ਕੀਵ (ਏਪੀ) : ਯੂਕਰੇਨ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਸ ਦੇ ਫ਼ੌਜੀ ਬਲਾਂ ਨੇ ਜ਼ੋਰਦਾਰ ਜਵਾਬੀ ਮੁਹਿੰਮ ਚਲਾ ਕੇ ਪੂਰਬੀ ਯੂਕਰੇਨ ’ਚ ਬਖਮੁਤ ਨੇੜੇ ਰਣਨੀਤਕ ਤੌਰ ’ਤੇ ਅਹਿਮ ਪਿੰਡ ਅੰਦਰੀਵਕਾ ’ਤੇ ਮੁੜ ਕਬਜ਼ਾ ਕਰ ਲਿਆ ਹੈ। ਯੂਕਰੇਨ ਦੀ ਉਪ ਰੱਖਿਆ ਮੰਤਰੀ ਹੰਨਾ ਮਲੀਆਰ ਨੇ ਕਿਹਾ ਕਿ ਇਹ ਬਹੁਤ ਮੁਸ਼ਕਲ ਮੁਹਿੰਮ ਸੀ ਪਰ ਹੁਣ ਕੱਲ੍ਹ ਦੀ ਸਥਿਤੀ ਬਦਲ ਚੁੱਕੀ ਹੈ। ਹੁਣ ਯੂਕਰੇਨ ਨੇ ਰੂਸ ’ਤੇ ਜਵਾਬੀ ਕਾਰਵਾਈ ਕਰ ਕੇ ਦਬਾਅ ਬਣਾਇਆ ਹੋਇਆ ਹੈ।

ਯੂੁਕਰੇਨੀ ਬਲਾਂ ਨੇ ਕਿਹਾ ਕਿ ਪੂਰਬੀ ਡੋਨੈਸਕ ਖੇਤਰ ’ਚ ਰੂਸ ਵੱਲੋਂ ਕਬਜ਼ਾ ਕੀਤੇ ਗਏ ਬਖਮੁਤ ਤੋਂ 10 ਕਿਲੋਮੀਟਰ ਦੱਖਣ ’ਚ ਸਥਿਤ ਪਿੰਡ ਅੰਦਰੀਵਕਾ ’ਤੇ ਇਕ ਭਿਆਨਕ ਲੜਾਈ ਤੋਂ ਬਾਅਦ ਮੁੜ ਕਬਜ਼ਾ ਕਰ ਲਿਆ। ਉਨ੍ਹਾਂ ਕਿਹਾ ਕਿ ਇਹ ਯੂਕਰੇਨੀ ਫ਼ੌਜੀ ਬਲਾਂ ਦੀ ਹੌਲੀ ਪਰ ਸਥਿਰ ਵਾਪਸੀ ਹੈ। ਇਹ ਐਲਾਨ ਯੂਕਰੇਨੀ ਸੁਰੱਖਿਆ ਬਲ ਦੇ ਸਟਾਫ ਨੇ ਸ਼ੁੱਕਰਵਾਰ ਸਵੇਰੇ ਕੀਤਾ। ਥਰਡ ਅਸਾਲਟ ਬਿ੍ਰਗੇਡ ਨੇ ਕਿਹਾ ਕਿ ਉਸ ਨੇ ਅੰਦਰੀਵਕਾ ’ਚ ਰੂਸੀ ਗੈਰੀਸਨ ਨੂੰ ਘੇਰਨ ਤੋਂ ਬਾਅਦ ਦੋ ਦਿਨਾਂ ਦੀ ਲੜਾਈ ’ਚ ਇਹ ਕਾਮਯਾਬੀ ਹਾਸਲ ਕੀਤੀ ਹੈ। ਇਸ ਨੇ ਅੰਦਰੀਵਕਾ ’ਤੇ ਕਬਜ਼ੇ ਨੂੰ ਬਖਮੁਤ ਦੇ ਦੱਖਣੀ ਕਿਨਾਰੇ ’ਤੇ ਇਕ ਕਾਮਯਾਬੀ ਤੇ ਅੱਗੇ ਦੀਆਂ ਸਾਰੀਆਂ ਦਿਸ਼ਾਵਾਂ ’ਚ ਕਾਮਯਾਬੀ ਦੀ ਚਾਬੀ ਦੱਸਿਆ। ਵੈਗਨਰ ਗਰੁੱਪ ਦੀ ਅਗਵਾਈ ’ਚ ਰੂਸ ਨੇ ਬੀਤੇ ਮਈ ਮਹੀਨੇ ’ਚ ਬਖਮੁਤ ’ਤੇ ਕਬਜ਼ਾ ਕਰ ਲਿਆ ਸੀ। ਕੁਰਦੀਉਮਿਵਕਾ ਦੀਆਂ ਬਸਤੀਆਂ ਤੇ ਕਲਿਸ਼ਚਿਵਕਾ ਦੀਆਂ ਉਚਾਈਆਂ ਦਰਮਿਆਨ ਸਥਿਤ ਅੰਦਰੀਵਕਾ ਉਹ ਇਲਾਕਾ ਹੈ ਜਿੱਥੇ ਲੜਾਈ ਤੇਜ਼ ਰਹੀ ਹੈ।

ਯੂਕਰੇਨ ਨੇ ਫ਼ੌਜੀ ਬਜਟ ’ਚ ਕੀਤਾ ਭਾਰੀ ਵਾਧਾ

ਯੂਕਰੇਨ ਸਰਕਾਰ ਨੇ ਸ਼ੁੱਕਰਵਾਰ ਨੂੰ 2024 ਦੇ ਬਜਟ ਡਰਾਫਟ ਨੂੰ ਮਨਜ਼ੂਰੀ ਦੇ ਦਿੱਤੀ। ਇਸ ’ਚ ਰੱਖਿਆ ਖੇਤਰ ’ਚ ਕਰੀਬ 46 ਅਰਬ ਡਾਲਰ ਖ਼ਰਚ ਕੀਤੇ ਜਾਣਗੇ ਜਿਹੜੇ ਜੀਡੀਪੀ ਦਾ 21 ਫ਼ੀਸਦੀ ਹੈ। ਉੱਧਰ ਮੀਡੀਆ ਰਿਪੋਰਟ ਮੁਤਾਬਕ, ਯੂਕਰੇਨ ਦੇ ਰਾਸ਼ਟਰਪਤੀ ਵੋਲਦੋਮੀਰ ਜ਼ੇਲੈਂਸਕੀ ਅਗਲੇ ਹਫ਼ਤੇ ਅਮਰੀਕਾ ਜਾਣਗੇ। ਉਹ ਅਮਰੀਕੀ ਕਾਂਗਰਸ ਦੇ ਨਾਲ ਹੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਵੀ ਵੀਰਵਾਰ ਨੂੰ ਮੁਲਾਕਾਤ ਕਰਨਗੇ। ਇਸ ’ਚ 24 ਅਰਬ ਡਾਲਰ ਦੀ ਫ਼ੌਜੀ ਸਹਾਇਤਾ ’ਤੇ ਚਰਚਾ ਕੀਤੀ ਜਾਵੇਗੀ।