ਕੈਨੇਡਾ ਦਿਵਸ ਮੌਕੇ 2167 ਪੰਜਾਬੀਆਂ ਨੇ ਇਕੱਠਿਆਂ ਭੰਗੜਾ ਪਾ ਕੇ ਗਿੰਨੀਜ਼ ਬੁੱਕ ‘ਚ ਨਾਂਅ ਕਰਵਾਇਆ ਦਰਜ

ਟੋਰਾਂਟੋ, 2 ਜੁਲਾਈ (ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ)-ਕੈਨੇਡਾ ਦੇ 151ਵੇਂ ਜਨਮ ਦਿਵਸ (ਕੈਨੇਡਾ ਡੇਅ) ਨੂੰ ਪੰਜਾਬੀਆਂ ਨੇ ਪੰਜਾਬੀ ਢੰਗ ਨਾਲ ਮਨਾ ਕੇ ਇਕ ਨਵਾਂ ਇਤਿਹਾਸ ਹੀ ਸਿਰਜ ਦਿੱਤਾ | ਨੱਚਦੀ ਜਵਾਨੀ, ਵਾਕਾ ਦੇ ਇਕਬਾਲ ਸਿੰਘ ਵਿਰਕ, ਕੁਲਵਿੰਦਰ ਕੌਰ ਵਿਰਕ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਅਗਵਾਈ ਹੇਠ ਟੋਰਾਂਟੋ ਦੇ ਵੁੱਡਬਾਨਿਨ ਰੇਸ ਟਰੈਕ ਦੇ ਵੱਡੇ ਗਰਾਊਾਡ ‘ਚ 2167 ਪੰਜਾਬੀਆਂ ਨੇ ਇਕੋ ਵਾਰੀ ਇਕੱਠੇ ਭੰਗੜਾ ਪਾ ਕੇ ਇਤਿਹਾਸ ਸਿਰਜਦਿਆਂ ਗਿਨੀਜ਼ ਬੁੱਕ ਆਫ ਵਰਲਡ ‘ਚ ਨਾਂਅ ਦਰਜ ਕਰਵਾ ਦਿੱਤਾ | ਇਸ ਮੌਕੇ ਜਿਥੇ ਗਿਨੀਜ਼ ਬੁੱਕ ਆਫ ਵਰਲਡ ਦੀ ਟੀਮ ਦੀ ਮੌਜ਼ੂਦਗੀ ਵਿਚ ਪੰਜਾਬੀਆਂ ਜਿਨ੍ਹਾਂ ‘ਚ ਔਰਤਾਂ ਪੰਜਾਬੀ ਸੂਟ ਅਤੇ ਮਰਦ ਕੁੜਤੇ ਪਜਾਮਿਆਂ/ਕੁੜਤੇ ਚਾਦਰਿਆਂ ‘ਚ ਸਨ, ਨੇ ਜਦੋਂ ਨੌਜਵਾਨ ਗਾਇਕ ਦਿਲਪ੍ਰੀਤ ਸਰਵਾਰਾ ਦੇ ਗਾਏ, ਸੁੱਖ ਖਰੌੜ ਦੇ ਲਿਖੇ ਅਤੇ ਸੰਨੀ ਵਿਰਕ ਦੇ ਸੰਗੀਤ ‘ਚ ਤਿਆਰ ਗੀਤ ‘ਨੱਚਦੀ ਜਵਾਨੀ ਵਾਲੇ ਸੋਹਣੇ ਲੱਗਦੇ’ ‘ਤੇ ਭੰਗੜਾ ਪਾਇਆ ਤਾਂ ਸਟੇਜ ਤਾਂ ਕੀ, ਧਰਤੀ ਵੀ ਹਿੱਲ ਰਹੀ ਸੀ ਜਿਸ ਨਾਲ ਗਿਨੀਜ਼ ਬੁੱਕ ਆਫ ਵਰਲਡ ਦੀ ਅਮਰੀਕਾ ਦੇ ਨਿਊਯਾਰਕ ਤੋਂ ਆਈ ਟੀਮ ਵੀ ਨੱਚਣੋਂ ਨਾ ਰਹਿ ਸਕੀ ਅਤੇ ਗੀਤ ਖਤਮ ਹੁੰਦਿਆਂ ਹੀ ਤਾੜੀਆਂ ਦੀ ਆਵਾਜ਼ ‘ਚ ਉਪਰੋਕਤ ਗੈਸਟ ਟੀਮ ਵਲੋਂ ਟੋਰਾਂਟੋ ਵਾਸੀਆਂ ਨੂੰ ਜੇਤੂ ਕਰਾਰ ਦੇ ਦਿੱਤਾ ਜਿਸ ਦਾ ਸਰਟੀਫਿਕੇਟ ਮੌਕੇ ‘ਤੇ ਇਕਬਾਲ ਵਿਰਕ ਅਤੇ ਉਨ੍ਹਾਂ ਦੀ ਟੀਮ ਵਲੋਂ ਪ੍ਰਾਪਤ ਕੀਤਾ ਗਿਆ | ਪੰਜ ਸਾਲ ਦੀ ਉਮਰ ਤੋਂ ਲੈ ਕੇ ਵਡੇਰੀ ਉਮਰ ਦੇ ਔਰਤਾਂ, ਮਰਦਾਂ ਨੂੰ ਇੱਕੋ ਸਟੇਜ ‘ਤੇ, ਇਕ ਤਾਲ ‘ਤੇ ਭੰਗੜਾ ਪਾਉਂਦਿਆਂ ਵੇਖ ਕੇ ਗੋਰੇ ਅਤੇ ਕਾਲੇ ਲੋਕ ਵੀ ਝੂਮ ਉੱਠੇ, ਜਿੱਥੇ ਬੋਲਦਿਆਂ ਨੱਚਦੀ ਜਵਾਨੀ ਦੇ ਸ: ਇਕਬਾਲ ਸਿੰਘ ਵਿਰਕ ਨੇ ਆਖਿਆ ਕਿ ਸਾਡੇ ਬਣਾਏ ਹੋਏ ਰਿਕਾਰਡ ਅੱਗੇ ਤੋਂ ਅਸੀਂ ਆਪ ਹੀ ਤੋੜਾਂਗੇ ਭਾਵ ਅਗਲੀ ਵਾਰੀ ਇਸ ਤੋਂ ਵੀ ਜ਼ਿਆਦਾ ਗਿਣਤੀ ‘ਚ ਪੰਜਾਬੀ ਇਕੋ ਵਾਰੀ ਇਕ ਸਟੇਜ ‘ਤੇ ਭੰਗੜਾ ਪਾ ਕੇ ਆਪਣਾ ਹੀ ਰਿਕਾਰਡ ਤੋੜਨਗੇ |

Be the first to comment

Leave a Reply