ਬਾਹਰ ਹੈ ਹੀ ਕੁਝ ਨਹੀ, ਕੀ ਹੈ ਬਾਹਰ ਹੁਕਮੋਂ? ਮੇਰਾ ਧਰਤੀ ਉਪਰ ਸਾਹ ਲੈਣਾ ਹੀ ਦੱਸਦਾ ਕਿ ਬਾਹਰ ਕੁਝ ਨਾ। ਡਾਕਟਰ ਖੜੇ ਹੀ ਰਹਿ ਗਏ ਕਹਿੰਦੇ ਚੱਕ ਲਓ ਬੰਦਾ ਅਪਣਾ।
ਪਰ ਨਾਸਤਿਕ ਕਹਿੰਦਾ ਹੋ ਰਹੇ ਬਲਾਤਕਾਰ, ਠੱਗੀਆਂ, ਚੋਰੀਆਂ, ਤਸਕਰੀਆਂ ਸਭ ਹੁਕਮ? ਜਦ ਤੂੰ ਹੀ ਹੁਕਮ ਹੈ ਤਾਂ ਹੁਕਮੋ ਬਾਹਰ ਕੀ ਹੋਇਆ।
ਤੇਰਾ ਇਸ ਧਰਤੀ ਤੇ ਆਉਂਣਾ, ਰਹਿਣਾ, ਜਿਉਂਣਾ ਤੇ ਮਰ ਜਾਣਾ ਹੁਕਮ ਹੈ ਪਰ ਤੂੰ ਕਰਦਾਂ ਕੀ ਏ ਇਥੇ ਹੁਕਮ ਤੇਰਾ ਖੁਦ ਦਾ ਹੀ। ਵਲ ਨੂੰ ਅਗੂੰਰ ਲਗਾ ਸੀ ਨਾ ਕਿ ਸ਼ਰਾਬ। ਗੰਨੇ ਵਿਚ ਤਾਂ ਮਿੱਠਾ ਰਸ ਸੀ ਸ਼ਰਾਬ ਤਾਂ ਤੂੰ ਬਣਾਈ, ਉਹੀ ਪੀ ਕੇ ਕਿਸੇ ਦਾ ਸਿਰ ਪਾੜਿਆ ਜਾਂ ਕਿਸੇ ਤੋਂ ਪੜਵਾਇਆ ਜਾਂ ਬਲਾਤਕਾਰ ਕੀਤਾ, ਇਹ ਹੁਕਮ ਨਹੀ ਸੀ। ਇਸ ਵਿਚ ਰੋਲ ਮੇਰਾ ਸੀ। ਮੈਨੂੰ ਇਕ ਕਦਮ ਪੁੱਟਣ ਦੀ ਅਜਾਦੀ ਮਿਲੀ ਸੀ ਉਹ ਮੈਂ ਵਰਤੀ ਪਰ ਵਰਤੀ ਅਗੂੰਰ ਨੂੰ ਸ਼ਰਾਬ ਬਣਾਉਂਣ ਲਈ।
ਚੰਗਿਆਈ ਵਿਚ ਵਿਗਾੜ ਮੈਂ ਪੈਦਾ ਕੀਤਾ, ਸਿੱਧੇ ਅੱਖਰ ਪੁੱਠੇ ਮੈਂ ਕੀਤੇ, ਚੰਗੀ ਚੀਜ ਨੂੰ ਉਲਟਾ ਮੈਂ ਕੀਤਾ ਤਾਂ ਸਜਾ ਉਸ ਨੂੰ ਦੇਣ ਦੀ ਕੀ ਲੋੜ। ਜਦ ਕਿਡਨੀਆਂ ਜਾਂ ਲਿਵਰ ਨੂੰ ਲੈ ਕੇ ਡਾਕਟਰਾਂ ਚੀਕਾਂ ਕਢਾਈਆਂ ਸਜਾ ਆਪੇ ਹੋ ਜਾਣੀ।
ਇੱਕ ਪੈਰ ਚੁੱਕਣ ਦੀ ਅਜਾਦੀ ਦੂਜਾ ਨਹੀ। ਦੋਵੇਂ ਚੁੱਕੇਗਾਂ ਤਾਂ ਲੱਤਾਂ ਖੜੀਆਂ। ਧਰਤੀ, ਹਵਾ, ਪਾਣੀ ਹੁਕਮ ਪਰ ਬੀਜ ਤੇਰਾ। ਬੀਜ ਦੋਵੇਂ ਈ ਹੁਕਮ ਵਿਚ, ਕੰਢਾ ਵੀ ਤੇ ਫੁੱਲ ਵੀ, ਦੇਖਣਾ ਤੂੰ ਕਿ ਕਿਹੜਾ ਬੀਜਣਾ। ਕਿਕਰ ਬੀਜ ਕੇ ਦਾਖਾਂ ਤਾਂ ਨਹੀ ਨਾ ਹੋਣੀਆਂ ਪਰ ਸਨ ਦੋਵੇਂ ਈ ਧਰਤੀ ਦੀ ਪੈਦਾਇਸ਼ ਯਾਣੀ ਹੁਕਮ। ਇਹੀ ਖੂਬਸੂਰਤੀ ਕਰਤੇ ਦੀ ਕਿ ਉਸ ਤੈਨੂੰ ਅਜਾਦ ਕੀਤਾ ਕਿ ਤੂੰ ਕਿਹੜੀ ਮੁੱਠੀ ਖੋਹਲਣੀ ਪਰ ਜਿਹੜਾ ਬੀਜ ਡਿੱਗ ਗਿਆ ਤੇਰੇ ਹੱਥੋਂ ਉਹੀ ਉਗੇਗਾ ਅਤੇ ਕਈ ਜਰਬਾਂ ਲੱਗ ਕੇ ਉਗੇਗਾ।
ਡਰੱਗਾਂ ਵੇਚਣ ਵਾਲਿਆਂ ਦੇ ਟੱਬਰ ਤੇ ਨਿਆਣੇ ਦੇਖ ਲਿਆ ਜੇ ਉਨ੍ਹਾਂ ਦੇ ਘਰਾਂ ਅੰਦਰ ਝਾਕਣ ਦਾ ਕਦੇ ਮੌਕਾ ਮਿਲਿਆ ਤਾਂ। ਯਾਦ ਰਹੇ ਕਿ ਦੂਰੋਂ ਚਮਕਦਾ ਰੇਗਸਤਾਨ ਪਾਣੀ ਨਹੀ ਹੁੰਦਾ। ਕਿ ਹੁੰਦਾ?
ਹੁਕਮ ਵਿਚ ਪੈਦਾ ਹੋਇਆ ਬੰਦਾ ਬਲਾਤਕਾਰੀ ਨਾ ਸੀ, ਡਰੱਗੀ ਨਾ ਸੀ ਉਹ ਤਾਂ ਮੈਂ ਕੀਤਾ, ਮੇਰੇ ਸਮਾਜ ਨੇ ਯਾਣੀ ਬੰਦੇ ਨੇ ਤਾਂ ਮੈਂ ਕਹਾਂ ਇਹ ਵੀ ਹੁਕਮ ਵਿਚ ਸੀ।
ਜਾਨਵਾਰਾਂ ਦੀ ਦੁਨੀਆਂ ਵਿਚ ਕਦੇ ਬਲਾਤਕਾਰ ਹੁੰਦੇ ਸੁਣੇ? ਉਹ ਹੁਕਮ ਵਿਚ ਭੋਗਦੇ, ਸਮਾ ਆਉਂਣ ਤੇ ਭੋਗਦੇ, ਸਮਾ ਆਉਂਣ ਤੇ ਨਿਆਣੇ ਜੰਮਦੇ ਤੇ ਬੱਅਸ। ਬਾਕੀ ਸਾਰਾ ਸਮਾ ਉਹ ਇਕੱਠੇ ਝੁੰਡਾ ਵਿਚ ਰਹਿੰਦੇ ਕਦੇ ਕਿਸੇ ਨੇ ਕਿਸੇ ਨਾਲ ਬਲਾਤਕਾਰ ਨਹੀ ਕੀਤਾ ਪਰ ਬੰਦਾ?
ਬੇਗਾਨੀ ਔਰਤ ਵੰਨੀ ਦੇਖਣ ਤੋਂ ਬੰਦਾ ਉਸ ਸਮੇ ਤੱਕ ਨਹੀ ਹਟਦਾ ਜਿੰਨਾ ਚਿਰ ਖੰਭੇ ਵਿਚ ਨਹੀ ਜਾ ਵਜਦਾ। ਅਪਣੀ ਔਰਤ ਹੋਰ ਕੋਈ ਦੇਖ ਰਿਹਾ ਹੁੰਦਾ ਖੁਦ ਦੂਜੇ ਦੀ। ਕੋਠੇ ਉਪਰ ਔਰਤ ਕਿਸ ਚਾਹੜੀ, ਕੌਣ ਗਿਆ ਕੋਠੇ ਉਪਰ, ਹੁਕਮ ਨੇ ਮੈਨੂੰ ਵਿਭਚਾਰੀ ਬਣਾ ਕੇ ਕਦੇ ਨਾ ਭੇਜਿਆ ਸੀ ਧਰਤੀ ਤੇ। ਹੁਕਮ ਨੇ ਤਾਂ ਮੈਨੂੰ ਸਾਫ ਸੁਥਰਾ, ਕੋਮਲ, ਅਉਗਣਾ ਤੋਂ ਰਹਿਤ, ਇੱਕ ਵੀ ਝਰੀਟ ਨਾ ਸੀ ਗੁਨਾਹਾਂ ਦੀ ਤਾਂ ਹੋਇਆ ਕੀ, ਕਿਸ ਕੀਤਾ, ਕੌਣ ਜਿੰਮੇਵਾਰ? ਮੇਰੇ ਆਲੇ ਦੁਆਲੇ ਦਾ ਸਿਰਜਿਆ ਗਿਆ ਸੰਸਾਰ ਇਵੇਂ ਦਾ ਥੋੜੋਂ ਉਤਰਿਆ ਸੀ ਧਰਤੀ ਤੇ। ਪ੍ਰਮਾਣੂ, ਤੋਪਾਂ, ਬੰਬ, ਬਦੂੰਕਾਂ ਮੇਰੇ ਨਾਲ ਥੋੜੋਂ ਆਈਆਂ ਸਨ। ਮਾਂ ਦੀ ਗੋਦ ਵਿਚ ਮੈਂ ਬਲਾਤਕਾਰੀ ਥੋੜੋਂ ਆਇਆ ਸੀ। ਜਦ ਉਸ ਨੇ ਮੈਨੂੰ ਸਾਫ ਸੁਥਰਾ ਮਾਂ ਦੀ ਗੋਦ ਵਿਚ ਦਿੱਤਾ ਤਾਂ ਹੁਣ ਮੈਂ ਬਲਾਤਕਾਰ ਕਰਕੇ ਕਹਿੰਨਾ ਰੱਬ ਕਿਥੇ ਸੀ ਜਦ ਮੈ ਬਲਾਤਕਾਰ ਕਰ ਰਿਹਾ ਸਾਂ, ਕਿਆ ਇਨੀ ਕੁ ਅਕਲ ਵੀ ਤੈਨੂੰ ਰੱਬ ਦੇਣ ਆਵੇ ਕਿ ਅਪਣੀ ਹੀ ਸਾਂਭ ਲੈ ਕਾਫੀ ਐ।
ਮਾੜਾ ਬੰਦਾ ਹੋਰ ਤਾਂ ਕਿਸੇ ਨੂੰ ਕੁਝ ਕਹਿ ਨਹੀ ਸਕਦਾ ਹੁੰਦਾ ਉਹ ਰੱਬ ਦੁਆਲੇ ਹੀ ਡਾਂਗ ਕੱਢ ਲੈਂਦਾ ਕਿ ਕਿਥੇ ਉਏ ਤੂੰ ਵੱਡਾ ਰੱਬ। ਦੇਖ ਕਿੰਨੇ ਬਲਾਤਕਾਰ ਹੋ ਰਹੇ, ਲੋਕ ਲੁਟੇ ਜਾ ਰਹੇ, ਮਨੁੱਖ ਮਰ ਰਿਹਾ ਜੇ ਤੂੰ ਹੁੰਦਾ ਤਾਂ ਬੋਲਦਾ ਨਾਂ। ਬੰਦਾ ਪੁੱਛੇ ਕਮਲਿਆ ਤੇਰੇ ਵੀ ਤਾਂ ਜੁਬਾਨ ਲਾ ਕੇ ਹੀ ਭੇਜੀ ਤੂੰ ਬੋਲ ਲੈਂਦਾ। ਜਿੰਨਾ ਜੋਰ ਉਸ ਨੂੰ ਜੋ ਗਾਹਲਾਂ ਵੰਨੀ ਲਾ ਰਿਹਾਂ ਅੱਧਾ ਹੀ ਰੱਤ ਪੀਣੇ ਕਸਾਈ ਰਾਜਿਆਂ ਤੇ ਲਾ ਲੈਂਦਾ। ਪਰ ਇਧਰ ਪਤਾ ਭੱਤੇ ਨਹੀ ਮਿਲਣੇ, ਗਰਾਂਟਾ ਨਹੀ ਮਿਲਣੀਆਂ ਉਲਟਾ ਅਗਲਿਆਂ ਲਤਾਂ ਪਾੜ ਕੇ ਫਾਂਕੜਾ ਕਰ ਮਾਰਨੀਆਂ ਸੋ ਰੱਬ ਵੰਨੀ ਹੀ ਮੂੰਹ ਠੀਕ ਰਹੇਗਾ! ਨਹੀ?
ਕੋਸਣਾ ਤਾਂ ਉਸ ਕਸਾਈ, ਬੇਈਮਾਨ, ਰੱਤ ਪੀਣੇ ਹਾਕਮ ਨੂੰ ਕੋਸ ਜਿਸ ਨੂੰ ਪਾਲਣ ਪੋਸਣ ਵਿਚ ਕਿਤੇ ਨਾ ਕਿਤੇ ਤੇਰਾ ਖੁਦ ਦਾ ਵੀ ਹੱਥ ਹੈ। ਤੂੰ ਵੀ ਇਸ ਕੰਡਿਆਂ ਨੂੰ ਉਗਣ ਵਿਚ ਸਹਾਇਤਾ ਕੀਤੀ। ਤੂੰ ਵੀ ਇਸ ਜ਼ਹਿਰੀਲੇ ਬੂਟੇ ਨੂੰ ਵੱਡਾ ਕਰਨ ਵਿਚ ਖਾਦ ਪਾਈ ਜਦ ਤੂੰ ਉਸ ਦੇ ਸੋਹਲੇ ਗਾਏ, ਉਹ ਵੀ ਪਤਾ ਹੋਣ ਦੇ ਬਾਵਜੂਦ। ਖੁਦ ਜਵਾਨ ਧੀਆਂ ਤੇ ਪੁੱਤਾਂ ਵਿਚ ਬਾਲੀਵੁੱਡ ਦੀਆਂ ਅੱਧ ਨੰਗੀਆਂ ਮਾਈਆਂ ‘ਇੰਟਰਟੇਨਮਿੰਟ’ ਦੇ ਨਾਂ ਵਿਚ ਬੈਠ ਕੇ ਦੇਖੀਆਂ। ਤੂੰ ਵੀ ਉਨ੍ਹਾਂ ਬਲਾਤਕਾਰੀਆਂ ਨੂੰ ਹਵਾ ਕੀਤੀ ਜਦ ਵਿਆਹਾਂ ਸ਼ਾਦੀਆਂ ਤੇ ਜਵਾਨ ਨੂੰਹਾਂ, ਧੀਆਂ, ਦੋਹਤੀਆਂ, ਪੋਤੀਆਂ ਵਿਚ ਡੀ ਜੇ ਲਵਾ ਕੇ ਗੰਦ ਪਾਉਂਣ ਵਿਚ ਹਿੱਸਾ ਪਾਇਆ ਤਾਂ ਰੱਬ ਦਸ ਕੀ ਕਰੇ। ਬਲਾਤਕਾਰੀ ਤੂੰ ਪੈਦਾ ਕਰੇਂ ਡਾਂਗ ਮਗਰ ਰੱਬ ਚੁੱਕੀ ਫਿਰੇ ਕਿ ਕਰ ਬਲਾਤਕਾਰ ਤੈਨੂੰ ਫਾਹੇ ਲਾਵਾਂ।
ਬਿਲਕੁਲ ਉਸ ਦੇ ਹੁਕਮ ਵਿਚ ਹੈ ਸਭ, ਉਸ ਦੇ ਹੁਕਮ ਤੋਂ ਬਾਹਰ ਹੈ ਹੀ ਕੁਝ ਨਾ ਪਰ ਇਹ ਤੇਰੀ ਮਰਜੀ ਕਿ ਤੂੰ ਹੁਕਮ ਨੂੰ ਹਾਂ ਪੱਖੀ ਲੈਨਾ ਜਾਂ ਨਾਂਹ। ਪਰ ਹੁਕਮ ਨੂੰ ਹਾਂ ਪੱਖੀ ਲੈਣ ਵਾਲੇ ਸੁਖ ਵਿਚ ਰਹਿੰਦੇ ਨਾਂਹ ਵਾਲੇ ਚੀਕਾਂ ਮਾਰਦੇ ਦੇਖੇ। ਬਾਬੇ ਸਾਡੇ, ਬਜੁਰਜ ਅਪਣੇ ਸਾਰੇ ਨਫੇ ਨੁਕਸਾਨ ਹੁਕਮ ਕਹਿਕੇ ਸਹਿਜੇ ਹੀ ਸਿਰਾਂ ਤੇ ਝੱਲ ਜਾਂਦੇ ਸਨ ਤੇ ਖੁਸ਼ ਰਹਿੰਦੇ ਸਨ। ਪਰ ਜਦ ਕੋਈ ਜਰਵਾਣਾ ਚ੍ਹੜਦਾ ਸੀ ਰੱਬ ਨੂੰ ਬੁੜੀਆਂ ਤਰ੍ਹਾਂ ਮਿਹਣੇ ਮਾਰਨ ਦੀ ਬਜਾਇ ਖੁਦ ਹੀ ਬਰਛਾ ਗੱਡ ਕੇ ਖੜ ਜਾਂਦੇ ਸਨ ਕਿ ਆ ਦੋ ਹੱਥ ਕਰ ਹੀ ਲਈਏ। ਪਰ ਬੰਦੇ ਦੀ ਅੱਜ ਦੀ ਪੀਹੜੀ? ਟੀਨ ਏਜਰ ਵਿਚ ਹੀ ‘ਡਿਪਰੈਸਡ’ ਕਾਰਨ ਆਤਮ ਹਤਿਆ ਵਾਲੇ ਨਿਆਣਿਆਂ ਦੀ ਗਿਣਤੀ ਕੱਢ ਲਓ ਗੂਗਲ ਤੋਂ ਹੈਰਾਨੀ ਨਾਲ ਮੂੰਹ ਅੱਡਿਆ ਜਾਂਦਾ ਬੰਦੇ ਦਾ।
ਬੰਦੇ ਦੀ ਜਿੰਦਗੀ ਵਿਚੋਂ ਹੁਕਮ ਗੁਆਚ ਹੀ ਗਿਆ, ਅਰਥ ਹੀ ਖਤਮ ਕਰ ਲਏ ਇਸ ਨੇ। ਅਪਣੀ ਪੀਹੜੀ ਨੂੰ ਪੁੱਛਿਓ ਹੁਣ ਵਾਲੀ ਨੂੰ ਹੁਕਮ ਕਿਸ ਬਲਾਅ ਦਾ ਨਾਂ ਹੈ। ਛੋਟੇ ਜਿਹੇ ਹਵਾ ਦੇ ਬੁੱਲੇ ਨਾਲ ਬੰਦਾ ਹਿੱਲ ਜਾਂਦਾ, ਪਤਾ ਹਿਲੇ ਤੇ ਤ੍ਰਬਕ ਜਾਂਦਾ, ਸਿਰ ਦੁੱਖੇ ਤਾਂ ਚੀਕਾਂ ਮਾਰ ਉਠਦਾ, ਨਿਆਣਾ ਘੰਟਾ ਲੇਟ ਹੋ ਜਾਏ ਤਾਂ ਮਾਂ ਹਾਲ ਪਾਹਰਿਆ ਕਰ ਉਠਦੀ। ਹੁਕਮ ਤੋਂ ਉਖੜੀ ਮਾਂ ਨਿਆਣੇ ਲਈ ਕਦੇ ਕੋਈ ਤਬੀਤ ਕਰਾਉਂਦੀ , ਕਦੇ ਕਿਸੇ ਨੰਗ ਕੋਲੋਂ ਉਸ ਦੇ ਸਿਰ ਹੱਥ ਰਖਾਉਂਦੀ ਫਿਰ ਰਹੀ।
ਯਾਦ ਰਹੇ ਜਹਾਜ ਚਾਹੇ ਜਿਹੜੇ ਮਰਜੀ ਅਸਮਾਨਾ ਤੇ ਉਡ ਲਏ ਪਰ ਆਉਂਣਾ ਉਸ ਨੂੰ ਧਰਤੀ ਤੇ ਹੀ ਪਊ। ਬੰਦਾ ਚਾਹੇ ਅਸਮਾਨੀ ਚੜ ਜਾਏ ਪਰ ਹੁਕਮ ਤੋਂ ਬਾਹਰ ਜਾ ਹੀ ਨਹੀ ਸਕਦਾ। ਇਸ ਨੂੰ ਸਮਝੋ। ਕਿਉਂਕਿ ਹੁਕਮ ਤੋਂ ਬਾਹਰ ਜਦ ਜਿਉ ਹੀ ਨਹੀ ਸਕਦਾ ਤਾਂ ਬਾਹਰ ਜਾਣ ਦਾ ਕਾਰਨ ਕੀ।
ਸਿਆਣਾ ਹੋਣਾ ਮਾੜਾ ਨਹੀ, ਸਿਆਣਪ ਹੋਣੀ ਚਾਹੀਦੀ, ਬੁੱਧੀ ਵਰਤਣੀ ਚਾਹੀਦੀ ਪਰ ਕੇਵਲ ਬੁੱਧੀ ਦੇ ਤਲ ਦੇ ਜੋਰ ਨਾਲ ਜਿਉਂਣ ਦਾ ਹੰਕਾਰ ਕਰ ਬੈਠਣਾ ਬੰਦੇ ਦੀ ਅੱਜ ਦੀ ਸਭ ਤੋਂ ਵੱਡੀ ਭੁਲ ਹੈ। ਤੇ ਯਾਦ ਰਹੇ ਕਿ ਭੱਵਿਖ ਦਾ ਮਨੁੱਖ ਇਉਂ ਹੈਰਾਨ ਹੋ ਕੇ ਤੁਹਾਨੂੰ ਪੁੱਛੇਗਾ ਕਿ ਤੁਸੀਂ ਨੀਂਦ ਦੀ ਗੋਲੀ ਤੋਂ ਬਿਨਾ ਸੌਂ ਕਿਵੇਂ ਲੈਂਦੇ ਸੋ। ਜਿਵੇਂ ਅੱਜ ਦੇ ਨਿਆਣੇ ਪੁੱਛ ਰਹੇ ਕਿ ਤੁਸੀਂ ਨੈੱਟ-ਟੀਵੀ ਤੋਂ ਬਿਨਾ ਜਿਉਂ ਕਿਵੇਂ ਲੈਂਦੇ ਰਹੇ?
ਗੁਰਦੇਵ ਸਿੰਘ ਸੱਧੇਵਾਲੀਆ
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


