ਨਵੀਂ ਦਿੱਲੀ : ਰੱਖਿਆ ਮੰਤਰਾਲੇ ਦੀ ਸਭ ਤੋਂ ਵੱਡੀ ਫ਼ੈਸਲਾ ਕਰਨ ਵਾਲੀ ਸੰਸਥਾ ਰੱਖਿਆ ਪ੍ਰਾਪਤੀ ਕੌਂਸਲ ਨੇ ਸ਼ੁੱਕਰਵਾਰ ਨੂੰ ਹਿੰਦੂਸਤਾਨ ਏਅਰੋਨਾਟਿਕਸ ਲਿਮਟਿਡ ਤੋਂ ਹੋਰ ਸਾਮਾਨ ਦੇ ਨਾਲ 12 ਹੋਰ ਸੁਖੋਈ-30 ਐੱਮਕੇਆਈ ਲੜਾਕੂ ਜੈੱਟ ਖ਼ਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਿੰਦੂਸਤਾਨ ਏਅਰੋਨਾਟਿਕਸ ਰੂਸੀ ਮੂਲ ਦੇ ਡਬਲ ਇੰਜਣ ਵਾਲੇ ਸੁਖੋਈ ਦਾ ਉਤਪਾਦਨ ਕਰਦਾ ਹੈ। ਕੁੱਲ ਮਿਲਾ ਕੇ, 1998 ਤੋਂ ਲੈ ਕੇ ਹੁਣ ਤੱਕ 272 ਸੁਖੋਈ ਜਹਾਜ਼ਾਂ ਨੂੰ ਭਾਰਤੀ ਹਵਾਈ ਫ਼ੌਜ ’ਚ ਸ਼ਾਮਲ ਕੀਤਾ ਗਿਆ ਹੈ। ਹਵਾਈ ਹਾਦਸਿਆਂ ਕਾਰਨ ਹੋਏ ਨੁਕਸਾਨ ਦਾ ਘਾਟਾ ਪੂਰਾ ਕਰਨ ਲਈ 12 ਹੋਰ ਜਹਾਜ਼ ਖ਼ਰੀਦੇ ਜਾ ਰਹੇ ਹਨ।

ਰੱਖਿਆ ਪ੍ਰਾਪਤੀ ਕੌਂਸਲ ਵੱਲੋਂ ਨੌ ਵੱਡੀਆਂ ਖਰੀਦ ਤਜਵੀਜ਼ਾਂ ਤਹਿਤ 45 ਹਜ਼ਾਰ ਕਰੋੜ ਦੀ ਇਹ ਤਜਵੀਜ਼ ਟੈਂਡਰਿੰਗ ਪ੍ਰਕਿਰਿਆ ਦਾ ਪਹਿਲਾ ਕਦਮ ਹੈ। ਕੌਂਸਲ ਦੀ ਇਹ ਬੈਠਕ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਸੀ। ਇਹ ਸਾਰੀਆਂ ਖ਼ਰੀਦਾਂ ਭਾਰਤੀ ਵਿਕਰੇਤਾਵਾਂ ਕੋਲੋਂ ਕੀਤੀਆਂ ਜਾਣਗੀਆਂ। ਇਨ੍ਹਾਂ ਜੈੱਟਾਂ ਦੀ ਖ਼ਰੀਦ ਸੁਰੱਖਿਆ, ਗਤੀਸ਼ੀਲਤਾ, ਹਮਲਾ ਕਰਨ ਦੀ ਸਮਰੱਥਾ ਤੇ ਮਸ਼ੀਨੀ ਦਸਤਿਆਂ ਦੀ ਸੁਰੱਖਿਆ ਵਧਾਉਣ ਲਈ ਕੀਤੀ ਜਾ ਰਹੀ ਹੈ।