ਸੁਬਰਾਮਣੀਅਮ ਸਵਾਮੀ ਨੇ ਮਕਬੂਜ਼ਾ ਕਸ਼ਮੀਰ ਦੀ ਵਾਪਸੀ ਨੂੰ ਨਵਾਂ ਏਜੰਡਾ ਕਹਿ ਦਿੱਤਾ

ਨਵੀਂ ਦਿੱਲੀ,- ਰਾਜ ਸਭਾ ਦੇ ਨਾਮਜ਼ਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਕੱਲ੍ਹ ਕਿਹਾ ਕਿ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਨਰਿੰਦਰ ਮੋਦੀ ਸਰਕਾਰ ਦਾ ਅਗਲਾ ਏਜੰਡਾ ਪਾਕਿਸਤਾਨੀ ਕਬਜ਼ੇ ਵਾਲੇ ਖੇਤਰ (ਮਕਬੂਜ਼ਾ ਕਸ਼ਮੀਰ) ਨੂੰ ਵਾਪਸ ਹਾਸਲ ਕਰਨਾ ਹੋਣਾ ਚਾਹੀਦਾ ਹੈ।

ਧਾਰਾ 370 ਨੂੰ ਖਤਮ ਕਰਨ ਦੇ ਮਤੇ ਦਾ ਸਮਰਥਨ ਕਰਦੇ ਹੋਏ ਸਵਾਮੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਕਸ਼ਮੀਰ ਮਸਲੇ ਉਤੇ ਵਿਚੋਲਗੀ ਕਰਨ ਲਈ ਕੁਝ ਨਹੀਂ ਰਹਿ ਗਿਆ। ਉਹ ਸਿਰਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭਾਰਤ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਹਾਸਲ ਜ਼ਮੀਨ ਵਾਪਸ ਕਰਨ ਕਰਨ ਲਈ ਕਹਿ ਸਕਦੇ ਹਨ। ਉਨ੍ਹਾਂ ਕਿਹਾ, ‘ਪਾਕਿਸਤਾਨ ਦੇ ਕਬਜ਼ੇ ਵਾਲੇ ਖੇਤਰ ਨੂੰ ਵਾਪਸ ਲੈਣਾ ਸਾਡਾ ਅਗਲਾ ਏਜੰਡਾ ਹੈ। ਮੈਨੂੰ ਆਸ ਹੈ ਕਿ ਜਿਸ ਫੈਸਲਾਕੁਨ ਸਮਰੱਥਾ ਨਾਲ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਕਦਮ ਚੁੱਕਿਆ ਹੈ, ਉਹ ਅਗਲਾ ਕਦਮ ਵੀ ਉਠਾਉਣਗੇ, ਖਾਸ ਕਰਕੇ ਉਦੋਂ ਜਦ ਕਿ ਅਸੀਂ ਪਾਰਲੀਮੈਂਟ ਦੇ ਮਤੇ ਮੁਤਾਬਕ ਉਸ ਨੂੰ ਵਾਪਸ ਹਾਸਲ ਕਰਨ ਲਈ ਤਿਆਰ ਹਾਂ।’ ਇਸ ਸੰਬੰਧ ਵਿੱਚ ਉਨ੍ਹਾਂ ਦੱਸਿਆ ਕਿ ਨਰਸਿਮ੍ਹਾ ਰਾਓ ਸਰਕਾਰ ਦੇ ਸਮੇਂ ਪਾਰਲੀਮੈਂਟ ਨੇ ਮਕਬੂਜ਼ਾ ਕਸ਼ਮੀਰ ਨੂੰ ਵਾਪਸ ਲੈਣ ਲਈ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਧਾਰਾ 370 ਹੋਂਦ ਵਿੱਚ ਸੀ, ਕਈ ਅਨਸਰ ਉਸ ਦਾ ਫਾਇਦਾ ਉਠਾ ਰਹੇ ਸਨ। ਇਹੀ ਨਹੀਂ, ਪਿੱਛੇ ਜਿਹੇ ਇਮਰਾਨ ਖਾਨ ਜਦੋਂ ਅਮਰੀਕੀ ਰਾਸ਼ਟਰਪਤੀ ਨਾਲ ਮਿਲੇ ਤੇ ਅਮਰੀਕੀ ਰਾਸ਼ਟਰਪਤੀ ਨੇ ਗਲਤੀ ਨਾਲ ਕਹਿ ਦਿੱਤਾ ਕਿ ਉਹ ਵਿਚੋਲਗੀ ਕਰਨ ਦੇ ਇੱਛੁਕ ਹਨ ਤਾਂ ਕੁਝ ਅਨਸਰ ਬੇਹੱਦ ਉਤਸ਼ਾਹਿਤ ਹੋ ਗਏ ਸਨ। ਕਾਨੂੰਨ ਤੋਂ ਅਣਜਾਣ ਰਹਿਣ ਲਈ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਸਵਾਮੀ ਨੇ ਕਿਹਾ ਕਿ ਧਾਰਾ 370 ਨੂੰ ਰਾਸ਼ਟਰਪਤੀ ਦੇ ਆਦੇਸ਼ ਨਾਲ ਹਟਾਇਆ ਜਾ ਸਕਦਾ ਹੈ ਤੇ ਉਸ ਲਈ ਸੰਵਿਧਾਨ ਵਿੱਚ ਸੋਧ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ, ਸੰਵਿਧਾਨ ਸਭਾ ਨੇ ਆਪਣੀ ਕਾਰਵਾਈ 1956 ਵਿੱਚ ਖਤਮ ਕੀਤੀ ਸੀ ਅਤੇ ਜੰਮੂ ਕਸ਼ਮੀਰ ਦੇ ਸੰਵਿਧਾਨ ਦੀ ਭੂਮਿਕਾ ਦੀ ਸਿਫਾਰਸ਼ ਕੀਤੀ ਸੀ, ਜਿਹੜਾ ਕਹਿੰਦਾ ਹੈ ਕਿ ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਹਿੱਸਾ ਹੋਵੇਗਾ। ਜੰਮੂ ਕਸ਼ਮੀਰ ਭਾਰਤ ਦਾ ਅਭਿੰਨ ਅੰਗ ਹੈ। ਇਹ ਜੰਮੂ ਕਸ਼ਮੀਰ ਦੇ ਸੰਵਿਧਾਨ ਵਿੱਚ ਹੈ। ਸੰਵਿਧਾਨ ‘ਚ ਧਾਰਾ 370 ਦਾ ਕੋਈ ਜ਼ਿਕਰ ਨਹੀਂ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਕਾਂਗਰਸ ਦੇ ਨੇਤਾ ਕਾਨੂੰਨ ਤੋਂ ਬਿਲਕੁਲ ਅਣਜਾਣ ਹਨ। ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਕਾਨੂੰਨ ਕੀ ਕਹਿੰਦਾ ਹੈ।

Be the first to comment

Leave a Reply