ਪੰਜਾਬ ਵਿਧਾਨ ਸਭਾ ਵਿਚ ਸ਼ੁਰੂ ਹੋਈ ‘ਲੋਕ-ਤੰਤਰੀ’ ਲੜਾਈ ਹੁਣ ਪੰਜਾਬ ਦੀਆਂ ਸੜਕਾਂ ਉਤੇ ਲੜੀ ਜਾਵੇਗੀ। ਜਿਸ ਘਮਸਾਨ ਦਾ ਮੁਢ ਵਿਧਾਨ ਸਭਾ ਵਿਚ ਇਕ ਅਕਾਲੀ ਵਿਧਾਇਕ ਨੇ ਕਥਿਤ ਤੌਰ ਤੇ ਬੰਨ੍ਹਿਆ ਸੀ, ਉਸ ਦੀਆਂ ਜੜ੍ਹਾਂ ਪੰਜਾਬ ਦੇ ਸਮਾਜਕ ਤਾਣੇ ਬਾਣੇ ਵਿਚ ਧੁਰ ਅੰਦਰ ਤਕ ਫੈਲੀਆਂ ਹੋਈਆਂ ਹਨ। ਵਿਧਾਇਕ ਅਪਣੇ ਆਪ ਨੂੰ ਖਾੜਕੂ ਆਖਦੇ ਹਨ, ਜੋ ਪਹਿਲਾਂ ਵੀ ਖਾੜਕੂ ਸਨ, ਅੱਜ ਵੀ ਹਨ ਤੇ ਅੱਗੋਂ ਵੀ ਰਹਿਣਗੇ। ਪਰ ਖਾੜਕੂ ਦਾ ਜੋ ਮਤਲਬ ਅਸੀਂ ਅਪਣੀ ਵਿਰਾਸਤ ਤੋਂ ਮਿਲੀ ਸੂਝ ਅਨੁਸਾਰ ਸਮਝਦੇ ਹਾਂ, ਉਹ ਤਾਂ ਇਹ ਦਸਦੀ ਹੈ ਕਿ ਖਾੜਕੂ ਉਹ ਇਨਸਾਨ ਹੁੰਦਾ ਹੈ ਜੋ ਗ਼ਲਤ ਨੂੰ ਗ਼ਲਤ ਕਹਿਣ ਤੋਂ ਨਹੀਂ ਡਰਦਾ ਤੇ ਖਾੜਕੂ ਸੋਚ ਤਾਂ ਇਹ ਆਖਦੀ ਹੈ ਕਿ ਜਦ ਕਸ਼ਮੀਰ ਵਿਚ ਇਕ ਗਿਆਰਾਂ ਸਾਲ ਦਾ ਬੱਚਾ ਪੁਲੀਸ ਦੀਆਂ ਗੋਲੀਆਂ ਨਾਲ ਮਰਦਾ ਹੈ ਤਾਂ ਦਰਦ ਪੰਜਾਬ ਨੂੰ ਵੀ ਹੋਣਾ ਚਾਹੀਦਾ ਹੈ। ਨਾਇਨਸਾਫ਼ੀ ਨੂੰ ਰੋਕਣ ਵਾਸਤੇ ਹਥਿਆਰ ਵੀ ਚੁਕਿਆ ਜਾ ਸਕਦਾ ਹੈ। ਜਿਹੜੇ ਸਿੰਘ ਰਾਤ 12 ਵਜੇ, ਮੁਗ਼ਲਾਂ ਦੇ ਸ਼ਿਕੰਜੇ ਵਿਚੋਂ ਹਿੰਦੂ ਕੁੜੀਆਂ ਨੂੰ ਛੁਡਾਉਣ ਵਾਸਤੇ ਜਾਂਦੇ ਸਨ, ਉਨ੍ਹਾਂ ਨੂੰ ਅਸੀਂ ਖਾੜਕੂ ਮੰਨਦੇ ਹਾਂ। ਉਹ ਭਰਾ ਜਿਨ੍ਹਾਂ ਨੇ ਪੰਜਾਬੀ ਸੂਬੇ ਤੇ ਪਾਣੀ ਦੇ ਮਾਮਲੇ ਵਿਚ ਸਰਕਾਰ ਦੇ ਜ਼ੁਲਮਾਂ ਵਿਰੁਧ ਹਥਿਆਰ ਚੁੱਕੇ ਸਨ, ਅਸੀਂ ਉਨ੍ਹਾਂ ਨੂੰ ਵੀ ਖਾੜਕੂ ਮੰਨਦੇ ਹਾਂ, ਪਰ ਅੱਜ ਜਿਸ ਤਰ੍ਹਾਂ ਅਕਾਲੀ ਦਲ ਦੇ ਵਿਧਾਇਕ ਅਪਣੀ ‘ਖਾੜਕੂ’ ਸੋਚ ਨਾਲ ਜਾਤ-ਪਾਤ ਦੇ ਨਾਮ ਤੇ ਮਾੜੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਨੂੰ ਅਸੀਂ ਖਾੜਕੂ ਕਿਸ ਤਰ੍ਹਾਂ ਕਹਿ ਸਕਦੇ ਹਾਂ? ਜਾਤ-ਪਾਤ ਦਾ ਫ਼ਰਕ ਮੰਨਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਸ਼ਬਦਾਵਲੀ ਨਾ ਸਿਰਫ਼ ਇਕ ਇਨਸਾਨ ਜਾਂ ਇਕ ਧੜੇ ਵਿਰੁਧ ਹੈ, ਬਲਕਿ ਗੁਰੂ ਨਾਨਕ ਦੀ ਸੋਚ ਨੂੰ ਵੀ ਬੇਦਾਵਾ ਦੇਣ ਬਰਾਬਰ ਹੈ।
ਇਸੇ ਜਾਤ-ਪਾਤ ਦੀ ਵਿਰੋਧਤਾ ਕਰਦੇ ਹੋਏ, ਗੁਰੂ ਨਾਨਕ ਨੇ ਬਰਾਬਰੀ ਦੀ ਸੋਚ ਦੇ ਕੇ ਦਬੀ ਹੋਈ, ਕੁਚਲੀ ਹੋਈ ਇਨਸਾਨੀਅਤ ਵਾਸਤੇ ਉਮੀਦ ਜਗਾਈ ਸੀ। ਪਰ ਜਦ ਅਪਣੇ ਆਪ ਨੂੰ ਇਕ ਪੰਥਕ ਕਹਾਉਣ ਵਾਲੀ ਪਾਰਟੀ ਦੇ ਮੈਂਬਰ, ਕਥਿਤ ਤੌਰ ‘ਤੇ ਜਾਤ-ਪਾਤ ਆਧਾਰਿਤ ਸ਼ਬਦਾਵਲੀ ਬੋਲਦੇ ਹਨ ਤਾਂ ਜੁੱਤੀ ਸੁਟਣਾ ਕੋਈ ਵੱਡਾ ਅਪਰਾਧ ਨਹੀਂ ਰਹਿ ਜਾਂਦਾ। ਅਕਾਲੀ ਦਲ, ਸਿੱਖ ਧਰਮ ਦੇ ਮੁਢਲੇ ਫ਼ਲਸਫ਼ੇ ਦੇ ਉਲਟ ਵਾਲੀ ਸੋਚ ਅਪਣਾਈ ਬੈਠਾ ਹੈ। ਜੱਟਾਂ, ਭਾਪਿਆਂ, ਦਲਿਤਾਂ, ਰਾਮਗੜ੍ਹੀਆਂ ਦੀਆਂ ਵੋਟਾਂ ਦਾ ਹਿਸਾਬ ਲਾ ਕੇ ਇਹ ਪੰਜਾਬ ਨੂੰ ਵੰਡਦੇ ਹਨ। ਅਕਾਲੀ ਸਰਕਾਰ ਅਪਣੇ ਇਸ਼ਤਿਹਾਰਾਂ ਵਿਚ ਇਸ ਗੱਲ ‘ਤੇ ਫ਼ਖ਼ਰ ਕਰਦੀ ਹੈ ਕਿ ਉਸ ਨੇ ਰਾਜ ਦੇ ਹਰ ਪਿੰਡ ਵਿਚ ਦੋ-ਦੋ ਗੁਰਦਵਾਰੇ ਸਥਾਪਤ ਕੀਤੇ। ਪਰ ਸਰਕਾਰ ਲਈ ਇਹ ਕੋਈ ਫ਼ਖ਼ਰ ਕਰਨ ਵਾਲੀ ਗੱਲ ਵੀ ਨਹੀਂ ਕਿਉਂਕਿ 2 ਤੋਂ 5 ਹਜ਼ਾਰ ਲੋਕਾਂ ਵਾਸਤੇ ਇਕ ਗੁਰਦਵਾਰਾ ਬਹੁਤ ਹੁੰਦਾ ਹੈ, ਪਰ ਅਕਾਲੀ ਸਰਕਾਰ ਨੇ ਦੋ-ਦੋ ਗੁਰਦਵਾਰੇ ਬਣਾ ਕੇ ਜਾਤ-ਪਾਤ ਦੀਆਂ ਲਕੀਰਾਂ ਨੂੰ ਹੋਰ ਤਿੱਖੀਆਂ ਕਰਨ ਦਾ ਕੰਮ ਹੀ ਕੀਤਾ ਹੈ ਤੇ ਵਖਰੇ-ਵਖਰੇ ਸ਼ਮਸ਼ਾਨ ਘਾਟ ਵੀ ਬਣਾਏ ਜਾ ਰਹੇ ਹਨ ਤੇ ਸਰਕਾਰ ਇਸ ਗੱਲ ਨੂੰ ਅਪਣੀ ਕਾਮਯਾਬੀ ਮੰਨਦੀ ਹੈ।
ਕਾਂਗਰਸ ਹਰ ਮੌਕੇ ਨੂੰ ਉਛਾਲਣ ਦੀ ਤਾਕ ਵਿਚ ਰਹਿੰਦੀ ਹੈ ਤੇ ਇਸ ਮੌਕੇ ਨੂੰ ਵੀ ਹੱਥੋਂ ਨਹੀਂ ਜਾਣ ਦੇਵੇਗੀ। ਪੰਜਾਬ ਵਿਚ ਮੌਲਿਕ ਅਧਿਕਾਰਾਂ ਨੂੰ ਪੈਰਾਂ ਹੇਠ ਰੋਲਣ ਵਿਰੁਧ ਅੰਦੋਲਨ ਛੇੜਨ ਦਾ ਐਲਾਨ ਕੀਤਾ ਗਿਆ ਹੈ। ਪਰ ਕੀ ਸੜਕਾਂ ਉਤੇ ਆ ਕੇ ਦਲਿਤ ਤੇ ਪਛੜੀਆਂ ਜਾਤੀਆਂ ਨੂੰ ਉਨ੍ਹਾਂ ਦਾ ਆਤਮ ਸਨਮਾਨ ਮਿਲ ਜਾਏਗਾ? ਕੀ ਉਨ੍ਹਾਂ ਨੂੰ ਉਨ੍ਹਾਂ ਦੇ ਮਨੁੱਖੀ ਹੱਕਾਂ ਦੀ ਬਰਾਬਰੀ ਮਿਲੇਗੀ? ਕੀ ਉਨ੍ਹਾਂ ਨੂੰ ਇਕ ਦਲਿਤ ਜਾਂ ਮਜ਼੍ਹਬੀ ਸਿੱਖ ਦੇ ਦਰਜੇ ਤੋਂ ਛੁਟਕਾਰਾ ਵੀ ਮਿਲੇਗਾ? 31.94% ਦਲਿਤ ਜਾਤੀਆਂ ਦੇ ਲੋਕਾਂ ‘ਤੇ 22% ਪਿਛੜੀਆਂ ਜਾਤੀਆਂ ਦੇ ਲੋਕਾਂ ਨੂੰ ਅਪਣੀ ਤਾਕਤ ਦਾ ਅਹਿਸਾਸ ਹੀ ਨਹੀਂ ਹੋਣ ਦਿਤਾ ਜਾਂਦਾ। ਸੜਕਾਂ ਉਤੇ ਰੈਲੀਆਂ ਕਰ ਕੇ ਤਾਂ ਸਿਆਸੀ ਪਾਰਟੀਆਂ ਨੂੰ ਵੋਟਾਂ ਹੀ ਮਿਲਣਗੀਆਂ ਜਦ ਕਿ ਅਜ ਚਾਹੀਦਾ ਇਹ ਹੈ ਕਿ ਦਲਿਤ ਭੈਣ-ਭਰਾ ਅਪਣੀ ਕਾਬਲੀਅਤ ਇਸ ਕਦਰ ਵਧਾਉਣ ਕਿ ਉਨ੍ਹਾਂ ਨੂੰ ਰਾਖਵਾਂਕਰਨ ਦੀ ਲੋੜ ਹੀ ਨਾ ਪਵੇ ਤੇ ਉਹ ਪੰਜਾਬ ਸਰਕਾਰ ਵਿਚ ਅਪਣੀ ਆਬਾਦੀ ਮੁਤਾਬਕ ਸ਼ਾਮਲ ਹੋ ਜਾਣ।
ਪੰਜਾਬ ਵਿਚ ਤਾਂ ਰੱਬ ਦਾ ਸੁਨੇਹਾ ਦੇਂਦੇ ਹੋਏ, ਗੁਰੂ ਨਾਨਕ ਨੇ ਸੱਭ ਮਨੁੱਖਾਂ ਨੂੰ ਬਰਾਬਰੀ ਦਿਤੀ ਹੈ, ਜਿਸ ਨੂੰ ਕੋਈ ਸਿਆਸੀ ਤਾਕਤ ਠੁਕਰਾ ਨਹੀਂ ਸਕਦੀ। ਪਰ ਪਹਿਲਾ ਕਦਮ ਦਲਿਤ ਭੈਣ-ਭਰਾਵਾਂ ਨੂੰ ਚੁਕਣਾ ਪਵੇਗਾ ਤੇ ਅਪਣੇ ਆਪ ਨੂੰ ਜਾਤ-ਪਾਤ ਦੀਆਂ ਬੇੜੀਆਂ ਤੋਂ ਮੁਕਤ ਕਰਵਾਉਣਾ ਪਵੇਗਾ। ਜਿਸ ਦਿਨ ਉਨ੍ਹਾਂ ਅਪਣੀ ਤਾਕਤ ਨੂੰ ਪਛਾਣ ਲਿਆ, ਉਹ ਖ਼ੁਦ ਅਪਣੇ ਆਪ ਨੂੰ ਉਸ ਘੁਟਨ ਵਿਚੋਂ ਆਜ਼ਾਦ ਕਰਵਾ ਲੈਣਗੇ ਤੇ ਨਾਹਰੇ ਮਾਰਨ ਲਈ ਸੜਕਾਂ ‘ਤੇ ਮਾਰਚ ਕਰਨ ਦੀ ਲੋੜ ਨਹੀਂ ਰਹੇਗੀ। -ਨਿਮਰਤ ਕੌਰ