤੋਂ ਚਲੇ ਆ ਰਹੇ ਉਹ ਨਿਯਮ ਸਨ ਜਿਨ੍ਹਾਂ ਦੇ ਖ਼ਿਲਾਫ਼ ਬੋਧੀ, ਜੈਨ, ਅਜਿੱਤ ਕੇਸਕੰਬਲਿਨ ਜਾਂ ਮੱਖਲਿਪੁੱਤ ਗੋਸਾਲ ਵਰਗੇ ਭਾਈਚਾਰੇ ਵਾਰ-ਵਾਰ ਵਿਦਰੋਹ ਕਰਦੇ ਰਹੇ, ਪਰ ਹਰ ਵਾਰ ਇਸ ਦਲਿਤ ਵਿਰੋਧੀ ਪ੍ਰਬੰਧ ਨੂੰ ਮੂੜ੍ਹ ਸੁਰਜੀਤ ਕੀਤਾ ਗਿਆ।ਅਜਿਹੀ ਵਿਵਸਥਾ ਵਿੱਚ ਰਹਿਣ ਵਾਲੇ ਮਹਾਰ ਦਲਿਤ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫ਼ੌਜ ਵਿੱਚ ਸ਼ਾਮਿਲ ਹੋ ਕੇ ਲੜੇ ਤਾਂ ਉਹ ਪੇਸ਼ਵਾ ਦੇ ਸੈਨਿਕਾਂ ਦੇ ਨਾਲ ਨਾਲ ਚਿਤਪਾਵਨ ਬ੍ਰਾਹਮਣ ਹੁਕਮਰਾਨ ਦੀ ਜ਼ਾਲਮ ਵਿਵਸਥਾ ਦੇ ਖ਼ਿਲਾਫ਼ ਬਦਲਾ ਵੀ ਲੈ ਰਹੇ ਸਨ।
ਹੁਣ ਇਸ ਲੜਾਈ ਦੇ ਦੋ ਸੌ ਸਾਲ ਮਨਾਉਣ ਲਈ ਜਦੋਂ 2018 ਦੇ ਪਹਿਲੇ ਦਿਨ ਅਣਗਿਣਤ ਦਲਿਤ ਸੰਗਠਨਾਂ ਦੇ ਹਜ਼ਾਰਾਂ ਲੋਕ ਕੋਰੇਗਾਂਵ ਭੀਮ ਵਿੱਚ ਇਕੱਠਾ ਹੋਣਗੇ ਤਾਂ ਉਹ ਈਸਟ ਇੰਡੀਆ ਕੰਪਨੀ ਦੀਆਂ ਨਹੀਂ ਸਗੋਂ ਵਿਤਕਰੇ ‘ਤੇ ਆਧਾਰਿਤ ਬ੍ਰਾਹਮਣਵਾਦੀ ਪੇਸ਼ਵਾ ਵਿਵਸਥਾ ਦੇ ਖ਼ਿਲਾਫ਼ ਦਲਿਤਾਂ ਦੀ ਫ਼ਤਹਿ ਦਾ ਜਸ਼ਨ ਮਨਾ ਰਹੇ ਹੋਣਗੇ।
ਜਾਤੀ ਵਿਤਕਰੇ ਦੇ ਸਬੂਤ
ਇਸ ਜਸ਼ਨ ਵਿੱਚ ਸ਼ਾਮਿਲ ਦਲਿਤ ਨੌਜਵਾਨਾਂ ਲਈ ਦੋ ਸੌ ਸਾਲ ਪੁਰਾਣੇ ਇਤਿਹਾਸ ਦੀ ਸਿਰਫ਼ ਸੰਕੇਤਕ ਅਹਿਮੀਅਤ ਹੀ ਹੋਵੇਗੀ, ਪਰ ਜਾਤੀ ਵਿਤਕਰੇ ਦੇ ਸਬੂਤ ਉਨ੍ਹਾਂ ਨੂੰ ਮੌਜੂਦਾ ਦੌਰ ਦੀਆਂ ਅਸਲੀ ਘਟਨਾਵਾਂ ਤੋਂ ਮਿਲ ਰਹੀਆਂ ਹਨ। ਇਹੀ ਅਸਲੀ ਉਦਾਹਰਨਾਂ ਉਨ੍ਹਾਂ ਨੂੰ ਆਪਣੀ ਸਿਆਸਤ ਤੈਅ ਕਰਨ ਵਿੱਚ ਯਕੀਨਨ ਹੀ ਮਦਦ ਕਰਨਗੇ।ਜਿਵੇਂ ਦਲਿਤ ਨੌਜਵਾਨ ਭੁੱਲਿਆ ਨਹੀਂ ਹੈ ਕਿ ਸਹਾਰਨਪੁਰ ਦੇ ਨੌਜਵਾਨ ਦਲਿਤ ਨੇਤਾ ਚੰਦਰਸ਼ੇਖਰ ਆਜ਼ਾਦ ‘ਰਾਵਣ’ ਨੂੰ ਅਦਾਲਤ ਤੋਂ ਜ਼ਮਾਨਤ ਮਿਲਦੇ ਹੀ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਅਨਾਥ ਸਰਕਾਰ ਨੇ ਉਨ੍ਹਾਂ ਉੱਤੇ ਰਾਸ਼ਟਰੀ ਸੁਰੱਖਿਆ ਕਨੂੰਨ ਲਾ ਦਿੱਤਾ ਤਾਂਕਿ ਉਹ ਜੇਲ੍ਹ ਤੋਂ ਬਾਹਰ ਨਾ ਆ ਸਕੇ।
ਪਰ ਦੂਜੇ ਪਾਸੇ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਭਾਜਪਾ ਸਰਕਾਰ ਵਾਲੇ ਸੂਬਿਆਂ ਵਿੱਚ ਪਹਿਲੂ ਖ਼ਾਨ ਦੀ ਹੱਤਿਆ ਦੇ ਜੁਰਮ ਵਿੱਚ ਫੜੇ ਗਏ ਛੇ ਲੋਕਾਂ ਉੱਤੇ ਲੱਗੇ ਇਲਜ਼ਾਮ ਵਾਪਸ ਲੈ ਲਈ ਗਏ ਹਨ।ਦਾਦਰੀ ਦੇ ਮੁਹੰਮਦ ਅਖ਼ਲਾਕ ਦੀ ਹੱਤਿਆ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਇੱਕ ਮੁਲਜ਼ਮ ਦੀ ਮੌਤ ਉੱਤੇ ਦੇਸ਼ ਦੇ ਸੱਭਿਆਚਾਰਕ ਮੰਤਰੀ ਮਹੇਸ਼ ਸ਼ਰਮਾ ਨੇ ਉਸ ਨੂੰ ਸ਼ਹੀਦਾਂ ਵਾਲਾ ਆਦਰ ਦਿੱਤਾ।
ਰਾਜਸਥਾਨ ਦੇ ਰਾਜਸਮੰਦ ਸ਼ਹਿਰ ਵਿੱਚ ਅਫਰਾਜੁੱਦੀਨ ਨੂੰ ਸ਼ਰੇਆਮ ਕਤਲ ਕਰਨ ਵਾਲੇ ਹਿੰਦੂਤਵ ਸਮਰਥਕ ਸ਼ੰਭੁਲਾਲ ਰੈਗਰ ਦੇ ਬਾਰੇ ਵਿੱਚ ਹੁਣ ਪੁਲਿਸ ਕਹਿ ਰਹੀ ਹੈ ਕਿ ਇਹ ਹੱਤਿਆ ਗ਼ਲਤਫ਼ਹਿਮੀ ਵਿੱਚ ਹੋ ਗਈ।ਬਹਾਦੁਰਗੜ ਦੇ ਕੋਲ ਚੱਲਦੀ ਰੇਲਗੱਡੀ ਵਿੱਚ ਕੁੱਟ-ਕੁੱਟ ਕਰ ਮਾਰੇ ਗਏ ਜੁਨੈਦ ਦੇ ਘਰ ਵਾਲੇ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਹਨ।
ਇਸ ਲਈ ਕੋਰੇਗਾਂਵ ਭੀਮਾ ਵਿੱਚ ਮਹਾਰ ਸੈਨਿਕਾਂ ਦੀ ਫ਼ਤਹਿ ਦੇ ਦੋ ਸੌ ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ਸ਼ਾਮਿਲ ਹੋ ਕੇ ਦਲਿਤ ਦਰਅਸਲ ਅੱਜ ਦੀ ਸਿਆਸਤ ਵਿੱਚ ਆਪਣੀ ਜਗ੍ਹਾ ਭਾਲਣ ਦੇ ਯਤਨਾਂ ਦੇ ਨਾਲ ਨਾਲ ਬ੍ਰਾਹਮਣਵਾਦੀ ਪੇਸ਼ਵਾ ਵਿਵਸਥਾ ਨੂੰ ਆਦਰਸ਼ ਮੰਨਣ ਵਾਲੇ ਹਿੰਦੂਤਵ-ਵਾਦੀ ਵਿਚਾਰਾਂ ਦਾ ਵਿਰੋਧ ਵੀ ਕਰ ਰਹੇ ਹੋਣਗੇ।