ਸਰੀ, ਬੀ.ਸੀ. – 14 ਜੁਲਾਈ, 2025 ਦੀ ਨਿਯਮਤ ਕੌਂਸਲ ਮੀਟਿੰਗ ਵਿੱਚ, ਸਰੀ ਕੌਂਸਲ ਨੇ ਸਰੀ ਦੇ ਆਸ-ਪਾਸ ਟ੍ਰੈਫਿਕ ਦੇ ਪ੍ਰਵਾਹ ਅਤੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਤਿੰਨ ਨਵੇਂ ਗੋਲ ਚੱਕਰਾਂ ਸਮੇਤ ਚੌਰਾਹਿਆਂ (Intersections) ਦੇ ਸੁਧਾਰਾਂ ਲਈ $2.3 ਮਿਲੀਅਨ ਦੇ ਨਿਰਮਾਣ ਇਕਰਾਰਨਾਮੇ ਨੂੰ ਮਨਜ਼ੂਰੀ ਦਿੱਤੀ ਹੈ।
ਮੇਅਰ ਬਰੈਂਡਾ ਲੌਕ ਦਾ ਕਹਿਣਾ ਹੈ, “ਇਹ ਕੌਂਸਲ ਨਾ ਸਿਰਫ਼ ਵੱਡੇ ਸੜਕ ਪ੍ਰੋਜੈਕਟਾਂ ਵਿੱਚ, ਸਗੋਂ ਸਥਾਨਕ ਭਾਈਚਾਰਿਆਂ ਵਿੱਚ ਵੀ ਟ੍ਰੈਫਿਕ ਨੂੰ ਚਲਦਾ ਰੱਖਣ ਅਤੇ ਸਾਡੀਆਂ ਗਲੀਆਂ ਨੂੰ ਸੁਰੱਖਿਅਤ ਬਣਾਉਣ ਲਈ ਨਿਵੇਸ਼ ਕਰਨ ਲਈ ਵਚਨਬੱਧ ਹੈ। ਮੈਨੂੰ ਖ਼ਾਸ ਤੌਰ ‘ਤੇ ਖੁਸ਼ੀ ਹੈ ਕਿ ਦੋ ਨਵੇਂ ਰਾਊਂਡਅਬਾਊਟਸ ਨਿਊਟਨ ਵਿੱਚ ਹਨ, ਫੋਕਸ ਨਿਊਟਨ ਸ਼ਮੂਲੀਅਤ (Focus Newton Engagement) ਰਾਹੀਂ ਨਿਵਾਸੀਆਂ ਤੋਂ ਲਏ ਸਿੱਧੇ ਫੀਡਬੈਕ ਦੇ ਤੌਰ ‘ਤੇ ਇਹ ਸਥਾਨ ਚੁਣੇ ਗਏ ਹਨ। ਸਾਡੇ ਭਾਈਚਾਰੇ ਦੀ ਰਾਏ ਲੈ, ਮੈਨੂੰ ਇਹਨਾਂ ਨਵੇਂ ਗੋਲ ਚੌਰਾਹਿਆਂ ਨੂੰ ਪੇਸ਼ ਕਰਨ ’ਤੇ ਮਾਣ ਹੈ, ਇਹ ਟ੍ਰੈਫਿਕ ਦੇ ਪ੍ਰਵਾਹ ਨੂੰ ਬਿਹਤਰ ਬਣਾਉਣਗੇ, ਦੁਰਘਟਨਾਵਾਂ ਨੂੰ ਘਟਾਉਣਗੇ, ਅਤੇ ਸਾਡੇ ਆਂਢ-ਗੁਆਂਢ ਨੂੰ ਹੋਰ ਸੁਰੱਖਿਅਤ ਬਣਾਉਣਗੇ।”
ਚੁਰਾਹੇ ਸੁਧਾਰਾਂ ਦੇ ਇਕਰਾਰਨਾਮੇ ਵਿੱਚ ਸ਼ਾਮਲ ਹਨ:
- ਨਿਊਟਨ ਨਾਲ ਲੱਗਦੇ ਅਨਵਿਨ ਪਾਰਕ (Unwin Park) ਨੇੜੇ 68 ਐਵੇਨਿਊ ਅਤੇ 134 ਸਟਰੀਟ ‘ਤੇ ਇੱਕ ਰਾਊਂਡਅਬਾਊਟ
- ਨਿਊਟਨ ਵਿੱਚ 76 ਐਵੇਨਿਊ ਅਤੇ 148 ਸਟਰੀਟ ‘ਤੇ ਇੱਕ ਰਾਊਂਡਅਬਾਊਟ
- ਕਲੋਵਰਡੇਲ ਵਿੱਚ 54 ਐਵੇਨਿਊ ਅਤੇ 188 ਸਟਰੀਟ ‘ਤੇ ਇੱਕ ਰਾਊਂਡਅਬਾਊਟ
- ਅਤੇ 64 ਐਵੇਨਿਊ ਅਤੇ 148 ਸਟਰੀਟ ਦੇ ਚੌਰਾਹੇ ‘ਤੇ ਦੱਖਣ ਵੱਲ ਜਾਣ ਵਾਲੀ ਸੱਜੇ ਮੁੜਨ ਲਈ ਇੱਕ ਨਵੀਂ ਲੇਨ
ਟਰਾਂਸਪੋਰਟੇਸ਼ਨ ਦੇ ਡਾਇਰੈਕਟਰ ਰਾਫੇਲ ਵਿਲੇਰੀਅਲ (Rafael Villerreal) ਦਾ ਕਹਿਣਾ ਹੈ, “ਰਾਊਂਡਅਬਾਊਟ ਟ੍ਰੈਫਿਕ ਦਾ ਪ੍ਰਬੰਧਨ ਕਰਨ ਦਾ ਇੱਕ ਸੁਰੱਖਿਅਤ ਅਤੇ ਕੁਸ਼ਲ ਤਰੀਕਾ ਹਨ। ਗੋਲ ਚੱਕਰ ਚੁਰਾਹੇ ਰਫ਼ਤਾਰ ਨੂੰ ਘਟਾਉਂਦੇ ਹਨ, ਗੰਭੀਰ ਟੱਕਰਾਂ ਦੇ ਖ਼ਤਰਿਆਂ ਨੂੰ ਘਟਾਉਂਦੇ ਹਨ, ਅਤੇ ਵਾਹਨਾਂ ਨੂੰ ਸਟਾਪ ਸਾਈਨ ਜਾਂ ਸਿਗਨਲਾਂ ਨਾਲੋਂ ਬਿਹਤਰ ਢੰਗ ਨਾਲ ਚਲਦੇ ਰੱਖਦੇ ਹਨ। ਅਸੀਂ ਜਾਣਦੇ ਹਾਂ ਕਿ ਉਹਨਾਂ ਦੀ ਆਦਤ ਪਾਉਣ ਵਿੱਚ ਕੁਝ ਸਮਾਂ ਲੱਗਦਾ ਹੈ, ਪਰ ਉਹਨਾਂ ਦੀ ਵਰਤੋਂ ਪੂਰੀ ਦੁਨੀਆ ਵਿੱਚ ਕੀਤੀ ਜਾਂਦੀ ਹੈ ਅਤੇ ਸਾਡੀਆਂ ਗਲੀਆਂ ਨੂੰ ਸੁਰੱਖਿਅਤ ਬਣਾਉਣ ਲਈ ਬਿਹਤਰ ਸਾਬਤ ਹੋਏ ਹਨ।”
ਰਾਊਂਡ–ਅਬਾਊਟਸ ਦੀ ਵਰਤੋਂ ਕਰਨ ਦੇ ਬੁਨਿਆਦੀ ਨਿਯਮ ਹੇਠਾਂ ਦਿੱਤੇ ਗਏ ਹਨ:
- ਸੱਜੇ ਪਾਸੇ ਤੋਂ (ਘੜੀ ਦੇ ਉਲਟ) ਦਾਖਲ ਹੋਣਾ ਲਾਜ਼ਮੀ ਹੈ
- ਚੱਕਰ ਵਿੱਚ ਪਹਿਲਾਂ ਤੋਂ ਹੀ ਦਾਖਲ ਟ੍ਰੈਫਿਕ ਨੂੰ ਜਾਣ ਦਿਓ
- ਚੱਕਰ ਵਿੱਚ ਦਾਖਲ ਹੋਣ ਅਤੇ ਬਾਹਰ ਨਿਕਲਣ ਵੇਲੇ ਸਿਗਨਲ ਦਿਓ
- ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ‘ਤੇ ਨਜ਼ਰ ਰੱਖੋ
72 ਐਵੇਨਿਊ ਸੜਕ ਸੁਧਾਰ ਪ੍ਰੋਜੈਕਟਾਂ ਬਾਰੇ ਹੋਰ ਜਾਣਨ ਲਈ, surrey.ca/roundabouts ’ਤੇ ਜਾਓ



