ਕੀ ਪਾਕਿਸਤਾਨੀ ਫ਼ੌਜ ਹੁਣ ਇਮਰਾਨ ਖ਼ਾਨ ਸਰਕਾਰ ਦਾ ਤਖ਼ਤ ਪਲਟਣ ਦੀਆਂ ਤਿਆਰੀਆਂ ਵਿੱਚ ਹੈ?

ਇਸਲਾਮਾਬਾਦ : ਕੀ ਪਾਕਿਸਤਾਨੀ ਫ਼ੌਜ ਹੁਣ ਇਮਰਾਨ ਖ਼ਾਨ ਸਰਕਾਰ ਦਾ ਤਖ਼ਤ ਪਲਟਣ ਦੀਆਂ ਤਿਆਰੀਆਂ ਵਿੱਚ ਹੈ। ਜੇ ਹੁਣ ਤੱਕ ਦੇ ਤਜਰਬਿਆਂ ਨੂੰ ਥੋੜ੍ਹਾ ਪਰਖਿਆ ਜਾਵੇ ਤਾਂ ਇਹ ਗੱਲ ਸੱਚ ਮੰਨੀ ਜਾ ਸਕਦੀ ਹੈ। ਪਾਕਿਸਤਾਨ ਵਿਚ ਤਖ਼ਤਾ–ਪਲਟ ਦੇ ਖ਼ਦਸ਼ਿਆਂ ਦੌਰਾਨ 111 ਬ੍ਰਿਗੇਡ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਬ੍ਰਿਗੇਡ ਪਾਕਿਸਤਾਨ ਵਿੱਚ ਤਖ਼ਤਾ ਪਲਟਣ ਲਈ ਬਦਨਾਮ ਹੈ। ਹੁਣ ਤੱਕ ਇਸੇ ਬ੍ਰਿਗੇਡ ਦੀ ਵਰਤੋਂ ਸਰਕਾਰਾਂ ਦਾ ਤਖ਼ਤ ਪਲਟਣ ਲਈ ਕੀਤੀ ਜਾਂਦੀ ਰਹੀ ਹੈ। ਦਰਅਸਲ, ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਹਾਲੀਆ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਕੋਈ ਪ੍ਰਭਾਵ ਨਹੀਂ ਛੱਡ ਸਕੇ ਤੇ ਆਰਥਕ ਮੋਰਚੇ ਉੱਤੇ ਵੀ ਉਨ੍ਹਾ ਦੀ ਸਰਕਾਰ ਇਸ ਵੇਲੇ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ।ਉੱਧਰ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਵਿਰੁੱਧ ਠੋਸ ਕਾਰਵਾਈ ਨਾ ਕਰਨ ਕਾਰਨ ਕਾਲੀ ਸੂਚੀ ਵਿੱਚ ਪਾਏ ਜਾਣ ਦਾ ਖ਼ਤਰਾ ਵੀ ਵਧ ਗਿਆ ਹੈ। ਇਸੇ ਲਈ ਹੁਣ ਇਮਰਾਨ ਖ਼ਾਨ ਸਰਕਾਰ ਦਾ ਤਖ਼ਤਾ ਪਲਟੇ ਜਾਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।
‘ਨਿਊਜ਼ ਸਟੇਟ’ ਮੁਤਾਬਕ ਪਾਕਿਸਤਾਨੀ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੇ ਪਾਕਿਸਤਾਨ ਦੇ ਵੱਡੇ ਕਾਰੋਬਾਰੀਆਂ ਨਾਲ ਗੁਪਤ ਮੀਟਿੰਗ ਕਰ ਕੇ ਕਿਆਸਅਰਾਈਆਂ ਨੂੰ ਹੋਰ ਵਧਾ ਦਿੱਤਾ ਹੈ। ਪਾਕਿਸਤਾਨ ਵਿੱਚ ਹੁਣ ਤਖ਼ਤਾ ਪਲਟਣ ਦੀ ਚਰਚਾ ਤੇਜ਼ ਹੋ ਗਈ ਹੈ।ਪਾਕਿਸਤਾਨੀ ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਫ਼ੌਜ ਇਸ ਵੇਲੇ ਇਮਰਾਨ ਖ਼ਾਨ ਤੋਂ ਖ਼ੁਸ਼ ਨਹੀਂ ਹੈ। ਜੰਮੂ–ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਵਿਰੁੱਧ ਪਾਕਿਸਤਾਨ ਦਾ ਸਾਥ ਕਿਸੇ ਨੇ ਵੀ ਨਹੀਂ ਦਿੱਤਾ। ਇਸੇ ਕਾਰਨ ਫ਼ੌਜ ਇਮਰਾਨ ਤੋਂ ਨਾਰਾਜ਼ ਹੈ। ਰਾਵਲਪਿੰਡੀ ਵਿਚ ਤਾਇਨਾਤ 111 ਬ੍ਰਿਗੇਡ ਨੂੰ ਪਾਕਿਸਤਾਨੀ ਫ਼ੌਜ ਦੇ ਹੈੱਡਕੁਆਰਟਰਜ਼ ਦਾ ‘ਗੈਰੀਸਨ ਬ੍ਰਿਗੇਡ’ ਕਿਹਾ ਜਾਂਦਾ ਹੈ। ਇਸ ਬ੍ਰਿਗੇਡ ਦੀ ਵਰਤੋਂ ਲੱਗਭੱਗ ਹਰੇਕ ਫ਼ੌਜੀ ਤਖ਼ਤਾ–ਪਲਟ ਵਿੱਚ ਕੀਤੀ ਗਈ ਹੈ। ਇਸੇ ਲਈ ਇਸ ਨੂੰ ਤਖ਼ਤਾ–ਪਲਟ ਬ੍ਰਿਗੇਡ ਵੀ ਕਹਿੰਦੇ ਹਨ। ਸਾਲ 1958 ਵਿਚ ਇਸ ਬ੍ਰਿਗੇਡ ਦੀ ਵਰਤੋਂ ਪਹਿਲੀ ਵਾਰ ਤਖ਼ਤਾ–ਪਲਟਣ ਲਈ ਕੀਤੀ ਗਈ ਸੀ। ਉਦੋਂ ਦੇ ਫ਼ੌਜ ਮੁਖੀ ਜਨਰਲ ਅਯੂਬ ਖ਼ਾਨ ਨੇ ਵੇਲੇ ਦੇ ਰਾਸ਼ਟਰਪਤੀ ਸਿਕੰਦਰ ਮਿਰਜ਼ਾ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ। ਇੰਝ ਹੀ 1969, 1977 ਤੇ 1999 ਵਿਚ ਵੀ ਤਖ਼ਤਾ ਪਲਟਣ ਲਈ ਇਸੇ ਬ੍ਰਿਗੇਡ ਦੀ ਵਰਤੋਂ ਕੀਤੀ ਗਈ ਸੀ। ਰਾਵਲਪਿੰਡੀ ਤੋਂ ਇਸਲਾਮਾਬਾਦ ਦੀ ਦੂਰੀ ਸਿਰਫ਼ 21 ਕਿਲੋਮੀਟਰ ਹੈ।

Be the first to comment

Leave a Reply