ਸਰੀ, ਬੀ.ਸੀ. – ਸ਼ਹਿਰ ਸਰੀ ਮੈਮੋਰੀਅਲ ਹਸਪਤਾਲ ਵਿੱਚ ਸੰਭਾਵੀ ਵਿਸਥਾਰ ਦਾ ਸਮਰਥਨ ਕਰਨ ਅਤੇ ਕਲੋਵਰਡੇਲ ਵਿੱਚ ਨਵੇਂ ਸਰੀ ਹਸਪਤਾਲ ਅਤੇ ਬੀਸੀ ਕੈਂਸਰ ਸੈਂਟਰ ਤੱਕ ਆਵਾਜਾਈ ਦੀ ਪਹੁੰਚ ਆਸਾਨ ਬਣਾਉਣ ਤੇ ਰੁਕਾਵਟਾਂ ਦੂਰ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕ ਰਿਹਾ ਹੈ। ਸੋਮਵਾਰ ਦੀ ਕੌਂਸਲ ਮੀਟਿੰਗ ਵਿੱਚ, ਕੌਂਸਲ ਨੇ ਸਰੀ ਮੈਮੋਰੀਅਲ ਹਸਪਤਾਲ ਲਈ ਜ਼ੋਨਿੰਗ ਸੋਧਾਂ ਨੂੰ ਮਨਜ਼ੂਰੀ ਦਿੱਤੀ, ਜੋ ਹਾਲ ਹੀ ਵਿੱਚ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸੀ, ਜਿਸ ਵਿੱਚ ਭਵਿੱਖੀ ਵਿਕਾਸ ਲਈ ਸੰਭਾਵਨਾਵਾਂ ਵਾਲੀਆਂ ਅੱਪਡੇਟਾਂ ਦੀ ਪੜਚੋਲ ਕਰਨ ਲਈ ਕਿਹਾ ਗਿਆ ਸੀ। ਕੌਂਸਲ ਨੇ ਕਲੋਵਰਡੇਲ ਵਿੱਚ ਨਵੇਂ ਹਸਪਤਾਲ ਲਈ ਆਵਾਜਾਈ ਯੋਜਨਾ ਦੀ ਵੀ ਪੁਸ਼ਟੀ ਕੀਤੀ, ਤਾਂ ਜੋ ਦੋਵੇਂ ਪ੍ਰੋਜੈਕਟ ਬਿਨਾਂ ਕਿਸੇ ਮੁਸ਼ਕਲ ਕੁਸ਼ਲਤਾ-ਪੂਰਵਕ ਅੱਗੇ ਵਧ ਸਕਣ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਤੇਜ਼ੀ ਨਾਲ ਵਧ ਰਿਹਾ ਹੈ, ਅਤੇ ਸਾਨੂੰ ਇਹ ਯਕੀਨੀ ਬਣਾਉਣ ਲਈ ਅੱਗੇ ਦੀ ਯੋਜਨਾ ਬਣਾਉਣ ਦੀ ਜ਼ਰੂਰਤ ਹੈ ਕਿ ਸਾਡੇ ਹਸਪਤਾਲ ਭਵਿੱਖ ਦੀ ਮੰਗ ਨੂੰ ਪੂਰਾ ਕਰ ਸਕਣ।” “ਸਰੀ ਮੈਮੋਰੀਅਲ ਹਸਪਤਾਲ ਵਿੱਚ ਸੰਭਾਵੀ ਵਿਸਥਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਅਤੇ ਨਵੇਂ ਕਲੋਵਰਡੇਲ ਹਸਪਤਾਲ ਲਈ ਆਵਾਜਾਈ ਸੁਧਾਰਾਂ ਨੂੰ ਅੱਗੇ ਵਧਾ ਕੇ, ਅਸੀਂ ਹੁਣ ਅਤੇ ਭਵਿੱਖ ਵਾਸਤੇ ਆਪਣੇ ਭਾਈਚਾਰੇ ਲਈ ਪਹੁੰਚਯੋਗ, ਉੱਚ-ਗੁਣਵੱਤਾ ਵਾਲੀ ਦੇਖਭਾਲ ਦੀ ਨੀਂਹ ਰੱਖ ਰਹੇ ਹਾਂ।”
ਬਾਇਲਾਅ ਸੋਧਾਂ ਭਵਿੱਖ ਵਿੱਚ ਰੀਜ਼ੋਨਿੰਗ ਦੀ ਲੋੜ ਨੂੰ ਖ਼ਤਮ ਕਰ ਦੇਣਗੀਆਂ ਅਤੇ ਅਰਜ਼ੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਗੀਆਂ। ਹਾਲਾਂਕਿ ਸਰੀ ਮੈਮੋਰੀਅਲ ਹਸਪਤਾਲ ਲਈ ਖ਼ਾਸ ਯੋਜਨਾਵਾਂ ਅਜੇ ਤੱਕ ਤੈਅ ਨਹੀਂ ਕੀਤੀਆਂ ਗਈਆਂ, ਪਰ ਇਹ ਅੱਪਡੇਟ ਵੱਖ-ਵੱਖ ਸੰਭਾਵੀ ਪ੍ਰੋਜੈਕਟਾਂ ਨੂੰ ਸਮਰਥਨ ਕਰਨ ਲਈ ਲਚਕਤਾ ਪ੍ਰਦਾਨ ਕਰਦੀਆਂ ਹਨ।
ਸ਼ਹਿਰ ਦੀ ਆਵਾਜਾਈ ਯੋਜਨਾ ਇਹ ਯਕੀਨੀ ਬਣਾਏਗੀ ਕਿ ਕਲੋਵਰਡੇਲ ਵਿੱਚ ਨਵਾਂ ਹਸਪਤਾਲ 2030 ਵਿੱਚ ਖੁੱਲ੍ਹਣ ਸਮੇਂ ਸੁਰੱਖਿਅਤ ਅਤੇ ਸੁਵਿਧਾਜਨਕ ਪਹੁੰਚ ਹੋਵੇ। ਫਰੇਜ਼ਰ ਹੈਲਥ ਹਸਪਤਾਲ ਨਾਲ ਜੁੜੀਆਂ ਮੁੱਖ ਸੜਕਾਂ, ਚੌਰਾਹਿਆਂ ਅਤੇ ਪੈਦਲ ਅਤੇ ਸਾਈਕਲਿੰਗ ਰੂਟਾਂ ਵਿੱਚ ਸੁਧਾਰ ਕਰੇਗਾ। ਸ਼ਹਿਰ 180 ਸਟਰੀਟ ਦੇ ਪੱਛਮੀ ਪਾਸੇ 55 ਐਵਿਨਿਊ ਤੋਂ 56 ਐਵਿਨਿਊ ਦੇ ਵਿਚਕਾਰ ਇੱਕ ਨਵਾਂ ਬਹੁ-ਉਪਯੋਗੀ ਰਸਤਾ ਬਣਾਏਗਾ ਅਤੇ ਨਵੇਂ ਬਾਈਕਵੇਅਜ਼ ਤਿਆਰ ਕਰੇਗਾ, ਜੋ ਮੌਜੂਦਾ ਗ੍ਰੀਨਵੇਅਜ਼ ਅਤੇ ਬਾਈਕ ਲੇਨਾਂ ਨੂੰ 180 ਸਟਰੀਟ ਅਤੇ ਹਾਈਵੇ 10 ਨਾਲ ਜੋੜਨਗੀਆਂ। ਇਹ ਸਾਰੇ ਸੁਧਾਰ ਸਾਈਕਲ ਚਾਲਕਾਂ ਅਤੇ ਪੈਦਲ ਯਾਤਰੀਆਂ ਲਈ ਇੱਕ ਨਿਰਵਿਘਨ, ਸੁਰੱਖਿਅਤ ਨੈੱਟਵਰਕ ਤਿਆਰ ਕਰਨਗੇ ਅਤੇ ਹਸਪਤਾਲ ਤੱਕ ਸਮੁੱਚੀ ਪਹੁੰਚ ਵਿੱਚ ਸੁਧਾਰ ਹੋਵੇਗਾ।
ਸ਼ਹਿਰ ਟ੍ਰਾਂਸਲਿੰਕ ਨਾਲ ਵੀ ਕੰਮ ਕਰੇਗਾ ਤਾਂ ਜੋ ਹਸਪਤਾਲ ਅਤੇ ਸਕਾਈਟ੍ਰੇਨ ਵਿਚਕਾਰ ਟਰਾਂਜ਼ਿਟ ਪਹੁੰਚ ਸੁਧਾਰੀ ਜਾ ਸਕੇ। ਵਿਚਾਰਧੀਨ ਵਿਕਲਪਾਂ ਵਿੱਚ ਬੱਸ ਸੇਵਾਵਾਂ ਨੂੰ ਮੁੜ ਰੂਟ ਕਰਨਾ ਜਾਂ ਨਵੇਂ ਰੂਟ ਸ਼ਾਮਲ ਹਨ, ਜਿਵੇਂ ਕਿ ਹਸਪਤਾਲ ਨੂੰ ਜੋੜਨ ਵਾਲਾ ਇੱਕ ਸਿੱਧਾ ਸੰਪਰਕ ਜੋ 184 ਸਟਰੀਟ ਸਰੀ–ਲੈਂਗਲੀ ਸਕਾਈਟ੍ਰੇਨ ਸਟੇਸ਼ਨ ਅਤੇ ਕੈਂਬੈੱਲ ਹਾਈਟਸ ਨੂੰ ਜੋੜੇਗਾ ।
ਕਲੋਵਰਡੇਲ ਵਿੱਚ ਹਸਪਤਾਲ ਲਈ ਆਵਾਜਾਈ ਯੋਜਨਾ ਬਾਰੇ ਹੋਰ ਜਾਣਕਾਰੀ ਲਈ ਕਾਰਪੋਰੇਟ ਰਿਪੋਰਟ R264: Cloverdale Hospital ਵੇਖੋ।


