Ad-Time-For-Vacation.png

ਕਰਮ ਕਾਂਡਾਂ ‘ਚ ਫਸਿਆ ਸਾਡਾ ਸਮਾਜ…!

ਸਾਡੇ ਸਮਾਜ ਵਿੱਚ ਕਰਮ ਕਾਂਡ ਦਿਨੋਂ ਦਿਨ ਵਧਦੇ ਜਾ ਰਹੇ ਹਨ। ਇਸ ਵਿਗਿਆਨਕ ਯੁੱਗ ਵਿੱਚ ਵੀ ਸਾਡੀ ਸੋਚ ਵਿਗਿਆਨਕ ਨਹੀਂ ਹੋਈ। ਅਸੀਂ ਹਰ ਵਿਗੜੇ ਕੰਮ ਨੂੰ ਛੂ- ਮੰਤਰ ਨਾਲ ਹੱਲ ਕਰਨਾ ਚਾਹੁੰਦੇ ਹਾਂ। ਕਦੇ ਉਸ ਦੇ ਵਿਗੜਨ ਦੇ ਕਾਰਨਾਂ ਤੇ ਨਜ਼ਰ ਮਾਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਨਾ ਹੀ ਉਸ ਨੂੰ ਠੀਕ ਕਰਨ ਲਈ ਸੰਘਰਸ਼ ਕਰਨਾ ਚਾਹੁੰਦੇ ਹਾਂ। ਕਦੇ ਰੱਬ ਨੂੰ ਉਲਾਹਮਾਂ ਦੇ ਦਿੰਦੇ ਹਾਂ ਤੇ ਕਦੇ ਕਿਸਮਤ ਨੂੰ। ਸਾਡੀ ਇਸ ਕਮਜ਼ੋਰੀ ਦਾ ਲਾਭ, ਕੁੱਝ ਜੋਤਸ਼ੀ, ਬਾਬੇ ਜਾਂ ਕੁੱਝ ਹੋਰ ਵਿਹਲੜ ਲੋਕ ਲੈ ਜਾਂਦੇ ਹਨ। ਇਹ ਲੋਕ ਸਾਨੂੰ ਕਰਮ ਕਾਂਡਾਂ ਵਿੱਚ ਫਸਾ ਕੇ, ਆਪਣਾ ਦਾਲ ਫੁਲਕਾ ਵਧੀਆ ਤੋਰੀ ਜਾਂਦੇ ਹਨ। ਪਰ ਮੇਰੇ ਖਿਆਲ ਅਨੁਸਾਰ- ਇਸ ਵਿੱਚ ਕਸੂਰ ਸਾਡੇ ਲੋਕਾਂ ਦਾ ਹੀ ਹੈ!

ਇੱਕ ਦਿਨ ਮੈਂ ਕਿਸੇ ਕੰਮ ਕਚਿਹਰੀ ਗਈ। ਅਰਜ਼ੀ ਟਾਈਪ ਕਰਵਾਉਣ ਲਈ, ਅਜੇ ਕੰਪਿਊਟਰ ਵਾਲੇ ਕੋਲ ਬੈਠੀ ਹੀ ਸਾਂ ਕਿ- ਇੱਕ ਬੰਦਾ ਉਸ ਕੋਲ ਆਇਆ। ਉਸ ਨੇ ਇੱਕ ਨਿੰਬੂ ਤੇ ਪੰਜ ਹਰੀਆਂ ਮਿਰਚਾਂ ਪ੍ਰੋ ਕੇ, ਕੁੱਝ ਲੜੀਆਂ ਜਿਹੀਆਂ ਬਣਾਈਆਂ ਹੋਈਆਂ ਸਨ। ਮੇਰੇ ਦੇਖਦੇ ਹੀ ਦੇਖਦੇ ਉਸ ਨੇ ਟਾਈਪ ਵਾਲੇ, ਅਸ਼ਟਾਮ ਵਾਲੇ, ਫੋਟੋ ਕਾਪੀਆਂ ਕਰਨ ਵਾਲੇ, ਓਥ ਕਮਿਸ਼ਨਰ, ਵਕੀਲ- ਗੱਲ ਕੀ ਹਰ ਟੇਬਲ ਨਾਲ ਇੱਕ ਇੱਕ ਲੜੀ ਟੰਗ ਦਿੱਤੀ ਤੇ ਦਸ ਦਸ ਰੁਪਏ ਲੈ ਲਏ। 50 ਕੁ ਰੁਪਏ ਦਾ ਸਮਾਨ ਲਿਆ ਕੇ ਉਸ ਨੇ, 15 ਕੁ ਮਿੰਟਾਂ ਵਿੱਚ ਚਾਰ ਪੰਜ ਸੌ ਬਣਾ ਲਿਆ। ਮੈਂ ਉਸ ਟੇਬਲ ਵਾਲੇ ਨੂੰ ਪੁੱਛਿਆ ਕਿ- “ਨਿੰਬੂ ਮਿਰਚਾਂ ਟੰਗਣ ਦਾ ਕੀ ਫਾਇਦਾ ਹੋਏਗਾ?” ਤਾਂ ਉਹ ਕਹਿਣ ਲੱਗਾ, “ਮੈਡਮ, ਗੁਰੂ ਦੀ ਕਿਰਪਾ ਨਾਲ, ਮੇਰਾ ਕੰਮ ਸੁਹਣਾ ਚਲਦਾ ਹੈ- ਸੋ ਇਸ ਨਾਲ ਨਜ਼ਰ ਨਹੀਂ ਲਗਦੀ। ਵਿਚਾਰਾ 10 ਰੁਪਏ ਵਿੱਚ, ਸਾਡੀ ਨਜ਼ਰ ਉਤਾਰ ਦਿੰਦਾ ਹੈ, ਸਾਨੂੰ ਹੋਰ ਕੀ ਚਾਹੀਦਾ ਹੈ।” ਹੋਰ ਤਾਂ ਹੋਰ, ਆਸੇ ਪਾਸੇ ਕਈ ਗੁਰਸਿੱਖ ਵੀਰ ਵੀ ਸਨ, ਸਭ ਨੇ ਖੁਸ਼ੀ ਨਾਲ ਨਿੰਬੂ ਮਿਰਚਾਂ ਟੰਗਾ ਲਈਆਂ। ਮੈਂ ਹੈਰਾਨ ਸਾਂ- ਆਪਣੇ ਲੋਕਾਂ ਦੀ ਮਾਨਸਿਕਤਾ ਤੇ।
ਕੈਨੇਡਾ ਆਉਣ ਤੋਂ ਪਹਿਲਾਂ ਸੋਚਦੀ ਸਾਂ ਕਿ- ਇਸ ਵਿਕਸਤ ਦੇਸ਼ ਵਿੱਚ ਰਹਿਣ ਵਾਲਿਆਂ ਦੀ ਸੋਚ ਤਾਂ ਬਦਲ ਗਈ ਹੋਵੇਗੀ। ਪਰ ਇੱਥੇ ਆ ਕੇ ਪਤਾ ਲੱਗਾ ਕਿ ਅਸੀਂ ਆਪਣੀ ਬੀਮਾਰ ਮਾਨਸਿਕਤਾ ਏਥੇ ਵੀ ਨਹੀਂ ਤਿਆਗੀ। ਪੇਪਰਾਂ ਵਿੱਚ ਜੋਤਸ਼ੀਆਂ ਦੇ ਇਸ਼ਤਿਆਰ ਤਾਂ ਏਥੇ, ਇੰਡੀਆ ਤੋਂ ਵੀ ਜ਼ਿਆਦਾ ਛਪਦੇ ਹਨ। ਸਾਡੇ ਲੋਕਾਂ ਦੇ ਸਿਰ ਤੇ ਹੀ ਤਾਂ ਚਲਦੀ ਹੈ- ਇਹਨਾਂ ਲੋਕਾਂ ਦੀ ਦੁਕਾਨਦਾਰੀ। ਇਸ ਵਿੱਚ ਮੇਰੀਆਂ ਭੈਣਾਂ (ਸਾਰੀਆਂ ਨਹੀਂ) ਦਾ ਵੱਡਾ ਯੋਗਦਾਨ ਹੈ। ਅਕਸਰ ਔਰਤਾਂ, ਬਹੁਤ ਜਲਦੀ ਦੂਜਿਆਂ ਦੀਆਂ ਗੱਲਾਂ ਤੇ ਇਤਬਾਰ ਕਰ ਲੈਂਦੀਆਂ ਹਨ। ਉਹ ਘਰੇਲੂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ, ਇਹਨਾਂ ਬਾਬਿਆਂ ਤੇ ਜੋਤਸ਼ੀਆਂ ਦੇ ਵਿਛਾਏ ਮੱਕੜ ਜਾਲ ਵਿੱਚ ਫਸ ਜਾਂਦੀਆਂ ਹਨ। ਤੇ ਇੱਕ ਵਾਰੀ ਜਿਹੜਾ ਬੰਦਾ ਇਹਨਾਂ ਦੇ ਦੁਆਰੇ ਚਲਾ ਗਿਆ, ਉਹ ਆਪਣਾ ਝੁੱਗਾ ਚੌੜ ਤਾਂ ਭਾਵੇਂ ਕਰਵਾ ਲਵੇ, ਪਰ ਪਿਛਾਂਹ ਨਹੀਂ ਪਰਤਦਾ। ਭਾਵੇਂ ਇਹਨਾਂ ਅਖੌਤੀ ਮਹਾਂਪੁਰਸ਼ਾਂ ਦੇ ਕਾਰਨਾਮੇ ਅੱਜਕਲ, ਕਿਸੇ ਤੋਂ ਗੁੱਝੇ ਨਹੀਂ ਰਹੇ- ਪਰ ਫਿਰ ਵੀ ਇਹਨਾਂ ਦੇ ਧੰਦੇ ਦਾ ਬਾਜ਼ਾਰ ਅਜੇ ਉਸੇ ਤਰ੍ਹਾਂ ਗਰਮ ਹੈ। ਆਖਿਰ ਕਿਉਂ ਸਾਨੂੰ ਸੋਝੀ ਨਹੀਂ ਆ ਰਹੀ? ਕਿਉਂ ਇਹ ਲੋਕ ਸਾਡੀ ਲੁੱਟ- ਖਸੁੱਟ ਧੜੱਲੇ ਨਾਲ ਕਰ ਰਹੇ ਹਨ?

ਬਾਬੇ ਨਾਨਕ ਨੇ ਤਾਂ ਕਿਹਾ ਸੀ- “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ||” ਉਹਨਾਂ ਸਾਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ- ਦਾ ਸਰਲ ਜਿਹਾ ਸਿਧਾਂਤ ਦਿੱਤਾ। ਮਿਹਨਤ ਕਰੋ ਪਰ ਹਉਮੈਂ ਤੋਂ ਬਚੋ। ਫਲ਼ ਦੀ ਪ੍ਰਾਪਤੀ ਉਸ ਅਕਾਲ ਪੁਰਖ ਤੇ ਛੱਡ ਦਿਓ। ਉਸ ਦੀ ਰਜ਼ਾ ‘ਚ ਰਾਜ਼ੀ ਰਹਿਣ ਵਾਲੇ ਲੋਕਾਂ ਦੇ ਮਨ ਤਾਂ ਦੁੱਖ ਵਿੱਚ ਵੀ ਨਹੀਂ ਭਟਕਦੇ। ਸਾਡੇ ਗੁਰੂ ਸਾਹਿਬਾਨ ਤਾਂ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਨਹੀਂ ਘਬਰਾਏ ਸਗੋਂ ‘ਤੇਰਾ ਕੀਆ ਮੀਠਾ ਲਾਗੈ||’ ਕਹਿ ਕੇ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ। ਫਿਰ ਅਸੀਂ ਕਿਉਂ ਛੋਟੀ ਜਿਹੀ ਮੁਸੀਬਤ ਵਿੱਚ ਹੀ ਇੱਧਰ ਉਧਰ ਭਟਕਣ ਲੱਗ ਜਾਂਦੇ ਹਾਂ? ਇਹਨਾਂ ਪਖੰਡੀਆਂ ਦੇ ਦੁਆਰਿਆਂ ਤੇ ਮੋਟੀਆਂ ਰਕਮਾਂ ਚੜ੍ਹਾ ਕੇ, ਇਹਨਾਂ ਤੋਂ ਦੁੱਖਾਂ ਦੇ ਉਪਾਅ ਕਰਵਾਉਂਦੇ ਹਾਂ। ਸੁੱਖਾਂ ਦੀ ਕਾਮਨਾ ਕਰਦੇ ਹਾਂ। ਇੱਕ ਅਕਾਲ ਪੁਰਖ ਨੂੰ ਮੰਨਣ ਦੀ ਬਜਾਏ, ਇਹਨਾਂ ਦੇ ਚਰਨਾਂ ਤੇ ਮੱਥੇ ਟੇਕਦੇ ਹਾਂ। ਸਾਡੇ ਗੁਰੂ ਸਾਹਿਬਾਨ ਨੇ ਲੋਕਾਂ ਨੂੰ ਵਹਿਮਾਂ ਭਰਮਾਂ ‘ਚੋਂ ਕੱਢਣ ਲਈ, ਦਸ ਜਾਮੇ ਧਾਰਨ ਕੀਤੇ- ਪਰ ਅਸੀਂ ਲੋਕ ਅਜੇ ਵੀ ਉਸੇ ਦਲਦਲ ਵਿੱਚ ਫਸੇ ਹੋਏ ਹਾਂ। ਬੜਾ ਦੁੱਖ ਹੁੰਦਾ ਹੈ, ਜਦੋਂ ਦੇਖਦੇ ਹਾਂ ਕਿ ਆਪਣੇ ਆਪ ਨੂੰ ਗੁਰਸਿੱਖ ਕਹਾਉਣ ਵਾਲੇ ਲੋਕੀਂ ਵੀ, ਕਰਮ ਕਾਂਡ ਕਰੀ ਜਾਂਦੇ ਹਨ। ਕਈ ਤਰ੍ਹਾਂ ਦੇ ਨਗ ਮੁੰਦੀਆਂ ਵਿੱਚ ਪਾਈ ਫਿਰਦੇ ਹਨ। ਕਿਤੇ ਕੀਤੇ ਕਰਾਏ ਪਾਠ ਵਿਕ ਰਹੇ ਹਨ। ਕਿਤੇ ਇਹਨਾਂ ਲੋਕਾਂ ਨੂੰ ਆਪਣੇ ਲਈ ਪਾਠ ਜਾਂ ਜਾਪ ਕਰਨ ਲਈ, ਮੋਟੀ ਰਕਮ ਦੇ ਰਹੇ ਹਾਂ। ਕਿਤੇ ਅਰਦਾਸੀਏ ਸਿੰਘ ਨੂੰ ਅਰਦਾਸ ਕਰਨ ਵੇਲੇ, ਮੱਲੋ- ਮੱਲੀ ਉਸ ਦੇ ਹੱਥਾਂ ਵਿੱਚ ਮਾਇਆ ਦਿੰਦੇ ਹਾਂ। ਕਿਤੇ ਧਾਗੇ ਤਵੀਤਾਂ ਦਾ ਆਸਰਾ ਲਿਆ ਜਾ ਰਿਹਾ ਹੈ। ਕਿਤੇ ਜਾਦੂ ਟੂਣਿਆਂ ਦਾ ਅਸਰ ਰੋਕਣ ਲਈ, ਘਰਾਂ ਵਿੱਚ ਸਿਆਣਿਆਂ ਨੂੰ ਬੁਲਾਇਆ ਜਾ ਰਿਹਾ ਹੈ। ਕਿਤੇ ਮੜੀਆਂ ਮਸਾਣਾਂ ਨੂੰ ਪੂਜਿਆ ਜਾ ਰਿਹਾ ਹੈ। ਕਿਤੇ ਕਬਰਾਂ ਤੇ ਮੱਥੇ ਰਗੜੇ ਜਾ ਰਹੇ ਹਨ। ਕੀ ਇਹੀ ਸਿੱਖਿਆ ਸਾਨੂੰ ਗੁਰੂ ਸਾਹਿਬਾਨ ਨੇ ਦਿੱਤੀ ਸੀ? ਕਿਉਂ ਅਸੀਂ ਆਪਣੀ ਕਿਰਤ ਕਮਾਈ ਨਾਲ ਇਹ ਵਿਹਲੜਾਂ ਦੀ ਫੌਜ ਪਾਲ ਰਹੇ ਹਾਂ? ਜੇ ਦਾਨ ਕਰਨਾ ਹੀ ਹੈ ਤਾਂ ਆਪਣਾ ਦਸਵੰਧ, ਕਿਸੇ ਹੋਰ ਭਲੇ ਕਾਰਜ ਤੇ ਕਿਉਂ ਨਹੀਂ ਲਾਉਂਦੇ ਅਸੀਂ ਲੋਕ?

ਪੰਜਵੇਂ ਪਾਤਸ਼ਾਹ ਨੇ, ਇਹ ਜੋ ਨਾਮ ਬਾਣੀ ਦਾ ਜਹਾਜ਼ ਤਿਆਰ ਕਰਕੇ ਮਨੁੱਖਤਾ ਨੂੰ ਸੌਂਪਿਆ- ਇਸ ਦਾ ਉਪਦੇਸ਼, ਕੇਵਲ ਸਿੱਖਾਂ ਲਈ ਹੀ ਨਹੀਂ, ਬਲਕਿ ਕੁੱਲ ਮਨੁੱਖਤਾ ਲਈ ਹੈ। ਇਸ ਵਿੱਚ ਮਨੁੱਖ ਨੂੰ ਸੁਚੱਜਾ ਜੀਵਨ ਜੀਉਣ ਦੀ ਜਾਚ ਦੱਸੀ ਗਈ ਹੈ। ਤੁਸੀਂ ਆਪ ਹੀ ਸੋਚੋ ਭਲਾ- ਜਿਸ ਬਾਣੀ ਨੂੰ ਆਪਾਂ ਕਦੇ ਪੜ੍ਹਿਆ ਨਹੀਂ, ਬੈਠ ਕੇ ਸੁਣਿਆਂ ਨਹੀਂ, ਜੇ ਸੁਣ ਲਿਆ ਤਾਂ ਕਦੇ ਅਮਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ- ਉਸ ਦਾ ਲਾਭ ਭਲਾ ਸਾਨੂੰ ਕਿਵੇਂ ਮਿਲ ਸਕਦਾ ਹੈ? ‘ਜਪੁਜੀ ਸਾਹਿਬ’ ਵਿੱਚ ਗੁਰੂ ਸਾਹਿਬ ਫੁਰਮਾ ਰਹੇ ਹਨ ਕਿ ਅਸੀਂ ਕਿਹੜੀਆਂ ਗੱਲਾਂ ਨੂੰ ਜ਼ਿੰਦਗੀ ਵਿੱਚ ਅਪਨਾਉਣਾ ਹੈ ਜਦ ਕਿ ‘ਆਸਾ ਜੀ ਦੀ ਵਾਰ’ ਵਿੱਚ ਸਾਨੂੰ ਸਮਝਾਇਆ ਹੈ ਕਿ- ‘ਕੀ ਨਹੀਂ ਕਰਨਾ’। ਪਰ ਅਸੀਂ ਲੋਕ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਾਂ ਮੰਨਦੇ ਹਾਂ, ਸਤਿਕਾਰ ਵੀ ਬਹੁਤ ਕਰਦੇ ਹਾਂ- ਪਰ ਇਸ ਤੋਂ ਜੀਵਨ ਜਾਚ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਤਾਂ ਬੱਸ ਇਸਨੂੰ ਮਹਿੰਗੇ ਤੋਂ ਮਹਿੰਗੇ ਰੁਮਾਲੇ ਦੁਸ਼ਾਲਿਆਂ ਵਿੱਚ ਲਪੇਟ ਕੇ ਏ. ਸੀ. ਲ਼ਾ ਦਿੱਤੇ ਹਨ, ਪਰ ਬਾਣੀ ਨੂੰ ਵਿਚਾਰਨ ਦੀ ਅਸੀਂ (ਕੁੱਝ ਕੁ ਨੂੰ ਛੱਡ ਕੇ), ਖਾਸ ਜਰੂਰਤ ਨਹੀਂ ਸਮਝਦੇ। ਭਾਵੇਂ ਅਸੀਂ ਗੁਰੂ ਘਰ, ਮੰਦਰ, ਮਸੀਤਾਂ ਮਹਿੰਗੇ ਪੱਥਰ ਲਾ ਕੇ ਲਿਸ਼ਕਾ ਦਿੱਤੇ ਹਨ- ਪਰ ਸਾਡੇ ਮਨ ਨਹੀਂ ਟਿਕਦੇ। ਜਦੋਂ ਰੱਬ ਦੇ ਘਰ ਕੱਚੇ ਸਨ ਤਾਂ ਸਾਡੇ ਮਨ ਪੱਕੇ ਸਨ। ਹੁਣ ਇਹ ਪੱਕੇ ਹੋ ਗਏ ਹਨ, ਪਰ ਮਨ ਕੱਚੇ ਹੋ ਗਏ ਹਨ ਜੋ ਕਰਮ ਕਾਂਡਾਂ ਵਿੱਚ ਭਟਕਦੇ ਰਹਿੰਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੰਗੇ ਪੜ੍ਹੇ ਲਿਖੇ ਪਰਿਵਾਰ ਵੀ ਇਸ ਜੰਜਾਲ ਵਿੱਚ ਫਸੇ ਹੋਏ ਹਨ।

ਕਰਮ ਕਾਂਡਾਂ ਦੇ ਵਿਛਾਏ ਜਾਲ ਵਿੱਚ ਫਸਣ ਦਾ ਇੱਕ ਕਾਰਨ ਇਹ ਵੀ ਹੈ ਕਿ- ਅੱਜਕਲ ਹਰ ਕੋਈ, ਹਰ ਹੀਲੇ, ਵਿਦੇਸ਼ ਜਾਣਾ ਚਾਹੁੰਦਾ ਹੈ। ਇਸ ਖਾਤਿਰ ਅਸੀਂ ਇੰਨੇ ਪੁੱਠੇ ਸਿੱਧੇ ਤਰੀਕੇ ਅਪਣਾਏ ਹਨ ਕਿ- ਹੁਣ ਵੀਜ਼ਾ ਅਫ਼ਸਰਾਂ ਦਾ ਸਾਡੇ ਤੋਂ ਵਿਸ਼ਵਾਸ ਉੱਠ ਗਿਆ ਹੈ। ਵਿਦੇਸ਼ ਜਾਣ ਦੇ ਕਨੂੰਨ ਸਖਤ ਹੋ ਗਏ ਹਨ। ਹੁਣ ਸਿੱਧੇ ਸਾਦੇ ‘ਕੇਸ’ ਵਿੱਚ ਵੀ ਵੀਜ਼ਾ ਮਸੀਂ ਲਗਦੈ। ਸੋ ਸਾਡੇ ਲੋਕ ਪਰੇਸ਼ਾਨ ਹੋਕੇ, ਜੋਤਸ਼ੀਆਂ ਕੋਲੋਂ ਸਮੱਸਿਆ ਦਾ ਹੱਲ ਕਰਾਉਣ ਤੁਰ ਪੈਂਦੇ ਹਨ। ਤੇ ਫਿਰ ਇਹਨਾਂ ਲੋਕਾਂ ਨੇ ਤਾਂ, ਇਸ ਤਰ੍ਹਾਂ ਦੇ ਗਾਹਕ ਫਸਾਉਣ ਲਈ, ਪਹਿਲਾਂ ਹੀ ਏਜੰਟ ਰਖੇ ਹੁੰਦੇ ਹਨ- ਜੋ ਇਹਨਾਂ ਦੀਆਂ ਝੂਠੀਆਂ ਸੱਚੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਰਹਿੰਦੇ ਹਨ। ਸਾਡੇ ਲੋਕ ਗਿਆਨ ਦੀ ਘਾਟ ਕਾਰਨ, ਦੋਹੀਂ ਹੱਥੀਂ ਲੁੱਟੇ ਜਾ ਰਹੇ ਹਨ- ਇੱਕ ਏਜੰਟਾਂ ਹੱਥੋਂ ਤੇ ਦੂਜੇ ਇਹਨਾਂ ਜੋਤਸ਼ੀ ਪੰਡਤਾਂ ਹੱਥੋਂ।

ਇੱਧਰ ਵਸਦੇ ਐਨ ਆਰ ਆਈ ਪਰਿਵਾਰਾਂ ਨੂੰ ਵੀ ਘੱਟ ਸਮੱਸਿਆਵਾਂ ਨਹੀਂ। ਘਰਾਂ ਦੇ ਕਲਾ- ਕਲੇਸ਼, ਔਲਾਦ ਦਾ ਵਿਗੜਨਾ, ਵੱਡੇ ਵੱਡੇ ਘਰਾਂ ਦੀਆਂ ਕਿਸ਼ਤਾਂ ਦੀ ਚਿੰਤਾ, ਉਪਰੋਂ ‘ਲੇ- ਔਫ’ ਦੀ ਹਨ੍ਹੇਰੀ ਦਾ ਹਰ ਵੇਲੇ ਡਰ। ਸੋ ਉਹ ਵੀ ਇਹਨਾਂ ਦੇ ਹੱਲ ਲਈ, ਇਹਨਾਂ ਲੋਕਾਂ ਦਾ ਸਹਾਰਾ ਭਾਲਣ ਤੁਰ ਪੈਂਦੇ ਹਨ। ਇਹਨਾਂ ਲੁਟੇਰਿਆਂ ਨੇ ਵੀ ਐਨ. ਆਰ. ਆਈ. ਲਈ ਮੋਟੀਆਂ ਫੀਸਾਂ ਰੱਖੀਆਂ ਹੋਈਆਂ ਹਨ। ਕੁੱਝ ਸਮਾਂ ਪਹਿਲਾਂ ਦੀ ਗੱਲ ਹੈ ਕਿ ਮੇਰੀ ਇੱਕ ਜਾਣਕਾਰ ਨੇ ਕਿਹਾ ਕਿ- “ਇੰਡੀਆ ਤੋਂ ਸਾਡੇ ਮਹਾਂ- ਪੁਰਸ਼ ਆਏ ਹੋਏ ਹਨ, ਜਰੂਰ ਉਹਨਾਂ ਦੇ ਪ੍ਰਵਚਨ ਸੁਨਣ ਆਈਂ। ਉਹ ਤਾਂ ਸਭ ਦੇ ਦਿੱਲ ਦੀਆਂ ਬੁੱਝ ਲੈਂਦੇ ਹਨ।” ਮੈਂ ਉਸ ਦਾ ਕਿਹਾ ਮੋੜ ਨਾ ਸਕੀ ਤੇ ਚਲੀ ਗਈ। ਉਸ ਦੇ ਘਰ ਵਿੱਚ ਹੀ ਦੀਵਾਨ ਸਜਿਆ ਹੋਇਆ ਸੀ। ਪਰ ਉਹ ਮਹਾਂ ਪੁਰਸ਼ ਦੂਜੇ ਕਮਰੇ ਵਿੱਚ ਬੈਠੇ ਸਨ, ਜਿਥੇ ਇੱਕ ਇੱਕ ਜਣਾ ਜਾ ਕੇ ਆਪਣੀ ਸਮੱਸਿਆ ਦਾ ਹੱਲ ਪੁੱਛ ਰਿਹਾ ਸੀ। ਕਮਰੇ ਦੇ ਬਾਹਰ ਉਹਨਾਂ ਦੇ ਦੋ ਸਾਥੀ ਸਨ ਜੋ ਪਹਿਲਾਂ ਹਰ ਬੰਦੇ ਤੋਂ ਪੁੱਛ ਪੜਤਾਲ ਕਰ ਲੈਂਦੇ, ਤੇ ਫਿਰ ਬਾਬਾ ਜੀ ਨੂੰ ਜਾ ਦੱਸਦੇ। ਭਾਵੇਂ ਮੈਂ ਇਹਨਾਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਸੀ ਕਰਦੀ, ਪਰ ਮੈਂ ਦੇਖਣਾ ਚਾਹੁੰਦੀ ਸਾਂ ਕਿ ਉਹ ਕਿੰਨੀ ਕੁ ਕਰਨੀ ਵਾਲੇ ਸੰਤ ਸਨ? ਸੋ ਮੈਂ ਵੀ ਦਰਸ਼ਨ ਕਰਨ ਵਾਲੀ ਸੰਗਤ ਵਿੱਚ ਖਲੋ ਗਈ।

ਜਦ ਮੇਰੀ ਵਾਰੀ ਆਈ ਤਾਂ ਉਹਨਾਂ ਦੇ ਇੱਕ ਸਾਥੀ ਨੇ ਪੁੱਛਿਆ- “ਕੀ ਪਰੇਸ਼ਾਨੀ ਹੈ?”

“ਮੈਂ ਆਪਣੀ ਪਰੇਸ਼ਾਨੀ ਤੁਹਾਨੂੰ ਨਹੀਂ ਦੱਸ ਸਕਦੀ” ਮੈਂ ਜਵਾਬ ਦਿੱਤਾ।

ਮੇਰੇ ਨਾਲ ਮੇਰੀ ਇੱਕ ਹੋਰ ਸਹੇਲੀ ਵੀ ਸੀ। ਖੈਰ ਉਹ ਅੰਦਰ ਗਿਆ ਤੇ ਇਜ਼ਾਜਤ ਲੈ ਆਇਆ। ਅਸੀਂ ਦੋਵੇਂ ਅੰਦਰ ਗਈਆਂ ਤੇ ਡਾਲਰਾਂ ਦੇ ਢੇਰ ਲਾਗੇ ਬੈਠੇ ਬਾਬੇ ਨੂੰ ਫਤਿਹ ਬੁਲਾ, ਬੈਠ ਗਈਆਂ।

“ਹਾਂ ਦੱਸੋ ਕੀ ਪਰੇਸ਼ਾਨੀ ਹੈ?” ਉਹ ਬੋਲੇ।

“ਤੁਸੀਂ ਜਾਣੀ ਜਾਣ ਹੋ- ਬਾਬਾ ਜੀ” ਕਹਿ, ਮੈਂ ਬਾਬੇ ਦੀ ਪ੍ਰੀਖਿਆ ਲੈਣ ਲੱਗੀ।

“ਤੇਰਾ ਘਰ ਵਾਲਾ ਤੰਗ ਕਰਦਾ ਹੈ- ਸਭ ਠੀਕ ਹੋ ਜਾਏਗਾ”

“ਨਹੀਂ ਜੀ, ਐਸੀ ਤਾਂ ਕੋਈ ਗੱਲ ਨਹੀਂ”

“ਤਾਂ ਫਿਰ ਮੌਰਟਗੇਜ਼ ਦੀ ਸਮੱਸਿਆ ਹੈ- ਉਸ ਦਾ ਵੀ ਉਪਾਅ ਹੋ ਜਾਏਗਾ”

“ਘਰ ਤਾਂ ਅਜੇ ਲਿਆ ਹੀ ਨਹੀਂ, ਤੇ ਮੋਰਟਗੇਜ਼ ਕਾਹਦੀ?” ਮੇਰੀ ਸਹੇਲੀ ਕਹਿਣ ਲੱਗੀ।

“ਜੇ ਔਲਾਦ ਵਿਗੜ ਗਈ ਹੈ ਤਾਂ ਵੀ ਘਬਰਾ ਨਾ ਮਾਤਾ..”

“ਔਲਾਦ ਤਾਂ ਨੇਕ ਹੈ- ਵਾਹਿਗੁਰੂ ਦੀ ਕਿਰਪਾ ਨਾਲ..” ਮੈਂ ਕਿਹਾ।

“ਜਾਹ ਮਾਤਾ… ਜੋ ਵੀ ਮਨੋ ਕਾਮਨਾ ਹੈ, ਪੂਰੀ ਹੋ ਜਾਏਗੀ” ਬਾਬਾ ਜੀ ਝੁੰਜਲਾ ਕੇ ਬੋਲੇ ਤੇ ਅਗਲੇ ਉਮੀਦਵਾਰ ਨੂੰ ਅੰਦਰ ਆਉਣ ਦਾ ਇਸ਼ਾਰਾ ਕਰ ਦਿੱਤਾ।

ਮੈਂ ਜਾਣੀ ਜਾਣ ਬਾਬੇ, ਤੇ ਆਪਣੇ ਲੋਕਾਂ ਦੀ ਭੇਡ ਚਾਲ ਤੇ ਹੈਰਾਨ ਹੋ ਰਹੀ ਸਾਂ। ਅਸਲ ਵਿੱਚ ਅਸੀਂ ਲੋਕ, ਇੰਡੀਆ ਤੋਂ ਆਏ ਹਰ ਕਿਸੇ ਨੂੰ ਇੱਧਰ ਹੱਥਾਂ ਤੇ ਚੁੱਕ ਲੈਂਦੇ ਹਾਂ। ਡਾਲਰਾਂ ਨਾਲ ਮਾਲਾਮਾਲ ਕਰ ਦਿੰਦੇ ਹਾਂ। ਤੇ ਇਹ ਲੋਕ ਸਾਡੀਆਂ ਕਮਜ਼ੋਰੀਆਂ ਦਾ ਲਾਭ ਉਠਾ ਕੇ, ਆਪਣੀਆਂ ਕਮਾਈਆਂ ਵੀ ਕਰ ਜਾਂਦੇ ਹਨ ਤੇ ਨਾਲੇ ਗਰਮੀ ਕੱਟ ਜਾਂਦੇ ਹਨ।

ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ- ਕਿ ਦੁੱਖ ਸੁੱਖ ਦਾ ਸੁਮੇਲ ਹੀ ਤਾਂ ਹੈ ਜ਼ਿੰਦਗੀ। ਇਹ ਦੁੱਖ ਸੁੱਖ ਵੀ ਤਾਂ, ਧੁੱਪ- ਛਾਂ, ਗਰਮੀ- ਸਰਦੀ, ਜੀਵਨ- ਮੌਤ ਵਾਂਗ, ਕੁਦਰਤ ਦੇ ਨਿਯਮ ਅਨੁਸਾਰ ਆਉਂਦੇ ਜਾਂਦੇ ਰਹਿੰਦੇ ਹਨ। ਇਹਨਾਂ ਤੋਂ ਘਬਰਾ ਕੇ, ਕਰਮ ਕਾਂਡਾਂ ਵਿੱਚ ਪੈਣ ਦੀ ਲੋੜ ਨਹੀਂ। ਇਹਨਾਂ ਦਾ ਚੜ੍ਹਦੀ ਕਲਾ ਵਿੱਚ ਰਹਿ ਕੇ ਮੁਕਾਬਲਾ ਕਰੋ। ਕੋਈ ਵੀ ਮੁਸੀਬਤ ਚਿਰ ਸਥਾਈ ਨਹੀਂ ਹੁੰਦੀ। ਉਸ ਵਿਚੋਂ ਨਿਕਲਣ ਲਈ ਆਪ ਹੰਭਲਾ ਮਾਰੋ ਤੇ ਪਰਮਾਤਮਾ ਤੇ ਭਰੋਸਾ ਰੱਖੋ। ਕਿਸੇ ਜੋਤਸ਼ੀ, ਬਾਬੇ ਜਾਂ ਤਾਂਤਰਿਕ ਨੇ ਕੋਈ ਰੇਖ ‘ਚ ਮੇਖ ਨਹੀਂ ਮਾਰਨੀ।

ਅੱਜ ਲੋੜ ਹੈ ਸਾਨੂੰ ਸਭ ਨੂੰ ਆਪੋ ਆਪਣੇ ਅੰਦਰ ਝਾਤੀ ਮਾਰਨ ਦੀ- ਕਿ ਕਿਤੇ ਆਪਾਂ ਵੀ ਇਸ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਉਲਝ ਕੇ, ਆਪਣੀ ਜ਼ਿੰਦਗੀ ਅਜਾਈਂ ਤਾਂ ਨਹੀਂ ਗੁਆ ਰਹੇ!

ਗੁਰਦੀਸ਼ ਕੌਰ ਗਰੇਵਾਲ 403-404-1450 ਕੈਲਗਰੀ

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਮਾਣ ਨਾਲ ਕਹੋ ਅਸੀਂ ਹਿੰਦੂ ਹਾਂ, ਸਾਨੂੰ ਕੋਈ ਫ਼ਿਕਰ ਨਹੀਂ (ਰਾਜੇਸ਼ ਪ੍ਰਿਅਦਰਸ਼ੀ:ਡਿਜੀਟਲ ਐਡੀਟਰ, ਬੀਬੀਸੀ ਹਿੰਦੀ)

ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਜਨਤਾ ਦੇਸ ‘ਤੇ ਮਾਣ ਕਰੇ, ਉਮੀਦ ਹੈ ਕਿ ਇਸੇ ਫਾਰਮੂਲੇ ਤੋਂ ਲੋਕ ਦੇਸ ਚਲਾਉਣ ਵਾਲਿਆਂ ‘ਤੇ ਵੀ ਮਾਣ ਕਰਨ

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.