ਬਠਿੰਡਾ : ਪਤਨੀ ਨੂੰ ਬੱਚਿਆਂ ਸਾਹਮਣੇ ਤੇਲ ਪਾ ਕੇ ਸਾੜਿਆ, ਹਾਲਤ ਗੰਭੀਰ

ਬਠਿੰਡਾ/ਨਥਾਣਾ, (ਬਲਵਿੰਦਰ, ਬੱਜੋਆਣੀਆਂ)- ਪਿੰਡ ਬੀਬੀ ਵਾਲਾ ਵਿਖੇ ਅੱਜ ਇਕ ਸਕੂਲ ਚਪੜਾਸੀ ਨੇ ਬੱਚਿਆਂ ਸਾਹਮਣੇ ਆਪਣੀ ਪਤਨੀ ਨੂੰ ਤੇਲ ਪਾ ਕੇ ਅੱਗ ਲਾ ਦਿੱਤੀ, ਜੋ 90 ਫੀਸਦੀ ਸੜ ਚੁੱਕੀ ਹੈ। ਮੁਲਜ਼ਮ ਫਰਾਰ ਹੈ, ਜਦਕਿ ਬੱਚਿਆਂ ਨੇ ਪੁਲਸ ਨੂੰ ਪਿਤਾ ਵਿਰੁੱਧ ਹੀ ਬਿਆਨ ਦਿੱਤਾ ਹੈ।
ਜਾਣਕਾਰੀ ਮੁਤਾਬਕ ਮੌੜ ਮੰਡੀ ਦੀ ਸਿਮਰਜੀਤ ਕੌਰ ਦਾ ਵਿਆਹ ਪਿੰਡ ਬੀਬੀ ਵਾਲਾ ਦੇ ਅਮਰੀਕ ਸਿੰਘ ਨਾਲ ਹੋਇਆ ਸੀ, ਜੋ ਕਿ ਸਰਕਾਰੀ ਸਕੂਲ ਨਰੂਆਣਾ ਵਿਖੇ ਚਪੜਾਸੀ ਵਜੋਂ ਤਾਇਨਾਤ ਹੈ। ਸਿਮਰਜੀਤ ਕੌਰ ਨੇ ਵੀ ਈ. ਟੀ. ਟੀ. ਕੀਤੀ ਹੋਈ ਹੈ ਪਰ ਉਸਨੂੰ ਕੋਈ ਨੌਕਰੀ ਨਹੀਂ ਮਿਲ ਸਕੀ। ਇਨ੍ਹਾਂ ਦੇ 10 ਸਾਲਾ ਪੁੱਤਰ ਤੇ 6 ਸਾਲਾ ਧੀ ਦੋ ਬੱਚੇ ਹਨ। ਅਮਰੀਕ ਸਿੰਘ ਘਰੇਲੂ ਗੱਲਾਂ ਨੂੰ ਲੈ ਕੇ ਅਕਸਰ ਸਿਮਰਜੀਤ ਕੌਰ ਨਾਲ ਲੜਾਈ ਕਰਦਾ ਸੀ। ਅੱਜ ਦੁਪਹਿਰ ਸਮੇਂ ਅਮਰੀਕ ਸਿੰਘ ਘਰ ਆਇਆ ਤੇ ਸਿਮਰਜੀਤ ਕੌਰ ਨਾਲ ਲੜ ਪਿਆ। ਉਸ ਸਮੇਂ ਦੋਵੇਂ ਬੱਚੇ ਵੀ ਘਰ ਮੌਜੂਦ ਸਨ। ਲੜਾਈ ਐਨੀ ਜ਼ਿਆਦਾ ਵਧ ਗਈ ਕਿ ਅਮਰੀਕ ਸਿੰਘ ਨੇ ਆਪਣੀ ਪਤਨੀ ‘ਤੇ ਮਿੱਟੀ ਦਾ ਤੇਲ ਪਾ ਕੇ ਉਸਨੂੰ ਅੱਗ ਲਾ ਦਿੱਤੀ। ਬੱਚਿਆਂ ਨੇ ਚੀਕ-ਚਿਹਾੜਾ ਪਾਇਆ ਤਾਂ ਲੋਕ ਇਕੱਤਰ ਹੋ ਗਏ। ਲੋਕਾਂ ਨੇ ਬੜੀ ਮੁਸ਼ਕਲ ਨਾਲ ਸਿਮਰਜੀਤ ਕੌਰ ਨੂੰ ਲੱਗੀ ਅੱਗ ‘ਤੇ ਕਾਬੂ ਪਾਇਆ। ਉਦੋਂ ਤੱਕ ਉਹ ਕਰੀਬ 90 ਫੀਸਦੀ ਸੜ ਚੁੱਕੀ ਸੀ। ਉਕਤ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਬਠਿੰਡਾ ਵਿਖੇ ਪਹੁੰਚਾਇਆ ਗਿਆ। ਦੂਜੇ ਪਾਸੇ ਅਮਰੀਕ ਸਿੰਘ ਫਰਾਰ ਹੋ ਗਿਆ।
ਥਾਣਾ ਨਥਾਣਾ ਦੇ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਣਯੋਗ ਜੱਜ ਜੇ. ਐੱਮ. ਆਈ. ਸੀ. ਕਮਲਜੀਤ ਸਿੰਘ ਨੇ ਸਿਮਰਜੀਤ ਕੌਰ ਦੇ ਬਿਆਨ ਦਰਜ ਕੀਤੇ। ਜਦਕਿ ਪੁਲਸ ਵੱਲੋਂ ਬੱਚਿਆਂ ਦੇ ਬਿਆਨ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਜੱਜ ਸਾਹਿਬ ਉਕਤ ਦੇ ਬਿਆਨਾਂ ਮੁਤਾਬਕ ਅਗਲੀ ਕਾਰਵਾਈ ਦੇ ਹੁਕਮ ਜਾਰੀ ਕਰਨਗੇ। ਜਦਕਿ ਬੱਚਿਆਂ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਨੇ ਹੀ ਮਾਤਾ ਨੂੰ ਅੱਗ ਲਾ ਕੇ ਸਾੜਿਆ ਹੈ।

Be the first to comment

Leave a Reply