ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਰਾਮੇਸ਼ਵਰਮ ਲੋਹੀਆ ਹਸਪਤਾਲ ‘ਚ ਦਾਖ਼ਲ ਤਿੰਨ ਸ਼ੱਕੀ ਮਰੀਜ਼ਾਂ ਦੇ ਖ਼ੂਨ ਦੇ ਨਮੂਨੇ ਜਾਂਚ ਲਈ ਪੂਣੇ ਸਥਿਤ ਰਾਸ਼ਟਰੀ ਵਾਇਰੋਲਾਜੀ ਸੰਸਥਾ ਭੇਜ ਦਿੱਤੇ ਗਏ ਹਨ। ਹਸਪਤਾਲ ਦੀ ਮੁਖੀ ਡਾ. ਮੀਨਾਕਸ਼ੀ ਭਾਰਦਵਾਜ ਅਨੁਸਾਰ, ਸੋਮਵਾਰ ਨੂੰ ਭਰਤੀ ਇਨ੍ਹਾਂ ਮਰੀਜ਼ਾਂ ‘ਚ ਇਕ ਗਾਜ਼ੀਆਬਾਦ, ਜਦੋਂ ਦੋ ਦਿੱਲੀ ਦੇ ਰਹਿਣ ਵਾਲੇ ਹਨ। ਤਿੰਨੇ ਚੀਨ ਤੋਂ ਆਏ ਸਨ। ਥਾਈਲੈਂਡ ਨਿਵਾਸੀ ਲੜਕੀ ਨੂੰ ਤਿੰਨ ਦਿਨ ਪਹਿਲਾਂ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਸੋਮਵਾਰ ਨੂੰ ਉਸ ਦੀ ਮੌਤ ਹੋ ਗਈ। ਹਾਲਾਂਕਿ ਉਸ ਦੀ ਮੌਤ ਕੋਰੋਨਾ ਵਾਇਰਸ ਨਾਲ ਹੀ ਹੋਈ ਹੈ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਯੂਪੀ ਦੇ ਸਾਰੇ ਜ਼ਿਲ੍ਹਿਆਂ ‘ਚ ਆਈਸੋਲੇਸ਼ਨ ਵਾਰਡ ਬਣਾਏ ਗਏ

ਉੱਤਰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ‘ਚ ਦਸ ਬੈੱਡ ਦੇ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ। ਲਖਨਊ, ਵਾਰਾਨਸੀ ਸਮੇਤ ਸਾਰੇ ਹਵਾਈ ਅੱਡਿਆਂ ‘ਤੇ ਜਾਂਚ ਟੀਮਾਂ ਦੇ ਨਾਲ ਹੀ ਹੈਲਪ ਡੈਸਕ ਬਣਾਏ ਗਏ ਹਨ। ਮਹਾਰਾਜਗੰਜ ‘ਚ ਚੀਨ ਤੋਂ ਪਰਤੇ ਇਕ ਮੈਡੀਕਲ ਵਿਦਿਆਰਥੀ ਦੀ ਜਾਂਚ ਕਰਕੇ ਉਸ ਦੀ ਰਿਪੋਰਟ ਪ੍ਰਸ਼ਾਸਨ ਨੂੰ ਭੇਜੀ ਗਈ ਹੈ।

ਹਰਿਆਣਾ ‘ਚ 5 ਮਰੀਜ਼ਾਂ ਦੀ ਹੋਈ ਪਛਾਣ

ਹਰਿਆਣਾ ਦੇ ਗੁਰੂਗ੍ਰਾਮ ‘ਚ ਦੋ ਅਤੇ ਫਰੀਦਾਬਾਦ, ਨੂੰਹ ਅਤੇ ਪਾਨੀਪਤ ‘ਚ ਇਕ-ਇਕ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਇਹ ਸਾਰੇ ਪਿਛਲੇ ਹਫਤੇ ਚੀਨ ਤੋਂ ਪਰਤੇ ਸਨ। ਇਨ੍ਹਾਂ ‘ਚੋਂ ਦੋ ‘ਚ ਕੋਰੋਨਾ ਵਾਇਰਸ ਹੋਣ ਦੇ ਸੰਕੇਤ ਮਿਲ ਰਹੇ ਹਨ। ਚੌਕਸੀ ਵਜੋਂ ਸਾਰਿਆਂ ਨੂੰ ਸਬੰਧਿਤ ਜ਼ਿਲ੍ਹਿਆਂ ਦੇ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ।

ਪੰਜਾਬ ‘ਚ ਵਿਸ਼ੇਸ਼ ਚੌਕਸੀ

ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਕੋਰੋਨਾ ਵਾਇਰਸ ਦਾ ਹਾਲੇ ਤਕ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਹਾਲਾਂਕਿ ਚੀਨ ਤੋਂ ਆਉਣ ਵਾਲੇ 16 ਮੁਸਾਫਰਾਂ ਦੀ ਪਛਾਣ ਕੀਤੀ ਗਈ ਹੈ। ਸਿਰਫ਼ ਇਕ ਵਿਅਕਤੀ ‘ਚ ਇਸ ਬਿਮਾਰੀ ਦੇ ਲੱਛਣ ਸਾਹਮਣੇ ਆਏ ਹਨ ਤੇ ਉਹ ਪੀਜੀਆਈ ਚੰਡੀਗੜ੍ਹ ‘ਚ ਜ਼ੇਰੇ-ਇਲਾਜ ਹੈ। ਚੰਡੀਗੜ੍ਹ ਦਾ ਇਕ ਮਰੀਜ਼ ਮੋਹਾਲੀ ‘ਚ ਫੋਰਟਿਸ ਹਸਪਤਾਲ ‘ਚ ਦਾਖਲ ਹੈ ਜਦਕਿ ਬਾਕੀ 15 ਵਿਅਕਤੀਆਂ ‘ਚ ਇਸ ਬਿਮਾਰੀ ਦਾ ਕੋਈ ਲੱਛਣ ਨਹੀਂ ਹੈ। ਸਿਹਤ ਵਿਭਾਗ ਵਲੋਂ ਇਨ੍ਹਾਂ ਸਾਰਿਆਂ ਦੀ ਸਿਹਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ੱਕੀ ਕੇਸ ਸਾਹਮਣੇ ਆਉਂਦਾ ਹੈ ਤਾਂ ਸਾਰੇ ਜ਼ਿਲ੍ਹਿਆਂ ਵਿਚ ਅਲੱਗ ਵਾਰਡ ਬਣਾਉਣ ਦੀ ਹਦਾਇਤ ਦਿੱਤੀ ਗਈ ਹੈ ਤੇ ਸਾਰੇ ਮੈਡੀਕਲ ਕਾਲਜਾਂ ਨੂੰ ਵੈਂਟੀਲੇਟਰਾਂ ਵਾਲੇ ਵਾਰਡ ਕਾਇਮ ਕਰਨ ਤੋਂ ਇਲਾਵਾ ਸ਼ੱਕੀ ਮਾਮਲਿਆਂ ਦੀ ਜਾਂਚ ਤੇ ਨਮੂਨੇ ਲੈਣ ਲਈ ਸਾਰੇ ਜ਼ਰੂਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।