ਸਰੀ, ਬੀ.ਸੀ. – ਸਰੀ ਸ਼ਹਿਰ ਨੂੰ ਇਹ ਐਲਾਨ ਕਰਕੇ ਮਾਣ ਹੋ ਰਿਹਾ ਹੈ ਕਿ, ਸਰੀ ਸਪੋਰਟਸ ਹਾਲ ਆਫ਼ ਫੇਮ ਦੀ ਪਹਿਲੀ ਕਲਾਸ ਲਈ ਹੁਣ ਨਾਮਜ਼ਦਗੀਆਂ ਖੁੱਲ੍ਹ ਗਈਆਂ ਹਨ। ਇਹ ਮਹੱਤਵਪੂਰਨ ਪਲ ਸਰੀ ਦੇ ਅਮੀਰ ਅਤੇ ਵਿਭਿੰਨ ਖੇਡ ਇਤਿਹਾਸ ਦੇ ਜਸ਼ਨਾਂ ਨੂੰ ਮਨਾਉਣ ਅਤੇ ਉਨ੍ਹਾਂ ਵਿਅਕਤੀਆਂ, ਟੀਮਾਂ, ਨਿਰਮਾਤਾਵਾਂ ਅਤੇ ਕੋਚਾਂ ਨੂੰ ਸਨਮਾਨਿਤ ਕਰਨ ਦਾ ਹੈ, ਜਿਨ੍ਹਾਂ ਨੇ ਸਰੀ ਖੇਡ ਜਗਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਖੇਡਾਂ ਸਾਡੇ ਸ਼ਹਿਰ ਦੇ ਤਾਣੇ-ਬਾਣੇ ਵਿੱਚ ਰਚੀਆਂ ਹੋਈਆਂ ਹਨ, ਜੋ ਖਿਡਾਰੀਆਂ ਨੂੰ ਪ੍ਰੇਰਿਤ ਕਰਦੀਆਂ, ਭਾਈਚਾਰਿਆਂ ਨੂੰ ਜੋੜਦੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰ੍ਰੇਣਾ ਸਰੋਤ ਹਨ”। “ਸਰੀ ਸਪੋਰਟਸ ਹਾਲ ਆਫ਼ ਫੇਮ ਉਨ੍ਹਾਂ ਲਈ ਇੱਕ ਜੀਵਤ ਵਿਰਾਸਤ ਹੋਵੇਗਾ, ਜਿਨ੍ਹਾਂ ਨੇ ਸਾਡੇ ਸ਼ਹਿਰ ਵਿੱਚ ਖੇਡਾਂ ਨੂੰ ਨਵੀਂ ਉਚਾਈ ਦਿੱਤੀ ਹੈ ਚਾਹੇ ਮੈਦਾਨ ਵਿੱਚ, ਪਿੱਛੇ ਰਹਿ ਕੇ, ਜਾਂ ਆਪਣੀਆਂ ਕਮਿਊਨਿਟੀਆਂ ਨੂੰ ਪ੍ਰੇਰਿਤ ਅਤੇ ਇਕਜੁੱਟ ਕਰਕੇ। ਇਹ ਸਰੀ ਲਈ ਇੱਕ ਰੋਮਾਂਚਕ ਪਲ ਹਨ, ਅਤੇ ਮੈਂ ਹਰ ਕਿਸੇ ਨੂੰ ਅਪੀਲ ਕਰਦੀ ਹਾਂ ਕਿ ਉਹ ਉਨ੍ਹਾਂ ਲੋਕਾਂ ਦੇ ਜਸ਼ਨਾਂ ਵਿੱਚ ਹਿੱਸਾ ਲੈਣ, ਜਿਨ੍ਹਾਂ ਨੇ ਸਾਡੀਆਂ ਖੇਡਾਂ ਦੀ ਕਹਾਣੀ ਨੂੰ ਰੂਪ ਦਿੱਤਾ ਹੈ।”
ਹਾਲ ਆਫ਼ ਫੇਮ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਅਤੇ ਉਪਲਬਧੀਆਂ ਨੂੰ ਮਾਨਤਾ ਦੇਵੇਗਾ: ਖਿਡਾਰੀ, ਉੱਚ-ਪ੍ਰਦਰਸ਼ਨ ਖਿਡਾਰੀ, ਟੀਮ, ਬਿਲਡਰ, ਕੋਚ, ਗੇਮ ਚੇਂਜਰ, ਅਤੇ ਕਮਿਊਨਿਟੀ ਹੀਰੋ। ਨਾਮਜ਼ਦਗੀਆਂ ਦੀ ਸਮੀਖਿਆ ਇੱਕ ਸੁਤੰਤਰ ਕਮੇਟੀ ਦੁਆਰਾ ਕੀਤੀ ਜਾਵੇਗੀ।
ਯੋਜਨਾਬੱਧ ਸਿਟੀ ਸੈਂਟਰ ਅਰੀਨਾ ਵਿੱਚ ਆਪਣੇ ਸਥਾਈ ਘਰ ਦੀ ਉਮੀਦ ਵਿੱਚ, ਹਾਲ ਆਫ਼ ਫੇਮ 2026 ਦੇ ਬਸੰਤ ਵਿੱਚ ਫ਼ਿਲਹਾਲ ਮਿਊਜ਼ੀਅਮ ਆਫ਼ ਸਰੀ ਵਿੱਚ ਇੱਕ ਅਸਥਾਈ ਪ੍ਰਦਰਸ਼ਨੀ ਨਾਲ ਖੁੱਲ੍ਹੇਗਾ। ਸਾਲ ਦੇ ਅੰਤ ਵਿੱਚ, ਡਿਜੀਟਲ ਕਿਓਸਕ ਸ਼ਹਿਰ ਭਰ ਦੀਆਂ ਚੋਣਵੀਂਆਂ ਨਾਗਰਿਕ ਸਹੂਲਤਾਂ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਇੰਟਰਐਕਟਿਵ ਕਹਾਣੀ ਦੱਸਣ ਵਾਲੇ ਤੱਤ, ਸਰੀ ਦੀ ਖੇਡ ਵਿਰਾਸਤ ਨੂੰ ਉਭਾਰਨਗੇ ।
ਸਰੀ ਸਪੋਰਟਸ ਹਾਲ ਆਫ਼ ਫੇਮ ਦੀ ਰਚਨਾ ਭਾਈਚਾਰੇ ਵਲੋਂ ਦਿੱਤੀ ਮਹੱਤਵਪੂਰਨ ਸਲਾਹ-ਮਸ਼ਵਰੇ ਤੋਂ ਬਾਅਦ ਹੋਈ ਹੈ, ਜਿਸ ਵਿੱਚ 1,000 ਤੋਂ ਵੱਧ ਸਰਵੇਖਣ ਜਵਾਬ ਮਿਲੇ, ਜੋ ਇਸ ਪ੍ਰੋਜੈਕਟ ਦੀ ਦ੍ਰਿਸ਼ਟੀ ਨੂੰ ਰੂਪ ਦੇਣ ਵਿੱਚ ਸਹਾਇਕ ਰਹੇ। ਸਿਟੀ ਹੁਣ ਭਾਈਚਾਰੇ ਦੇ ਮੈਂਬਰਾਂ, ਖੇਡ ਸੰਸਥਾਵਾਂ ਅਤੇ ਨਿਵਾਸੀਆਂ ਨੂੰ ਨਾਮਜ਼ਦਗੀਆਂ ਭੇਜਣ ਅਤੇ ਇਸ ਇਤਿਹਾਸਕ ਜਸ਼ਨ ਨੂੰ ਆਕਾਰ ਦੇਣ ਵਿੱਚ ਹਿੱਸਾ ਲੈਣ ਦਾ ਸੱਦਾ ਦੇ ਰਿਹਾ ਹੈ।
ਨਾਮਜ਼ਦਗੀ ਮਾਪਦੰਡਾਂ, ਅਰਜ਼ੀ ਫਾਰਮਾਂ, ਅਤੇ ਸਲਾਹਕਾਰ ਬੋਰਡ ਜਾਂ ਨਾਮਜ਼ਦਗੀ ਕਮੇਟੀ ਵਿੱਚ ਸੇਵਾ ਕਰਨ ਦੇ ਮੌਕਿਆਂ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ https://www.surrey.ca/arts-culture/surrey-sports-hall-of-fame ਵੇਖੋ।



