ਐਂਗਲ ਨੇ ਸੋਮਵਾਰ ਨੂੰ ਕਿਹਾ ਕਿ ਮੈਂ ਭਾਰਤ ਅਤੇ ਚੀਨ ਵਿਚਕਾਰ ਵਾਸਤਵਿਕ ਕੰਟਰੋਲ ਰੇਖਾ ‘ਤੇ ਚੀਨ ਦੀ ਹਮਲਾਵਰ ਨੀਤੀ ਤੋਂ ਚਿੰਤਤ ਹਾਂ। ਚੀਨ ਵਿਵਾਦਾਂ ਨੂੰ ਅੰਤਰਰਾਸ਼ਟਰੀ ਨਿਯਮਾਂ ਮੁਤਾਬਿਕ ਸੁਲਝਾਉਣ ਦੀ ਥਾਂ ਆਪਣੇ ਗੁਆਂਢੀਆਂ ਨੂੰ ਧਮਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ਨੂੰ ਇਕ ਤਰ੍ਹਾਂ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਅਜਿਹੀ ਦੁਨੀਆ ਵਿਚ ਨਾ ਰਹੀਏ ਜਿੱਥੇ ਸਿਰਫ਼ ਤਾਕਤ ਨਾਲ ਫ਼ੈਸਲੇ ਕੀਤੇ ਜਾਂਦੇ ਹਨ। ਮੈਂ ਚੀਨ ਨੂੰ ਅਪੀਲ ਕਰਦਾ ਹਾਂ ਕਿ ਨਿਯਮਾਂ ਦਾ ਪਾਲਣ ਕਰੇ ਅਤੇ ਭਾਰਤ ਨਾਲ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਕੂਟਨੀਤੀ ਅਤੇ ਮੌਜੂਦਾ ਤਰੀਕਿਆਂ ਦਾ ਇਸਤੇਮਾਲ ਕਰੇ।

ਐਂਗਲ ਦੀ ਇਹ ਟਿੱਪਣੀ ਚੀਨ ਦੇ ਉਸ ਬਿਆਨ ਪਿੱਛੋਂ ਸਾਹਮਣੇ ਆਈ ਹੈ ਜਿਸ ਵਿਚ ਉਸ ਨੇ ਕਿਹਾ ਸੀ ਕਿ ਭਾਰਤ ਨਾਲ ਲੱਗਦੀ ਸਰਹੱਦ ‘ਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ। ਨਾਲ ਹੀ ਇਹ ਵੀ ਕਿਹਾ ਸੀ ਕਿ ਦੋਵੇਂ ਦੇਸ਼ ਗੱਲਬਾਤ ਰਾਹੀਂ ਆਪਸੀ ਮੁੱਦਿਆਂ ਨੂੰ ਹੱਲ ਕਰ ਲੈਣਗੇ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਕੇ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੀ ਪੇਸ਼ਕਸ਼ ਕੀਤੀ ਸੀ, ਹਾਲਾਂਕਿ ਭਾਰਤ ਅਤੇ ਚੀਨ ਦੋਵਾਂ ਨੇ ਹੀ ਉਨ੍ਹਾਂ ਦੀ ਇਸ ਪੇਸ਼ਕਸ਼ ਨੂੰ ਨਕਾਰ ਦਿੱਤਾ ਸੀ।