ਵਿਦੇਸ਼ੀ ਧਰਤੀ ‘ਤੇ ਹੋ ਰਹੇ ਨੇ ਇਸ ਪੰਜਾਬੀ ਨੌਜਵਾਨ ਦੀ ਬਹਾਦਰੀ ਦੇ ਚਰਚੇ

ਵਿਨੀਪੈੱਗ (ਰਾਜ ਗੋਗਨਾ)— ਕੈਨੇਡਾ ਦੇ ਸ਼ਹਿਰ ਵਿਨੀਪੈੱਗ ‘ਚ ਟਾਇਰਾਂ ਦਾ ਕੰਮ ਕਰਦੇ ਇਕ ਪੰਜਾਬੀ ਨੌਜਵਾਨ ਰਣਜੀਤ ਸਿੰਘ ਮਲਹਾਂਸ ਦੀ ਬਹਾਦਰੀ ਦੀ ਕੈਨੇਡਾ ਵਿਖੇ ਚਰਚਾ ਹੋ ਰਹੀ ਹੈ। ਦੱਸਿਆ ਜਾਂਦਾ ਹੈ ਕਿ ਬੀਤੇ ਦਿਨੀਂ ਪੈਟਰੋ ਕੈਨੇਡਾ ਕੋਲੋਂ ਲੰਘਦੀ ਇੱਕ ਕਾਰ ਦੇ ਅੰਦਰੋਂ ਸ਼ੀਸ਼ੇ ‘ਤੇ ਹੱਥ ਮਾਰਦੀ ਇਕ ਕੁੜੀ ਇਸ ਨੌਜਵਾਨ ਨੂੰ ਦਿਖਾਈ ਦਿੱਤੀ । ਰਣਜੀਤ ਸਿੰਘ ਨਾਂ ਦਾ ਇਹ ਨੌਜਵਾਨ ਆਪਣੇ ਪਿਕਅਪ ਟਰੱਕ ‘ਤੇ ਕਿਸੇ ਕੰਮ ਲਈ ਉਥੋਂ ਜਾ ਰਿਹਾ ਸੀ ਕਿ ਉਸ ਨੇ ਦੇਖਿਆ ਕਿ ਕੁੜੀ ਮਦਦ ਲਈ ਚੀਕ ਰਹੀ ਹੈ।

ਰਣਜੀਤ ਸਿੰਘ ਨੇ ਬਿਨਾ ਕੁਝ ਸੋਚੇ-ਸਮਝੇ ਆਪਣਾ ਪਿਕਅਪ ਟਰੱਕ ਉਸ ਕਾਰ ਕੋਲ ਜਾ ਕੇ ਖੜ੍ਹਾ ਕਰ ਦਿੱਤਾ। ਇਹ ਦੇਖ ਕੇ ਕਾਰ ਅੰਦਰ ਬੈਠੇ ਤਿੰਨ-ਚਾਰ ਗੁੰਡਿਆਂ ਨੇ ਕੁੜੀ ਨੂੰ ਬਾਹਰ ਸੁੱਟ ਦਿੱਤਾ ਤੇ ਫਰਾਰ ਹੋ ਗਏ। ਕੁੜੀ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਸ ਨਾਲ ਗੈਂਗਰੇਪ ਕੀਤਾ ਗਿਆ। ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਤਕ ਪੁਲਸ ਉੱਥੇ ਨਾ ਪੁੱਜੀ, ਉਹ ਪੀੜਤ ਕੁੜੀ ਕੋਲ ਥੰਮ੍ਹ ਬਣ ਕੇ ਖੜ੍ਹਾ ਰਿਹਾ। ਉਸ ਨੇ ਪੁਲਸ ਨੂੰ ਦੱਸਿਆ ਕਿ ਕੁੜੀ ਦੀ ਇੱਜ਼ਤ ਲੁੱਟਣ ਵਾਲੇ ਇਹ ਲੋਕ ਕਿਸੇ ਡਰੱਗ ਮਾਫੀਆ ਨਾਲ ਸਬੰਧਤ ਸਨ। ਪੁਲਸ ਨੇ ਕਿਹਾ ਕਿ ਉਕਤ ਨੌਜਵਾਨ ਨੇ ਕਿਸੇ ਅਣਜਾਣ ਕੁੜੀ ਦੀ ਜਾਨ ਬਚਾ ਲਈ ਹਾਲਾਂਕਿ ਉਸ ਨੂੰ ਅਫਸੋਸ ਹੈ ਕਿ ਉਹ ਕੁੜੀ ਦੀ ਇੱਜ਼ਤ ਨਹੀਂ ਬਚਾ ਸਕਿਆ। ਉਸ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਕੁੜੀ ਦੀ ਜਾਨ ਬਚਾਈ ਨਹੀਂ ਤਾਂ ਪਤਾ ਨਹੀਂ ਉਸ ਨਾਲ ਹੋਰ ਕੀ-ਕੀ ਹੋ ਜਾਣਾ ਸੀ।

 

Be the first to comment

Leave a Reply