ਮਾਂਟਰੀਅਲ – ਕੈਨੇਡਾ ਦੀਆਂ ਫੈਡਰਲ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਉਂਝ ਹੀ ਚੋਣ ਮੈਦਾਨ ‘ਚ ਉਤਰੇ ਉਮੀਦਵਾਰਾਂ ਦੀਆਂ ਦਿਲ ਦੀਆਂ ਧੜਕਣਾਂ ‘ਚ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਦੂਜੇ ਪਾਸੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਆਪਣੀ ਪਤਨੀ ਅਤੇ ਤਿੰਨਾਂ ਬੱਚਿਆਂ ਨਾਲ ਮਾਂਟਰੀਅਲ ਦੇ ਪਾਪੀਨਿਓ ਪੋਲਿੰਗ ਬੂਥ ‘ਚ ਵੋਟ ਪਾਉਣ ਪਹੁੰਚੇ। ਇਸ ਦੀ ਜਾਣਕਾਰੀ ਜਸਟਿਨ ਟਰੂਡੋ ਨੇ ਆਪਣੇ ਟਵਿੱਟਰ ਹੈਂਡਲ ‘ਤੇ ਫੋਟੋ ਸ਼ੇਅਰ ਕਰਦਿਆਂ ਦਿੱਤੀ। ਟਰੂਡੋ ਨੇ ਟਵਿੱਟਰ ‘ਤੇ ਫੋਟੋ ਸ਼ੇਅਰ ਕਰਦਿਆਂ ਲਿੱਖਿਆ ਕਿ, ‘ਸਵੇਰੇ ਹੇਡਰੇਇਨ (ਟਰੂਡੋ ਦਾ ਛੋਟਾ ਪੁੱਤਰ) ਨੇ ਮੈਨੂੰ ਵੋਟ ਪਾਉਣ ‘ਚ ਮਦਦ ਕੀਤੀ। ਸਾਡੇ ਸਾਰਿਆਂ ਬੱਚਿਆਂ, ਆਪਣੀ ਆਵਾਜ਼ ਸੁਣੋ ਅਤੇ ਅੱਜ ਵੋਟ ਕਰੋ। ਉਨ੍ਹਾਂ ਨੇ ਨਾਲ ਹੀ ਹੈਸਟੈਗ ਕਰਦਿਆਂ ਚੂਜ਼ ਫੋਰਵਾਡ ਲਿੱਖਿਆ।’ ਟਰੂਡੋ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਹਮੇਸ਼ਾ ਇਸ ਹੈਸਟੈਗ ਦਾ ਕਾਫੀ ਇਸਤੇਮਾਲ ਕੀਤਾ ਕਿਉਂਕਿ ਟਰੂਡੋ ਨੇ ਪ੍ਰਚਾਰਾਂ ਦੌਰਾਨ ਕੈਨੇਡੀਅਨਾਂ ਨੂੰ ਵੱਡੇ-ਵੱਡੇ ਵਾਅਦੇ ਕੀਤੇ ਅਤੇ ਉਨ੍ਹਾਂ ਨੂੰ ਮੁੜ ਲਿਬਰਲਾਂ ਨੂੰ ਚੁਣਨ ਲਈ ਆਖਿਆ।

ਦੱਸ ਦਈਏ ਕਿ ਪਿਛਲੇ ਦਿਨੀਂ ਆਏ ਐਗਜ਼ਿਟ ਪੋਲ ਦੇ ਨਤੀਜਿਆਂ ‘ਚ ਲਿਬਰਲ, ਕੰਜ਼ਰਵੇਟਿਵ ਅਤੇ ਐੱਨ. ਡੀ. ਪੀ. ਵਿਚਾਲੇ ਫਸਵਾ ਮੁਕਾਬਲਾ ਦੱਸਿਆ ਗਿਆ ਸੀ ਪਰ ਕਈ ਅਖਬਾਰਾਂ ‘ਚ ਪ੍ਰਕਾਸ਼ਿਤ ਰਿਪੋਰਟਾਂ ‘ਚ ਜਸਟਿਨ ਟਰੂਡੋ ਨੂੰ ਬਹੁਮਤ ਮਿਲਣਾ ਵੀ ਮੁਸ਼ਕਿਲ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਬੀਤੇ ਦਿਨੀਂ ਟਰੂਡੋ ਨੇ ਪ੍ਰਤੀਕਿਰਿਆ ਦਿੱਤੀ ਸੀ ਕਿ ਅਸੀਂ ਹਰ ਇਕ ਵੋਟ ਲਈ ਲੜੇ। ਉਨ੍ਹਾਂ ਮੰਨਿਆ ਕਿ ਚੋਣਾਂ ‘ਚ ਉਨ੍ਹਾਂ ਦੇ ਵਿਰੋਧੀਆਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਵੀ ਹਨ। ਉਥੇ ਹੀ ਸ਼ੁੱਕਰਵਾਰ ਨੂੰ ਜਾਰੀ ਹੋਏ ਨੈਨੋਜ ਰਿਸਰਚ ਪੋਲ ਮੁਤਾਬਕ ਕੰਜ਼ਰਵੇਟਿਵ ਨੂੰ 31.6 ਫੀਸਦੀ ਲੋਕਾਂ ਦਾ ਸਮਰਥਨ ਮਿਲਣ ਦੀ ਗੱਲ ਆਖੀ ਗਈ ਹੈ। ਜਦਕਿ ਲਿਬਰਲ ਪਾਰਟੀ ਨੂੰ 31.5 ਫੀਸਦੀ ਅਤੇ ਇਸ ਤੋਂ ਇਲਾਵਾ ਐੱਨ. ਡੀ. ਪੀ. ਨੂੰ 19 ਫੀਸਦੀ ਲੋਕਾਂ ਦਾ ਸਮਰਥਨ ਮਿਲਣ ਦਾ ਦਾਅਵਾ ਕੀਤਾ ਗਿਆ ਹੈ।
Leave a Reply
You must be logged in to post a comment.