ਸਰੀ, ਬੀ.ਸੀ. – 20 ਅਕਤੂਬਰ ਨੂੰ ਹੋਈ ਕੌਂਸਲ ਮੀਟਿੰਗ ਵਿੱਚ, ਸਰੀ ਸਿਟੀ ਕੌਂਸਲ ਨੇ ਸ਼ਹਿਰ ਭਰ ਦੇ ਪਾਰਕਾਂ ਦੀਆਂ ਸਹੂਲਤਾਂ ਨੂੰ ਬਿਹਤਰ ਬਣਾਉਣ ਤੇ ਇਨ੍ਹਾਂ ‘ਚ ਵਾਧਾ ਕਰਨ ਲਈ ਲਗਭਗ $3.5 ਮਿਲੀਅਨ ਦੇ ਠੇਕੇ ਮਨਜ਼ੂਰ ਕੀਤੇ। ਪ੍ਰੋਜੈਕਟਾਂ ਵਿੱਚ ਨਿਊਟਨ ਦੇ ਦੋ ਪਾਰਕਾਂ ਵਿੱਚ ਨਵੇਂ ਵੱਡੇ ਗਰਮ ਪਿਕਨਿਕ ਸ਼ੈਲਟਰ, ਸਾਫ਼ਟਬਾਲ ਸਿਟੀ ਵਿੱਚ ਪਾਰਕਿੰਗ ਅੱਪਗਰੇਡ, ਅਤੇ ਸਨੀਸਾਈਡ ਪਾਰਕ ਵਿੱਚ ਨਵੇਂ ਸਾਫ਼ਟਬਾਲ ਫੈਂਸ ਤੇ ਡੱਗਆਉਟ ਸ਼ਾਮਲ ਹਨ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਇਹ ਨਵੀਨਤਮ ਪਾਰਕ ਪ੍ਰਾਜੈਕਟ ਸਰੀ ਭਰ ਦੇ ਲੋਕਾਂ ਲਈ ਆਰਾਮਦਾਇਕ, ਕਾਰਗਰ ਅਤੇ ਸਭ ਨੂੰ ਸ਼ਾਮਲ ਕਰਨ ਵਾਲੀਆਂ ਥਾਵਾਂ ਬਣਾਉਣ ਵੱਲ ਕੌਂਸਲ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਨਿਵਾਸੀਆਂ ਨੇ ਸਾਨੂੰ ਦੱਸਿਆ ਕਿ ਸਾਲ ਭਰ ਇਕੱਠੇ ਹੋਣ ਲਈ ਇਹ ਥਾਵਾਂ ਮਹੱਤਵਪੂਰਨ ਹਨ, ਅਤੇ ਹੀਟਡ ਪਿਕਨਿਕ ਸ਼ੈਲਟਰ ਇਸ ਲੋੜ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ। ਇਹ ਅੱਪਗਰੇਡ ਆਂਢ-ਗੁਆਂਢ ਨੂੰ ਇਕੱਠੇ ਕਰਨ, ਆਪਣੇ ਬੱਚਿਆਂ ਨੂੰ ਖੇਡਦਾ ਦੇਖਣ, ਬਾਹਰਲੇ ਮਾਹੌਲ ਦਾ ਆਨੰਦ ਮਾਣਨ ਦੇ ਨਾਲ -ਨਾਲ ਭਾਈਚਾਰਕ ਸਾਂਝ ਨੂੰ ਹੋਰ ਵਧਾਉਣ ਦੀਆਂ ਥਾਵਾਂ ਮੁਹੱਈਆ ਕਰਦੇ ਹਨ।”
ਮਨਜ਼ੂਰ ਕੀਤੇ ਇਕਰਾਰਨਾਮਿਆਂ ਵਿੱਚ ਸ਼ਾਮਲ ਹਨ:
• ਟੀ.ਈ. ਸਕੌਟ ਪਾਰਕ (T.E. Scott Park) ਅਤੇ ਚਿਮਨੀ ਹਾਈਟਸ ਪਾਰਕ (Chimney Heights Park) ਵਿੱਚ ਸਾਲ ਭਰ ਵਰਤੋਂ ਲਈ ਵੱਡੇ ਹੀਟਡ ਪਿਕਨਿਕ ਸ਼ੈਲਟਰਾਂ ਲਈ, ਰੇਨੋ ਕੰਸਟਰੱਕਸ਼ਨ ਲਿਮਟਿਡ (Renault Construction Ltd.) ਨੂੰ $997,000।
• ਸਾਫ਼ਟ ਬਾਲ ਸਿਟੀ ਵਿੱਚ ਪਾਰਕਿੰਗ ਲਾਟ ਅੱਪਗਰੇਡ ਲਈ ਕੈਨੇਡੀਅਨ ਲੈਂਡਸਕੇਪ ਐਂਡ ਸਿਵਲ ਸਰਵਿਸਿਜ਼ ਲਿਮਟਿਡ (Canadian Landscape and Civil Services Ltd.) ਨੂੰ $1.8 ਮਿਲੀਅਨ।
• ਸਨੀਸਾਈਡ ਪਾਰਕ (Sunnyside Park ) ਵਿੱਚ ਚਾਰ ਨਵੇਂ ਅਤੇ ਸੁਧਾਰੇ ਸਾਫ਼ਟ ਬਾਲ ਡਾਇਮੰਡ ਲਈ ਸਾਫ਼ਟ ਬਾਲ ਫੈਂਸਿੰਗ ਅਤੇ ਡਗਆਉਟ ਸਥਾਪਤ ਕਰਨ ਲਈ ਏਸ ਲਿੰਕ ਫੈਂਸ ਲਿਮਟਿਡ ( Ace Link Fence Ltd. ) ਨੂੰ $670,000।
ਤਿੰਨਾਂ ਪ੍ਰਾਜੈਕਟਾਂ ਦਾ ਕੰਮ ਨਵੰਬਰ ਵਿੱਚ ਸ਼ੁਰੂ ਹੋ, ਨਵੇਂ ਸਾਲ ਵਿੱਚ ਪੂਰਾ ਹੋ ਜਾਵੇਗਾ। ਫੰਡਿੰਗ ਪਾਰਕ, ਮਨੋਰੰਜਨ ਅਤੇ ਸੱਭਿਆਚਾਰ ਵਿਭਾਗ (Parks, Recreation and Culture Department) ਦੇ ਕੈਪੀਟਲ ਪ੍ਰੋਜੈਕਟ ਬਜਟ ਤੋਂ ਆ ਰਹੀ ਹੈ।
ਹੋਰ ਚੱਲ ਰਹੇ ਜਾਂ ਯੋਜਨਾਬੱਧ ਪ੍ਰੋਜੈਕਟਾਂ ਬਾਰੇ ਜਾਣਕਾਰੀ ਲਈ, surrey.ca/capital projects ‘ਤੇ ਜਾਓ।



