Ad-Time-For-Vacation.png

ਵੱਡੇ ਪੁਲਿਸ ਅਫ਼ਸਰਾਂ ਦੀ ਖ਼ਾਨਾਜੰਗੀ…

 

ਜਸਪਾਲ ਸਿੰਘ ਹੇਰਾਂ

ਜੇ “ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ  ਫਿਰ ਖੇਤ ਦਾ ਰੱਬ ਹੀ ਰਾਖਾ’’ ਕੈਪਟਨ ਸਰਕਾਰ ਦੇ ਵੱਡੇ ਪੁਲਿਸ ਅਫਸਰਾਂ ਦੀ ਆਪੋ ‘ਚ ਖਿਚੋਤਾਣ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਡੀ.ਜੀ.ਪੀ ਸੁਰੇਸ਼ ਅਰੋੜਾ ਤੋਂ ਲੈ ਕੇ ਭਿ੍ਰਸ਼ਟਾਚਾਰ ਦੇ ਮੁੱਦੇ ‘ਤੇ ਸਾਰਾ ਹੀ ਆਵਾ ਊਤਿਆ ਪਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚੋਣ ਪ੍ਰਚਾਰ ਸ਼ੁਰੂ ਕਰਨ ਸਮੇਂ ਪਵਿੱਤਰ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਸਹੁੰ ਖਾਧੀ ਸੀ ਕਿ ਉਹ ਸਰਕਾਰ ਆਉਣ ‘ਤੇ ਸਿਰਫ਼ ਚਾਰ ਹਫ਼ਤਿਆ ਵਿੱਚ ਹੀ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਗੇ,ਪ੍ਰੰਤੂ 13 ਮਹੀਨੇ ਬੀਤ ਜਾਣ ਦੇ ਬਾਵਜੂਦ ,ਪੰਜਾਬ ‘ਚ ਨਸ਼ਿਆਂ ਦਾ ਵੱਗਦਾ ਦਰਿਆ ,ਉਵੇਂ ਹੀ ਸ਼ੂਕ ਰਿਹਾ ਹੈ ,ਜਿਵੇਂ ਬਾਦਲਾਂ ਦੇ ਰਾਜ ‘ਚ ਸ਼ੂਕਦਾ ਸੀ। ਉਸਦੀ ਅਸਲੀਅਤ ਪੰਜਾਬ ਪੁਲਿਸ  ਦੇ ਵੱਡੇ ਅਫ਼ਸਰਾਂ ਦੀ ਖ਼ਾਨਾਜੰਗੀ ਤੋਂ ਬਾਅਦ ਸਾਹਮਣੇ ਆਈ ਹੈ। ਨਸ਼ਿਆਂ ਲਈ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਨਵੀਂ ਫੋਰਸ ਐੱਸ .ਟੀ ਐਫ ਦੇ ਨਾਂ ਥੱਲੇ ਖੜੀ ਕੀਤੀ ਸੀ,ਪਹਿਲਾਂ ਉਸਦਾ ਮੁਖੀ ਹਰਪ੍ਰੀਤ ਸਿੰਘ ਸਿੱਧੂ ਦੀ ਮੋਗਾ ਦੇ ਐੱਸ.ਐੱਸ.ਪੀ ਰਾਜਜੀਤ ਸਿੰਘ ਨਾਲ ਨਸ਼ਿਆਂ ਦੇ ਮੁੱਦੇ ‘ਤੇ ਆਹਮੋ-ਸਾਹਮਣੀ ਟੱਕਰ ਹੋ ਗਈ । ਦੋਵਾਂ ਨੇ ਇੱਕ-ਦੂਜੇ ‘ਤੇ ਸ਼ਰੇਆਮ ਦੋਸ਼ ਲਾ ਦਿੱਤੇ। ਪ੍ਰੰਤੂ ਕੈਪਟਨ ਸਰਕਾਰ ਕੁੰਭਕਰਨੀ ਨੀਂਦ ਸੌਂ ਗਈ । ਕਿਸੇ ਨੇ  ਦੋਵਾਂ ਪੁਲਿਸ ਅਫ਼ਸ਼ਰਾਂ ‘ਚੋਂ ਕੌਣ ਸੱਚਾ ਤੇ ਕੌਣ ਝੂਠਾ ਪਰਖ਼ਣ ਦੀ ਅਤੇ ਝੂਠੇ ਨੂੰ ਸਜ਼ਾ ਦੇਣ ਦੀ ਭੋਰਾ-ਭਰ ਵੀ ਕੋਸ਼ਿਸ਼ ਨਹੀਂ ਕੀਤੀ। ਜਿਸ ਐਸ.ਐਸ.ਪੀ ‘ਤੇ ਨਸ਼ਾ ਵਿਰੋਧੀ  ਗਠਿਤ ਕੀਤੀ ਵਿਸ਼ੇਸ਼ ਟਾਸਕ ਫੋਰਸ ਦਾ ਮੁਖੀ ਨਸ਼ਾ ਸਮੱਗਲਰਾਂ ਦਾ ਸਾਥੀ ਹੋਣ ਦਾ ਦੋਸ਼ ਲਾਵੇ ,ਪ੍ਰੰਤੂ ਸਰਕਾਰ ਟੱਸ ਤੋਂ ਮੱਸ ਨਾ ਹੋਵੇ ਫਿਰ ਉਸ ਸੂਬੇ ‘ਚੋਂ ਨਸ਼ਿਆ ਦਾ ਕਾਲਾ ਧੰਦਾ ਕਿਵੈਂ ਠੱਲਿਆ ਜਾ ਸਕੇਗਾ?

ਗੱਲ ਇਥੇ ਹੀ ਨਹੀਂ ਰੁਕੀ ,ਜਿਸ ਵੱਡੇ ਪੁਲਿਸ ਅਫ਼ਸਰ ਨੂੰ ਇਸ ਵਿਵਾਦ ਦੀ ਜਾਂਚ ਸੌਂਪੀ ਗਈ ਸੀ, ਹੁਣ ਉਸ ਵੱਡੇ ਪੁਲਿਸ ਅਫ਼ਸਰ ਚਟੋਉਪਾਧਿਆਏ ਨੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ‘ਤੇ ਦੋਸ਼ ਲਾ ਦਿੱਤੇ ਹਨ ਕਿ ਨਸ਼ਿਆਂ ਦਾ ਵਗਦਾ ਦਰਿਆ ਨਿਕਲਦਾ ਹੀ ਵੱਡੇ ਘਰਾਂ ‘ਚੋਂ ਹੈ। ਉਹਨਾਂ ਦੀ ਜਾਂਚ ਇਸਦੀਆਂ ਜੜਾਂ ਤੱਕ ਜਾ ਪੁੱਜੀ ਹੈ, ਜਿਸ ਕਾਰਨ ਉਹਨਾਂ ਨੂੰ ਝੂਠੇ ਕੇਸ ‘ਚ ਫਸਾਉਣ ਦੀਆਂ ਸਾਜਿਸ਼ਾਂ ਸ਼ੁਰੂ ਹੋ ਗਈਆਂ ਹਨ। ਜੇ ਇੱਕ ਡੀ.ਜੀ.ਪੀ ਰੈਂਕ ਦੇ ਪੁਲਿਸ ਅਫ਼ਸਰ ਨੂੰ ਝੂਠੇ ਪੁਲਿਸ ਕੇਸ ‘ਚ ਫਸਾਇਆ ਜਾ ਸਕਦਾ ਹੈ, ਫਿਰ ਪੰਜਾਬ ‘ਚ ਸੁਰੱਖਿਅਤ ਕੌਣ ਹੋ ਸਕਦਾ ਹੈ? ਕੈਪਟਨ ਸਰਕਾਰ ਹੁਣ ਵੱਡੇ ਪੁਲਿਸ ਅਫ਼ਸਰਾਂ ਦੀ ਇਸ “ਨੂਰਾ-ਕੁਸ਼ਤੀ” ‘ਤੇ ਕੀ ਸਟੈਂਡ ਲੈਂਦੀ ਹੈ ਜਾਂ ਫਿਰ ਜਿਹੜੀ ਅਫ਼ਵਾਹ ਚੰਡੀਗੜ ‘ਚ ਚੱਲ ਰਹੀ ਹੈ ਕਿ ਮੁਖ ਮੰਤਰੀ ਸਾਬ, ਜਿਹੜੇ ਵੱਡੇ ਪੁਲਿਸ ਅਫ਼ਸਰ ‘ਤੇ ਲੋੜ ਤੋਂ ਵੱਧ ਭਰੋਸਾ ਕਰੀ ਬੈਠੇ ਹਨ ,ਉਹ ਵੀ “ਪੱਲੀ ” ਵਿਛਾ ਕੇ ਬੈਠਾ  ਹੋਇਆ ਹੈ ਤੇ ਵੱਡੇ ਪੁਲਿਸ ਅਫ਼ਸਰਾਂ ਦੀ ਬਦਲੀ ਲਈ ਰੇਟ ਸੂਚੀ ਚੰਡੀਗੜ ਦੇ ਹਰ ਵੱਡੇ ਹੋਟਲ ‘ਚ ਲੱਗੀ ਹੋਈ ਹੈ। ਜਿਸ ਤੋਂ ਇਹ ਸ਼ੰਕਾ ਵੀ ਖੜੀ ਹੋ ਗਈ ਹੈ ਕਿ ਸੂਬੇ ’ਚੋਂ ਨਸ਼ਾ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੇ ਵੀ ਉਸ ਵੱਗਦੀ ਗੰਗਾ ‘ਚ ਖ਼ੁਦ ਵੀ ਹੱਥ ਧੋਅ ਰਹੇ ਹਨ। ਫਿਰ “ਰਾਣੀ ਨੂੰ ਅੱਗਾ ਢੱਕਣ ਲਈ ਕੌਣ ਆਖੇਗਾ”।

ਵੱਡੇ ਅਫ਼ਸਰਾਂ ਦੇ ਆਪੋ-ਵਿੱਚ ਉਲਝਣ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਪੰਜਾਬ ‘ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਅਫ਼ਸਰਸ਼ਾਹੀ ਪੂਰੀ   ਤਰਾਂ ਬੇਲਗ਼ਾਮ ਹੈ। ਇਸ ਲਈ ਪੰਜਾਬ ‘ਚ ਕੋਈ “ਕਾਇਦਾ-ਕਾਨੂੰਨ” ਰਹਿ ਹੀ ਨਹੀਂ ਗਿਆ। ਫਿਰ ਪੰਜਾਬ ‘ਚੋਂ ਭਿ੍ਰਸ਼ਟਾਚਾਰ ਦੇ ਖ਼ਾਤਮੇ ਦਾ ਤਾਂ ਸੁਫ਼ਨਾ ਵੀ ਨਹੀਂ ਲਿਆ ਜਾ ਸਕਦਾ। ਜਦੋਂ ਤੱਕ ਭਿ੍ਰਸ਼ਟਾਚਾਰ ਹੈ, ਉਦੋਂ ਤੱਕ ਮਾਫ਼ੀਆ ਵੀ  ਪੂਰੀ ਤਰਾਂ ਸ਼ਕਤੀਸ਼ਾਲੀ ਰਹੇਗਾ ਤੇ ਨਸ਼ਿਆ ਦਾ ਦਰਿਆ ਵੀ ਸ਼ੂਕਦਾ ਰਹੇਗਾ। ਪੰਜਾਬ  ਨੂੰ ਬਚਾਉਣ ਲਈ ਸਮੁੱਚੇ ਪੰਜਾਬੀਆਂ ਦਾ ਜਾਗਣਾ ਤੇ ਉੱਠ ਖੜੇ ਹੋਣਾ ਹੁਣ ਸਭ ਤੋਂ ਵਧੇਰੇ ਜ਼ਰੂਰੀ ਹੋ ਗਿਆ ਹੈ ਨਹੀਂ ਤਾਂ ਫਿਰ ਜਦੋਂ ਇਹ ਸਾਫ਼ ਹੋ ਗਿਆ ਹੈ ਕਿ “ਇੱਕ ਨੂੰ ਕੀ ਰੋਨੀਂ ਏ ਊਤ ਗਿਆ ਹੈ ਆਵਾ ” ਆਵੇ ਨੂੰ ਲੋਕ ਲਹਿਰ ਹੀ ਸੁਧਾਰ ਸਕਦੀ ਹੈ ਹੋਰ ਕੋਈ ਨਹੀਂ ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.