ਪੰਜਾਬ ਵਿਚ ਸਕੂਲਾਂ ਦੇ ਖ਼ਰਾਬ ਨਤੀਜੇ ਤੇ ਪੰਜਾਬੀ ਭਾਸ਼ਾ ਦਾ ਡਿਗਦਾ ਮਿਆਰ ਚਿੰਤਾਜਨਕ ਹਾਲਤ ਵਿਚ ਪੁੱਜ ਗਏ

ਗ਼ਲਤੀ ਵਿਦਿਆਰਥੀਆਂ ਦੀ ਬਿਲਕੁਲ ਨਹੀਂ ਕਿਉਂਕਿ ਉਹ ਤਾਂ ਇਕ ਸਾਫ਼ ਸਲੇਟ ਵਾਂਗ ਸਕੂਲ ਜਾਂਦੇ ਹਨ। ਜ਼ਿੰਮੇਵਾਰੀ ਅਧਿਆਪਕਾਂ ਦੇ ਸਿਰ ਜ਼ਰੂਰ ਮੜ੍ਹ ਦਿਤੀ ਜਾਂਦੀ ਹੈ…

ਗ਼ਲਤੀ ਵਿਦਿਆਰਥੀਆਂ ਦੀ ਬਿਲਕੁਲ ਨਹੀਂ ਕਿਉਂਕਿ ਉਹ ਤਾਂ ਇਕ ਸਾਫ਼ ਸਲੇਟ ਵਾਂਗ ਸਕੂਲ ਜਾਂਦੇ ਹਨ। ਜ਼ਿੰਮੇਵਾਰੀ ਅਧਿਆਪਕਾਂ ਦੇ ਸਿਰ ਜ਼ਰੂਰ ਮੜ੍ਹ ਦਿਤੀ ਜਾਂਦੀ ਹੈ ਜਿਨ੍ਹਾਂ ਦੀਆਂ ਤਨਖਾਹਾਂ ਵਿਚ ਤਾਂ ਕਟੌਤੀ ਨਹੀਂ ਕੀਤੀ ਗਈ ਪਰ ਵਿਦਿਆਰਥੀਆਂ ਪ੍ਰਤੀ ਇਨ੍ਹਾਂ ਦੀ ਜ਼ਿੰਮੇਵਾਰੀ ਵਿਚ ਕਮੀ ਜ਼ਰੂਰ ਆਈ ਹੈ। 2018 ਵਿਚ ਸਰਕਾਰ ਵਲੋਂ ਅਧਿਆਪਕਾਂ ਦੀ ਤਰੱਕੀ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਜੋੜਨ ਦਾ ਕਦਮ ਬਹੁਤ ਸਲਾਹੁਣਯੋਗ ਤਾਂ ਹੈ ਪਰ ਅਪਣੇ ਆਪ ਵਿਚ ਇਹ ਇਕੱਲਾ ਕਦਮ ਇਸ ਕਮਜ਼ੋਰੀ ਨੂੰ ਦੂਰ ਨਹੀਂ ਕਰ ਸਕਦਾ।

ਪੰਜਾਬ ਸਿਖਿਆ ਬੋਰਡ ਦੇ 2018 ਦੇ ਨਤੀਜਿਆਂ ਵਿਚ ਪੰਜਾਬ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਇਕ ਵਾਰੀ ਫਿਰ ਤੋਂ ਨਿਰਾਸ਼ਾਜਨਕ ਰਿਹਾ ਹੈ। 2016 ਵਿਚ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਔਸਤ 72.52% ਸੀ। ਜਦੋਂ 2017 ਵਿਚ ਗਰੇਸ ਮਾਰਕਸ (ਰਿਆਇਤੀ ਨੰਬਰ) ਦੇਣ ਦੀ ਨੀਤੀ ਹਟਾ ਦਿਤੀ ਗਈ ਸੀ ਤਾਂ 57.50% ਵਿਦਿਆਰਥੀ ਹੀ ਪਾਸ ਹੋ ਸਕੇ ਸਨ। ਇਸ ਸਾਲ 59.47% ਵਿਦਿਆਰਥੀ ਹੀ ਪਾਸ ਹੋ ਸਕੇ ਹਨ। ਪਰ ਸੱਭ ਤੋਂ ਵੱਧ ਚਿੰਤਾਜਨਕ ਅੰਕੜਾ ਪੰਜਾਬੀ ਭਾਸ਼ਾ ਦੇ ਇਮਤਿਹਾਨਾਂ ਦਾ ਰਿਹਾ ਹੈ ਜਿਸ ਵਿਚ 27 ਹਜ਼ਾਰ ਬੱਚੇ ਫ਼ੇਲ੍ਹ ਹੋਏ। ਜਿਸ ਭਾਸ਼ਾ ਵਿਚ ਸਿਖਿਆ ਦਿਤੀ ਜਾਂਦੀ ਹੈ, ਜੇ ਉਸ ਵਿਚ ਹੀ ਬੁਨਿਆਦ ਕਮਜ਼ੋਰ ਹੋਵੇ ਤਾਂ ਬਾਕੀ ਪੜ੍ਹਾਈ ਦਾ ਪੱਧਰ ਕੀ ਹੋ ਸਕਦਾ ਹੈ? ਪੰਜਾਬ ਵਿਚ ਪੜ੍ਹੇ ਲਿਖੇ ਵਿਅਕਤੀਆਂ ਦੀ ਗਿਣਤੀ 75% ਹੈ ਪਰ ਜਿਸ ਤਰ੍ਹਾਂ ਦਾ ਸਿਖਿਆ ਦਾ ਮਿਆਰ ਬਣਿਆ ਚਲਿਆ ਆ ਰਿਹਾ ਹੈ, ਉਸ ਦਾ ਅਸਰ ਸੱਭ ਦੇ ਸਾਹਮਣੇ ਹੈ। ਅੱਜ ਜੇ ਵਿਦੇਸ਼ਾਂ ਵਿਚ ਨੌਜਵਾਨ ਨੌਕਰੀਆਂ ਵਾਸਤੇ ਜਾ ਰਹੇ ਹਨ ਤਾਂ ਪੰਜਾਬ ਤੋਂ ਗਏ ਨੌਜਵਾਨ ਵਧੀਆ ਪੱਧਰ ਦੀਆਂ ਨੌਕਰੀਆਂ ਲੈਣ ਵਾਸਤੇ ਨਹੀਂ ਜਾ ਰਹੇ। ਇਰਾਕ ਵਿਚ 39 ਮਰਨ ਵਾਲੇ ਭਾਰਤੀ ਮਜ਼ਦੂਰਾਂ ਵਿਚੋਂ 27 ਪੰਜਾਬੀ ਸਨ। ਪੰਜਾਬ ‘ਚੋਂ ਗਏ ਨੌਜਵਾਨ ਨਿਊਯਾਰਕ ‘ਚ ਟੈਕਸੀਆਂ ਚਲਾ ਰਹੇ ਹਨ ਜਾਂ ਕੈਲੇਫ਼ੋਰਨੀਆ ਦੇ ਟਰੱਕ ਡਰਾਈਵਰ ਹਨ ਜਾਂ ਕੈਨੇਡਾ ਵਿਚ ਛੋਟੇ-ਮੋਟੇ ਕੰਮਾਂ ‘ਤੇ ਲੱਗੇ ਹੋਏ ਹਨ। ਵਿਦੇਸ਼ ਜਾਣ ਦੇ ਇੱਛੁਕ ਪੰਜਾਬੀਆਂ ‘ਚੋਂ ਕਈ ਤਾਂ ਅੰਗਰੇਜ਼ੀ ਭਾਸ਼ਾ ਵਿਚ ਕਮਜ਼ੋਰ ਹੋਣ ਕਰ ਕੇ ਕਿਸੇ ਦਲਾਲ ਦੇ ਚੁੰਗਲ ਵਿਚ ਫੱਸ ਜਾਂਦੇ ਹਨ ਜਾਂ ਆਈਲੈਟਸ ਦਾ ਕੋਰਸ ਕਰ ਕੇ ਏਨੀ ਕੁ ਅੰਗਰੇਜ਼ੀ ਸਿਖ ਲੈਂਦੇ ਹਨ ਕਿ ਉਥੇ ਗੱਲਬਾਤ ਕਰ ਸਕਣ। ਹਰ ਕੰਮ ਚੰਗਾ ਹੁੰਦਾ ਹੈ। ਕਿਰਤ ਦੀ ਕਮਾਈ ਉਤੇ ਮਾਣ ਕਰਨਾ ਹੀ ਬਣਦਾ ਹੈ ਪਰ ਜਿਸ ਤਰ੍ਹਾਂ ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨ ਅਪਣੇ ਸੁਪਨਿਆਂ ਦਾ ਗਲਾ ਘੋਟ ਕੇ ਮਜ਼ਦੂਰੀ ਕਰਨ ਲਈ ਮਜਬੂਰ ਹੋ ਰਹੇ ਹਨ, ਉਸ ਤੋਂ ਆਉਣ ਵਾਲੇ ਕਲ ਬਾਰੇ ਚੰਗਾ ਸੰਕੇਤ ਨਹੀਂ ਮਿਲ ਰਿਹਾ। ਜਦੋਂ ਇਕ ਇੰਜੀਨੀਅਰ ਵਿਦੇਸ਼ਾਂ ‘ਚ ਟੈਕਸੀ ਜਾਂ ਟਰੱਕ ਚਲਾਉਣ ਨੂੰ ਰੁਜ਼ਗਾਰ ਦਾ ਸਾਧਨ ਬਣਾਉਣ ਲਈ ਅਪਣੇ ਹਾਲਾਤ ਕਰ ਕੇ ਮਜਬੂਰ ਹੋ ਜਾਂਦਾ ਹੈ ਤਾਂ ਉਸ ਨੂੰ ਰੁਜ਼ਗਾਰ ‘ਚੋਂ ਮਿਲੀ ਤ੍ਰਿਪਤੀ ਨਹੀਂ ਕਿਹਾ ਜਾ ਸਕਦਾ। ਅੱਜ ਪੰਜਾਬ ਵਿਚ ਜੇ ਅਸੀ ਗੁੰਡਾਗਰਦੀ, ਨਸ਼ੇ ਦੀ ਸਮੱਸਿਆ, ਭਰੂਣ ਹਤਿਆ, ਲਚਰ ਸੰਗੀਤ ਤੇ ਫ਼ਿਲਮਾਂ ਵਲ ਵੇਖੀਏ ਤਾਂ ਹਰ ਸਮੱਸਿਆ ਦਾ ਜਵਾਬ ਸਿਖਿਆ ਦੇ ਹੇਠਾਂ ਡਿੱਗੇ ਮਿਆਰ ਵਿਚੋਂ ਮਿਲਦਾ ਹੈ। ਇਹ ਕੋਈ ਨਵੀਂ ਗੱਲ ਵੀ ਨਹੀਂ ਤੇ ਵਿਗਿਆਨਕ ਵਾਰ-ਵਾਰ ਸਮਝਾ ਚੁੱਕੇ ਹਨ ਕਿ ਮਾਂ-ਬੋਲੀ ਦਾ, ਬੱਚੇ ਦੇ ਵਿਕਾਸ ਵਿਚ ਵੱਡਾ ਹੱਥ ਹੁੰਦਾ ਹੈ। ਹਾਂ, ਬਹੁਤੀਆਂ ਭਾਸ਼ਾਵਾਂ ਜਾਣਨਾ ਵੀ ਚੰਗਾ ਹੁੰਦਾ ਹੈ ਪਰ ਜਦੋਂ ਤਕ ਮਾਂ-ਬੋਲੀ ਵਿਚ ਬੁਨਿਆਦ ਮਜ਼ਬੂਤ ਨਾ ਹੋਵੇ, ਉਪਰ ਕਿੰਨੇ ਵੀ ਹੀਰੇ ਜੜ ਦਿਤੇ ਜਾਣ, ਸੱਭ ਡਿੱਗ ਜਾਣਗੇ ਅਤੇ ਡਿੱਗ ਹੀ ਰਹੇ ਹਨ।

Be the first to comment

Leave a Reply