ਸਰੀ, ਬੀ.ਸੀ. – ਇਸ ਮਹੀਨੇ, ਸਰੀ ਸ਼ਹਿਰ ਕਲਾ ਅਤੇ ਸਭਿਆਚਾਰ ਦੇ ਰਾਸ਼ਟਰੀ ਤਿਉਹਾਰ ‘ਕਲਚਰ ਡੇਅਜ਼’ (Culture Days) ਨੂੰ ਮਨਾਉਣ ਲਈ ਕਈ ਮੁਫ਼ਤ ਸਮਾਗਮ ਅਤੇ ਪ੍ਰੋਗਰਾਮ ਪੇਸ਼ ਕਰਦਿਆਂ ਉਤਸ਼ਾਹਿਤ ਹੈ। ਨਿਵਾਸੀਆਂ ਨੂੰ ਕਮਿਊਨਿਟੀ ਆਰਟਸ (Community Arts), ਪਬਲਿਕ ਆਰਟ (Public Art), ਹਿਸਟੌਰਿਕ ਸਟੂਅਰਟ ਫਾਰਮ (Historic Stewart Farm), ਮਿਊਜ਼ੀਅਮ ਆਫ਼ ਸਰੀ (Museum of Surrey) ਅਤੇ ਸਰੀ ਆਰਕਾਈਵਜ਼ (Surrey Archives) ਵੱਲੋਂ ਕਰਵਾਈਆਂ ਜਾ ਰਹੀਆਂ ਦਿਲਚਸਪ ਅਤੇ ਆਪਸੀ ਤਾਲਮੇਲ ਵਾਲੀਆਂ ਪੇਸ਼ਕਾਰੀਆਂ ਅਤੇ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ,“ਸਰੀ ਨੂੰ ਕਨੇਡਾ ਦੇ ਸਭ ਤੋਂ ਭਿੰਨਤਾ-ਭਰੇ ਸਭਿਆਚਾਰਾਂ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੋਣ ‘ਤੇ ਮਾਣ ਹੈ, ਜਿੱਥੇ ਹਰ ਪਿਛੋਕੜ ਦੇ ਲੋਕ ਇਕੱਠੇ ਰਹਿਣ, ਸਿੱਖਣ, ਕੰਮ ਕਰਨ ਲਈ ਅਤੇ ਆਪਣਾਪਣ ਮਹਿਸੂਸ ਕਰਨ ਲਈ ਆ ਸਕਦੇ ਹਨ। ਮੈਂ ਆਪਣੇ ਸਾਰੇ ਨਿਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਸਾਲ ਦੇ ਕਲਚਰ ਡੇਅਜ਼ ਦੌਰਾਨ ਕਲਾ, ਸਭਿਆਚਾਰ ਅਤੇ ਵਿਰਾਸਤ ਵਾਲੀਆਂ ਮੁਫ਼ਤ ਗਤੀਵਿਧੀਆਂ ਬਾਰੇ ਪਤਾ ਕਰਨ ਅਤੇ ਉਨ੍ਹਾਂ ਨੂੰ ਮਾਣਨ। ਇਹ ਸਮਾਗਮ ਸਿਰਜਣਾਤਮਿਕਤਾ, ਸਰਬ-ਸਾਂਝੀ ਸ਼ਮੂਲੀਅਤ ਅਤੇ ਭਾਈਚਾਰਕ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਨਾਲ, ਸ਼ਹਿਰ ਦੇ ਰੌਣਕਮਈ ਅਤੇ ਉੱਨਤ ਸਰੀ ਦੇ ਸੁਪਨੇ ਦਾ ਸਮਰਥਨ ਕਰਦੇ ਹਨ।”
‘ਕਲਚਰ ਡੇਅਜ਼’ ਵਿੱਚ ਭਾਗ ਲੈਣਾ, ਕਲਾ ਅਤੇ ਸਭਿਆਚਾਰ ਰਾਹੀਂ ਕਮਿਊਨਿਟੀ ਨੂੰ ਆਪਸ ‘ਚ ਜੋੜਨ ਵਾਲੇ ਪ੍ਰੋਗਰਾਮਾਂ ਅਤੇ ਸਮਾਗਮਾਂ ਦੀ ਪੇਸ਼ਕਸ਼ ਕਰਨ ਦੀ ਸਰੀ ਸ਼ਹਿਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। 2024 ਵਿੱਚ, ਸਰੀ ਕਨੇਡਾ ਵਿੱਚ ਸਭ ਤੋਂ ਵੱਧ ਭਾਗ ਲੈਣ ਵਾਲੀਆਂ 10 ਕਮਿਊਨਿਟੀਆਂ ਵਿੱਚੋਂ ਇੱਕ ਸੀ। ਆਰਟਸ ਡੇਅ ਐਟ ਕਲੇਟਨ ਕਮਿਊਨਿਟੀ ਸੈਂਟਰ (Arts Day at Clayton Community Centre) ਤੋਂ ਲੈ ਕੇ ਹਿਸਟੌਰਿਕ ਸਟੂਅਰਟ ਫਾਰਮ (Historic Stewart Farm) ‘ਤੇ ਹੋਣ ਵਾਲੇ ਹਾਰਵੈਸਟ ਫੇਅਰ ਤੱਕ, ਅਤੇ ਟੋਟੈਸਟ ਅਲੇਂਗ: ਇੰਡੀਜਨਸ ਲਰਨਿੰਗ ਹਾਊਸ (Totest Aleng: Indigenous Learning House) ਵਿੱਚ ਹੋਣ ਵਾਲੇ ਮੂਲਵਾਸੀ ਪ੍ਰੋਗਰਾਮਾਂ ਤੱਕ, ਹਰ ਕਿਸੇ ਲਈ ਕੁੱਝ ਨਾ ਕੁੱਝ ਮਾਣਨਯੋਗ ਹੈ।
ਸਭਿਆਚਾਰਕ ਦਿਨਾਂ ਬਾਰੇ (About Culture Days):
ਕਲਚਰ ਡੇਅਜ਼ ਦੀ ਰਾਸ਼ਟਰੀ ਸੰਸਥਾ ਸੂਬਾਈ ਹਿੱਸੇਦਾਰਾਂ ਅਤੇ ਪ੍ਰੋਗਰਾਮ ਕਰਵਾਉਣ ਵਾਲਿਆਂ ਦੇ ਜ਼ਮੀਨੀ ਪੱਧਰ ਦੇ ਕਮਿਊਨਿਟੀ ਵੋਲੰਟੀਅਰਾਂ ਤੋਂ ਲੈ ਕੇ ਵੱਡੀਆਂ ਸੰਸਥਾਵਾਂ ਤੱਕ ਫੈਲੇ ਹੋਏ ਵਿਆਪਕ ਨੈੱਟਵਰਕ ਨਾਲ ਮਿਲ ਕੇ ਕੰਮ ਕਰਦੀ ਹੈ। ਹਰ ਸਾਲ ਸਤੰਬਰ ਦੇ ਅੰਤ ‘ਚ ਲੱਖਾਂ ਲੋਕ ਕਨੇਡਾ ਭਰ ‘ਚ ਕਲਾ ਅਤੇ ਸਭਿਆਚਾਰ ਦੇ ਹਜ਼ਾਰਾਂ ਸਮਾਗਮਾਂ ਵਿੱਚ ਭਾਗ ਲੈਂਦੇ ਹਨ। ਕਲਚਰ ਡੇਅਜ਼ ਦੇ ਪ੍ਰੋਗਰਾਮ ਲੋਕਾਂ ਨੂੰ ਆਪਣਾ ਹੱਥ ਅਜ਼ਮਾਉਣ ਅਤੇ ਪਿੱਛੇ ਚੱਲ ਰਹੀਆਂ ਪ੍ਰਕਿਰਿਆਵਾਂ ਵੇਖਣ ਦਾ ਮੌਕਾ ਦਿੰਦੇ ਹਨ, ਤਾਂ ਜੋ ਭਾਈਚਾਰਿਆਂ ਵਿੱਚ ਕਲਾ ਅਤੇ ਸਭਿਆਚਾਰ ਦੇ ਮਹੱਤਵ ਨੂੰ ਉਜਾਗਰ ਕੀਤਾ ਜਾ ਸਕੇ। ‘ਕਲਚਰ ਡੇਅਜ਼’ ਤਿਉਹਾਰ ਸਾਲ ਭਰ ਉਤਪ੍ਰੇਰਕ ਵਜੋਂ ਕੰਮ ਕਰਦਾ ਹੈ, ਜੋ ਲੋਕਾਂ ਅਤੇ ਕਲਾਕਾਰਾਂ ਨੂੰ ਜੋੜ ਕੇ ਪੂਰੇ ਕਲਾ ਖੇਤਰ ਨੂੰ ਅਹਿਮ ਸਮਰਥਨ ਦਿੰਦਾ ਹੈ ਅਤੇ ਇਸ ਦੇ ਯੋਗਦਾਨ ਨੂੰ ਵਧਾਉਂਦਾ ਹੈ। ਇਹਨਾਂ ਦਾ ਮਕਸਦ ਪਹੁੰਚ ਅਤੇ ਭਾਗੀਦਾਰੀ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਦੇ ਹੋਏ, ਕਲਾ ਅਤੇ ਸਭਿਆਚਾਰ ਨੂੰ ਸਮਝਣ, ਕਦਰ ਅਤੇ ਪੜਚੋਲ ਕਰਨ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਕਿ ਦੇਸ਼ ਦਾ ਹਰ ਨਾਗਰਿਕ ਆਪਣੇ-ਆਪ, ਆਪਣੇ ਭਾਈਚਾਰੇ ਅਤੇ ਕਨੇਡਾ ਨਾਲ ਹੋਰ ਗਹਿਰਾ ਰਿਸ਼ਤਾ ਮਹਿਸੂਸ ਕਰੇ।
ਸਰੀ ਵਿੱਚ ਕਲਚਰ ਡੇਅਜ਼ 19 ਸਤੰਬਰ ਤੋਂ 12 ਅਕਤੂਬਰ ਤੱਕ ਮਨਾਏ ਜਾਣਗੇ।
ਹੋਰ ਜਾਣਕਾਰੀ ਲਈ culturedays.ca ‘ਤੇ ਜਾਓ।



