ਚੇਨਈ (ਏਜੰਸੀ) : ਕੇਂਦਰ ਸਰਕਾਰ ਨੇ ਮਦਰਾਸ ਹਾਈ ਕੋਰਟ ਨੂੰ ਦੱਸਿਆ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆਕਾਂਡ ’ਚ ਰਿਹਾਅ ਕੀਤੇ ਗਏ ਚਾਰ ਦੋਸ਼ੀਆਂ ਨੂੰ ਸ੍ਰੀਲੰਕਾ ਭੇਜਣ ਲਈ ਕਦਮ ਚੁੱਕਿਆ ਜਾ ਰਿਹਾ ਹੈ। ਰਾਜੀਵ ਗਾਂਧੀ ਹੱਤਿਆਕਾਂਡ ਦੇ ਜਿਨ੍ਹਾਂ ਦੋਸ਼ੀਆਂ ਨੂੰ ਰਿਹਾਅ ਕੀਤਾ ਗਿਆ ਹੈ, ਉਨ੍ਹਾਂ ’ਚੋਂ ਚਾਰ ਸ੍ਰੀਲੰਕਾ ਦੇ ਹਨ। ਰਿਹਾਈ ਤੋਂ ਬਾਅਦ ਲਗਾਤਾਰ ਉਹ ਭਾਰਤ ’ਚ ਹੀ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਆਮ ਤੌਰ ’ਤੇ ਭਾਰਤੀ ਜੇਲ੍ਹਾਂ ਤੋਂ ਰਿਹਾਅ ਕੀਤੇ ਗਏ ਦੋਸ਼ੀਆਂ ਨੂੰ ਜਾਇਜ਼ ਪਾਸਪੋਰਟ ਤੇ ਹੋਰ ਦਸਤਾਵੇਜ਼ ਹੋਣ ’ਤੇ ਤੁਰੰਤ ਉਨ੍ਹਾਂ ਦੇ ਮੂਲ ਦੇਸ਼ ’ਚ ਭੇਜ ਦਿੱਤਾ ਜਾਂਦਾ ਹੈ।

ਇਸ ਕੇਸ ’ਚ ਕੇਂਦਰ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਸ੍ਰੀਹਰਨ ਉਰਫ ਮੁਰੂਗਨ, ਜੈਕੁਮਾਰ, ਸੰਥਨ ਉਰਫ ਸੁਥੇਂਥੀਰਾਜਾ ਤੇ ਰਾਬਰਟ ਪਾਇਸ ਬਿਨਾਂ ਪਾਸਪੋਰਟ ਤੋਂ ਨਾਜਾਇਜ਼ ਤਰੀਕੇ ਨਾਲ ਭਾਰਤ ’ਚ ਦਾਖ਼ਲ ਹੋਏ ਸਨ, ਇਸ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਨਹੀਂ ਭੇਜਿਆ ਜਾ ਸਕਦਾ ਸੀ। ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਚਾਰ ਵਿਅਕਤੀਆਂ ਨੂੰ ਪਾਸਪੋਰਟ ਦੇਣ ਲਈ ਸ੍ਰੀਲੰਕਾਈ ਹਾਈ ਕਮਿਸ਼ਨ ਨੂੰ ਇਕ ਪੱਤਰ ਭੇਜਿਆ ਹੈ। ਇਕ ਵਾਰੀ ਦਸਤਾਵੇਜ਼ਾਂ ਦਾ ਪ੍ਰਬੰਧ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਸ੍ਰੀਲੰਕਾ ਵਾਪਸ ਭੇਜ ਦਿੱਤਾ ਜਾਵੇਗਾ।

ਸ੍ਰੀਹਰਨ ਦੀ ਪਤਨੀ ਐੱਸ ਨਲਾਨੀ ਵੱਲੋਂ ਦਾਇਰ ਇਕ ਪਟੀਸ਼ਨ ’ਤੇ ਕੇਂਦਰ ਸਰਕਾਰ ਦਾ ਇਹ ਜਵਾਬ ਆਇਆ ਹੈ। ਉਸ ਨੇ ਆਪਣੇ ਪਤੀ ਨੂੰ ਸ੍ਰੀਲੰਕਾ ਭੇਜਣ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਸ੍ਰੀਹਰਨ ਇਸ ਸਮੇਂ ਤ੍ਰਿਚੀ ’ਚ ਵਿਦੇਸ਼ੀਆਂ ਲਈ ਬਣੇ ਇਕ ਵਿਸ਼ੇਸ਼ ਕੈਂਪ ’ਚ ਰਹਿ ਰਿਹਾ ਹੈ। ਉਸ ਨੂੰ ਬਿਨੈ ਕਰਨ ਲਈ ਚੇਨਈ ’ਚ ਸ੍ਰੀਲੰਕਾਈ ਮਿਸ਼ਨ ਤੱਕ ਜਾਣ ਦੀ ਛੋਟ ਮਿਲੀ ਹੋਈ ਹੈ।