ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਪੁਲਿਸ ਨੇ ਦੋ ਅਜਿਹੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਜਾ ਕੇ ਰਾਹਗੀਰਾਂ ਕੋਲੋਂ ਮੋਬਾਈਲ ਫੋਨ ਲੁੱਟਦੇ ਸਨ। ਹਾਲ ਹੀ ‘ਚ ਉਨ੍ਹਾਂ ਨੇ ਇਕ ਆਟੋ ਚਾਲਕ ਕੋਲੋਂ ਉਸਦਾ ਫੋਨ ਲੁੱਟਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਉਸ ਵਿਅਕਤੀ ਨੂੰ ਵੀ ਹਿਰਾਸਤ ਵਿਚ ਲਿਆ ਹੈ, ਜੋ ਮੁਲਜ਼ਮਾਂ ਕੋਲੋਂ ਮੋਬਾਈਲ ਫੋਨ ਖ਼ਰੀਦਦਾ ਸੀ। ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ 6 ਦੇ ਇੰਚਾਰਜ ਬਲਵਿੰਦਰ ਕੌਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਿਲਟਰੀ ਕੈਂਪ ਗੁਰੂ ਅਰਜਨ ਦੇਵ ਨਗਰ ਵਾਸੀ ਕਮਲਜੀਤ ਸਿੰਘ ਉਰਫ਼ ਕਮਲ, ਭਾਰਤ ਨਗਰ ਦੇ ਰਹਿਣ ਵਾਲੇ ਮਨਦੀਪ ਚੰਨਾ ਅਤੇ ਮੋਬਾਈਲ ਫੋਨ ਖ਼ਰੀਦਣ ਵਾਲੇ ਭਾਰਤ ਨਗਰ ਦੇ ਹੀ ਵਾਸੀ ਮਨਦੀਪ ਸਿੰਘ ਉਰਫ਼ ਗੋਲੂ ਵੱਜੋਂ ਹੋਈ ਹੈ।

ਜਾਣਕਾਰੀ ਦਿੰਦਿਆਂ ਡਵੀਜ਼ਨ ਨੰਬਰ 6 ਦੇ ਇੰਚਾਰਜ ਬਲਵਿੰਦਰ ਕੌਰ ਨੇ ਦੱਸਿਆ ਕਿ ਚੈਕਿੰਗ ਦੇ ਸਬੰਧ ‘ਚ ਏਐੱਸਆਈ ਦਿਲਬਾਗ ਸਿੰਘ ਸਾਥੀ ਮੁਲਾਜ਼ਮਾਂ ਦੇ ਨਾਲ ਪ੍ਰਤਾਪ ਚੌਕ ਵਿਚ ਮੌਜੂਦ ਸੀ। ਇਸੇ ਦੌਰਾਨ ਪੁਲਿਸ ਨੂੰ ਇਤਲਾਹ ਮਿਲੀ ਕਿ ਸਕੂਟਰ ਸਵਾਰ ਦੋ ਨੌਜਵਾਨਾਂ ਨੇ ਰਾਮਪ੍ਰਰੀਤ ਮਹਿਤੋ ਨਾਮ ਦੇ ਆਟੋ ਚਾਲਕ ਕੋਲੋਂ ਉਸ ਦਾ ਮੋਬਾਈਲ ਫੋਨ ਲੁੱਟ ਲਿਆ ਹੈ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਮੁਲਜ਼ਮਾਂ ਨੇ ਹਾਲ ਹੀ ਵਿਚ ਕੁਝ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈ। ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਨਾਕਾਬੰਦੀ ਕਰ ਕੇ ਮੁਲਜ਼ਮ ਕਮਲਜੀਤ ਸਿੰਘ ਉਰਫ਼ ਕਮਲ ਅਤੇ ਮਨਦੀਪ ਸਿੰਘ ਉਰਫ਼ ਚੰਨਾ ਨੂੰ ਗਿ੍ਫ਼ਤਾਰ ਕਰ ਕੇ ਦੋਵਾਂ ਦੇ ਕਬਜ਼ੇ ‘ਚੋਂ ਵੱਖ-ਵੱਖ ਥਾਵਾਂ ਤੋਂ ਲੁੱਟੇ ਗਏ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ।

ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਲੁੱਟੇ ਗਏ ਮੋਬਾਈਲ ਫੋਨ ਮਨਦੀਪ ਸਿੰਘ ਉਰਫ਼ ਗੋਲੂ ਨੂੰ ਵੇਚ ਦਿੰਦੇ ਸਨ। ਪੁਲਿਸ ਨੇ ਦਬਿਸ਼ ਦੇ ਕੇ ਗੋਲੂ ਨੂੰ ਹਿਰਾਸਤ ਵਿਚ ਲਿਆ ਅਤੇ ਤਿੰਨਾਂ ਮੁਲਜ਼ਮਾਂ ਦੇ ਕਬਜ਼ੇ ‘ਚੋਂ ਕੁੱਲ 7 ਮੋਬਾਈਲ ਫੋਨ ਬਰਾਮਦ ਕੀਤੇ। ਮੁੱਢਲੀ ਪੜਤਾਲ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਕਮਲਜੀਤ ਸਿੰਘ ਉਰਫ਼ ਕਮਲ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਇਰਾਦਾ ਕਤਲ ਤੇ ਲੁੱਟ ਖੋਹ ਦੀਆਂ ਧਾਰਾਵਾਂ ਤਹਿਤ ਇਕ ਮੁਕੱਦਮਾ ਦਰਜ ਹੈ। ਉਸਦੇ ਖ਼ਿਲਾਫ਼ ਇਕ ਮੁਕੱਦਮਾ ਥਾਣਾ ਵੂਮੈਨ ਸੈਲ ਵਿਖੇ ਵੀ ਦਰਜ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੜਤਾਲ ਦੌਰਾਨ ਉਨ੍ਹਾਂ ਕੋਲੋਂ ਕਈ ਖ਼ੁਲਾਸੇ ਹੋ ਸਕਦੇ ਹਨ।