ਸੰਦੀਪ ਸਿੰਘ ਧੰਜੂ, ਸਰੀ : ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਨਾਗਰਿਕਾਂ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਉਨ੍ਹਾਂ ਦੀ ਜ਼ਰੂਰੀ ਜਾਣਕਾਰੀ ਹਾਸਲ ਕਰਨ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਸ਼ਿਕਾਇਤਕਰਤਾਵਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੈਨੇਡਾ ਦੇ ਨੰਬਰਾਂ ਤੋਂ ਫੋਨ ‘ਤੇ ਉਨ੍ਹਾਂ ਦੀ ਬੈਂਕ, ਸੋਸ਼ਲ ਇੰਸ਼ੋਰੈਂਸ ਨੰਬਰ ਅਤੇ ਹੋਰ ਅਹਿਮ ਜਾਣਕਾਰੀ ਹਾਸਲ ਕਰ ਕੇ ਉਨ੍ਹਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਇਸ ‘ਤੇ ਕਾਰਵਾਈ ਕਰਦਿਆਂ ਆਰਸੀਐੱਮਪੀ (ਕੈਨੇਡੀਅਨ ਪੁਲਿਸ) ਨੇ ਦਿੱਲੀ ਪੁਲਿਸ ਦੀ ਮਦਦ ਨਾਲ ਇਕ ਕਾਲ ਸੈਂਟਰ ਦਾ ਪਰਦਾਫਾਸ਼ ਕਰ ਕੇ 32 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਹੁਣ ਤਕ ਲਗਭਗ 1000 ਲੋਕਾਂ ਨੂੰ 1.5 ਕਰੋੜ ਡਾਲਰ ਦਾ ਚੂਨਾ ਲਗਾ ਚੁੱਕੇ ਹਨ। ਦਿੱਲੀ ਦੇ ਮੋਤੀ ਨਗਰ ‘ਚ ਸਥਿਤ ਇਸ ਕਾਲ ਸੈਂਟਰ ਤੋਂ ਫੜੇ ਗਏ ਲੋਕਾਂ ‘ਚ ਕਾਲ ਸੈਂਟਰ ਦੇ ਮੈਨੇਜਰ, ਸੁਪਰਵਾਈਜ਼ਰ, ਜਸਜੋਤ ਸਿੰਘ, ਸਰਬਜੋਤ ਸਿੰਘ ਅਤੇ ਸਾਗਰ ਜੈਨ ਸ਼ਾਮਲ ਹਨ ਜਦਕਿ ਕਾਲ ਸੈਂਟਰ ਦੇ ਮਾਲਕ ਪੰਕਜ, ਬਨੀ, ਰਾਜਾ, ਨਵੀ ਤੇ ਸੁਸ਼ੀਲ ਦੀ ਭਾਲ ਜਾਰੀ ਹੈ। ਪੁਲਿਸ ਮੁਤਾਬਕ ਇਹ ਲੋਕ ਕਾਲ ਸੈਟਰ ਤੋਂ ਕੈਨੇਡੀਅਨ ਨਾਗਰਿਕਾਂ ਨੂੰ ਵੀਓਆਈਪੀ ਕਾਲ ਕਰਦੇ ਸਨ। ਉਨ੍ਹਾਂ ਨੂੰ ਦੱਸਦੇ ਸਨ ਕਿ ਤੁਹਾਡੇ ਸੋਸ਼ਲ ਇਨਸ਼ੋਰੈਂਸ ਨੰਬਰ ਰਾਹੀਂ ਕੋਈ ਅੱਤਵਾਦ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ ਜਾਂ ਕੋਈ ਗ਼ਲਤ ਕੰਮ ਹੋਇਆ ਹੈ। ਜੇਕਰ ਇਸ ਮਾਮਲੇ ਨੂੰ ਰਫਾ ਦਫਾ ਕਰਨਾ ਹੈ ਤਾਂ ਉਨ੍ਹਾਂ ਦੇ ਬਿਟਕੁਆਇਨ ਵਾਲੇਟ ਵਿਚ ਰਕਮ ਪਾਉਣੀ ਹੋਵੇਗੀ ਜਿਸ ਨਾਲ ਉਹ ਲੋਕਾਂ ਤੋਂ ਹਜ਼ਾਰਾਂ ਡਾਲਰ ਠੱਗ ਲੈਂਦੇ ਸਨ। ਇਸ ਛਾਪੇਮਾਰੀ ਵਿਚ ਦੂਰਸੰਚਾਰ ਵਿਭਾਗ ਦੀ ਟੀਮ ਵੀ ਸ਼ਾਮਲ ਹੋਈ ਕਿਉਂਕਿ ਕਾਲ ਸੈਂਟਰ ਨੇ ਬਿਨਾਂ ਕਿਸੇ ਲਾਇਸੈਂਸ ਦੇ ਅੰਤਰਰਾਸ਼ਟਰੀ ਕਾਲਿੰਗ ਦੁਆਰਾ ਸਰਕਾਰ ਨੂੰ ਵੀ 300 ਕਰੋੜ ਤੋਂ ਜ਼ਿਆਦਾ ਦਾ ਚੂਨਾ ਲਗਾਇਆ ਹੈ। ਪੁਲਿਸ ਨੇ ਕਾਲ ਸੈਂਟਰ ਤੋਂ 55 ਕੰਪਿਊਟਰ, 35 ਮੋਬਾਈਲ ਅਤੇ ਠੱਗੀ ਮਾਰਨ ਦੀ ਸਕਰਿਪਟ ਬਰਾਮਦ ਕੀਤੀ ਹੈ। ਇਨ੍ਹਾਂ ਦੇ ਬਿਟਕੁਆਇਨ ਅਕਾਊਂਟ ਅਤੇ ਬਾਕੀ ਬੈਂਕ ਅਕਾਊਂਟਸ ਦੀ ਵੀ ਜਾਂਚ ਚੱਲ ਰਹੀ ਹੈ।