ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਸੈਰ-ਸਪਾਟਾ ਵਿਭਾਗ ਪੰਜਾਬ ਦੀ ਦੇਖ-ਰੇਖ ਹੇਠ ਅਕਬਰੀ ਤਖ਼ਤ ਨੇੜੇ ਬਣਾਈ ਜਾ ਰਹੀ ਪਾਰਕਿੰਗ ਦਾ ਨਿਰਮਾਣ ਠੰਢੇ ਬਸਤੇ ਵਿੱਚ ਪਿਆ ਹੋਇਆ ਹੈ। ਇਥੋਂ ਤੱਕ ਕਿ ਪਾਰਕਿੰਗ ਦਾ ਕੰਮ ਮੁਕੰਮਲ ਹੋਣ ਤੋਂ ਪਹਿਲਾਂ ਹੀ ਚਾਰ ਦੀਵਾਰੀ ’ਤੇ ਲਾਏ ਸੁਰਖੀ ਰੰਗ ਦੇ ਪੱਥਰ ਡਿੱਗਣੇ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਪਾਰਕਿੰਗ ’ਚ ਵੱਡੇ ਪੱਧਰ ਤੇ ਘਾਹ-ਬੂਟੀ ਉੱਗੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਅਗਸਤ 2018 ਨੂੰ ਸਵਦੇਸ਼ ਦਰਸ਼ਨ ਯੋਜਨਾ ਤਹਿਤ ਪੰਜਾਬ ਦੇ 28 ਇਤਿਹਾਸਕ ਸਥਾਨਾਂ ਲਈ ਗ੍ਰਾਂਟ ਜਾਰੀ ਕੀਤੀ ਸੀ ਜਿਸ ਤਹਿਤ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਿਰ, ਬਾਬਾ ਬੰਦਾ ਸਿੰਘ ਬਹਾਦਰ ਗੁਰੂਦੁਆਰਾ ਸਾਹਿਬ ਤੇ ਮੁਗਲ ਸਮਰਾਟ ਜਲਾਲੁੱਦੀਨ ਮੁਹੰਮਦ ਅਕਬਰ ਦੇ ਤਖ਼ਤ ਲਈ 7 ਕਰੋੜ ਰੁਪਏ ਗ੍ਰਾਂਟ ਜਾਰੀ ਕੀਤੀ ਗਈ ਸੀ। ਇਸ ਤਹਿਤ ਪ੍ਰਾਚੀਨ ਸ਼ਿਵ ਮੰਦਿਰ ਕਲਾਨੌਰ ਤੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਲਾਨੌਰ ਦੇ ਨਜ਼ਦੀਕ ਦੋ ਪਾਰਕਿੰਗਾਂ ਦਾ ਨਿਰਮਾਣ ਕਰੀਬ ਸਵਾ ਦੋ ਸਾਲ ਪਹਿਲਾਂ ਹੋ ਚੁੱਕਾ ਸੀ। ਜਦਕਿ ਅਕਬਰ ਦੇ ਤਖ਼ਤ ਨੇੜੇ ਪੌਣੇ ਦੋ ਕਰੋੜ ਰੁਪਏ ਦੀ ਲਾਗਤ ਨਾਲ ਪਾਰਕਿੰਗ ਦਾ ਕੰਮ ਪਿਛਲੇ ਸਾਲ ਸ਼ੁਰੂ ਕਰਵਾਇਆ ਗਿਆ ਸੀ। ਇਸ ਵਿੱਚ ਸੈਲਾਨੀਆਂ ਲਈ ਗੁਸਲਖਾਨੇ, ਪਖਾਨੇ ਬਣਾਉਣ ਤੋਂ ਇਲਾਵਾ ਪਾਰਕਿੰਗ ਦੀ ਚਾਰਦੀਵਾਰੀ, ਪਾਣੀ ਦੀਆਂ ਅੰਡਰ ਗਰਾਊਂਡ ਪਾਈਪ ਲਾਈਨਾਂ ਤੇ ਬਿਜਲੀ ਦੀ ਅੰਡਰਗਰਾਊਂਡ ਸਪਲਾਈ, ਪਾਰਕਿੰਗ ’ਚ 37 ਵੱਡੀਆਂ ਤੇ ਛੋਟੀਆਂ ਲਾਈਟਾਂ, ਚਾਰਦੀਵਰੀ ਦੇ ਨਿਰਮਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।

ਇਸ ਦੇ ਬਾਵਜੂਦ ਪਾਰਕਿੰਗ ਵਿਚ ਸਜਾਵਟੀ ਬੂਟੇ ਤੇ ਘਾਹ ਲਾਉਣ ਤੋਂ ਇਲਾਵਾ ਬਾਥਰੂਮ, ਪਾਣੀ ਵਾਲੀ ਟੈਂਕੀ ਅਤੇ ਮਾਰਗ ਤੇ ਲਾਈਟਾਂ ਆਦਿ ਲਾਉਣ ਦਾ ਕੰਮ ਅਜੇ ਵੀ ਅਧੂਰੇ ਹੈ। 31 ਮਾਰਚ ਤੱਕ ਪਾਰਕਿੰਗ ਦਾ ਕੰਮ ਮੁਕੰਮਲ ਹੋਣਾ ਸੀ ਪਰ ਅਫ਼ਸੋਸ ਅਜੇ ਤੱਕ ਵੀ ਕੰਮ ਅਧੂਰਾ ਪਿਆ ਹੋਇਆ ਹੈ।

ਪਾਰਕਿੰਗ ਦਾ ਨਿਰਮਾਣ ਕਰਵਾ ਰਹੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਪਾਰਕਿੰਗ ਦੇ ਨਿਰਮਾਣ ਲਈ ਮਿਲਣ ਵਾਲੀ 50 ਫ਼ੀਸਦ ਅਦਾਇਗੀ ਰੁਕਣ ਕਾਰਨ ਕੰਮ ਬੰਦ ਪਿਆ ਹੋਇਆ ਹੈ। ਜਦਕਿ ਪਾਰਕਿੰਗ ਦਾ ਨਿਰਮਾਣ 70 ਫੀਸਦੀ ਮੁਕੰਮਲ ਕਰ ਲਿਆ ਗਿਆ ਹੈ ਅਤੇ ਅਦਾਇਗੀ ਮਿਲਣ ਤੇ ਨਿਰਮਾਣ ਮੁਕੰਮਲ ਕਰ ਲਿਆ ਜਾਵੇਗਾ।

ਨਿਰਾਸ਼ ਹੋ ਕੇ ਮੁੜ ਰਹੇ ਨੇ ਸੈਲਾਨੀ

ਸੈਲਾਨੀ ਜਗਰੂਪ ਸਿੰਘ, ਸਿਮਰਨਜੀਤ ਸਿੰਘ, ਹਰਦੇਵ ਸਿੰਘ, ਹਰਜੀਤ ਸਿੰਘ, ਬਲਵਿੰਦਰ ਸਿੰਘ, ਮੋਹਿਤ ਦਾਸ, ਰਾਜਨ ਸ਼ਰਮਾ, ਵਿਕਟਰ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਬਣਾਈ ਜਾ ਰਹੀ ਪਾਰਕਿੰਗ ਦਾ ਕੰਮ ਮੁਕੰਮਲ ਹੋਣ ਤੋਂ ਪਹਿਲਾਂ ਹੀ ਚਾਰਦੀਵਾਰੀ ਤੇ ਲਾਏ ਪੱਥਰ ਡਿੱਗ ਰਹੇ ਹਨ ਅਤੇ ਕੰਧ ਦੀਆਂ ਨੀਹਾਂ ਵਿੱਚ ਪਾਣੀ ਪੈ ਰਿਹਾ ਹੈ। ਇਸ ਤੋਂ ਇਲਾਵਾ ਚੌਗਿਰਦੇ ਵਿਚ ਘਾਹ-ਬੂਟੀ ਉੱਗ ਗਈ ਹੈ। ਤਾਜਪੋਸ਼ੀ ਤਖਤ ਤੇ ਅਕਬਰ ਦੀ ਜੀਵਨੀ ਸਬੰਧੀ ਪਹਿਲਾਂ ਸੂਚਨਾ ਬੋਰਡ ਲਾਇਆ ਹੋਇਆ ਸੀ ਪਰ ਹੁਣ ਤਾਜਪੋਸ਼ੀ ਤਖ਼ਤ ਤੇ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗਰੇਜੀ ਭਾਸ਼ਾ ਵਿੱਚ ਛੋਟੀਆਂ-ਛੋਟੀਆਂ ਸ਼ਿਲਾਨੁਮਾ ਪੱਥਰ ਤੇ ਅਕਬਰ ਦੇ ਇਤਿਹਾਸ ਸਬੰਧੀ ਮਾਮੂਲੀ ਜਾਣਕਾਰੀ ਅੰਕਿਤ ਕੀਤੀ ਹੋਈ ਹੈ। ਪਾਰਕਿੰਗ ਦਾ ਨਿਰਮਾਣ ਅਧੂਰਾ ਹੈ ਉਥੇ ਤਖ਼ਤ ਦੀ ਪੁਰਾਤੱਤਵ ਵਿਭਾਗ ਵੱਲੋਂ ਸਾਰ ਨਾ ਲੈਣ ਕਾਰਨ ਤਖ਼ਤ ਦਾ ਸੁਰਖੀ ਰੰਗ ਕਾਲੇ ਰੰਗ ’ਚ ਤਬਦੀਲ ਹੋ ਰਿਹਾ ਹੈ।