ਜੇਐੱਨਐੱਨ, ਨਵੀਂ ਦਿੱਲੀ : ਭਾਰਤ ਦੀ ਦਿੱਗਜ ਮੁੱਕੇਬਾਜ਼ ਤੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀ ਕਾਮ ਨੇ ਬੁੱਧਵਾਰ ਨੂੰ ਮੁੱਕੇਬਾਜ਼ੀ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ। ਮੈਰੀ ਕਾਮ ਨੂੰ ਇਹ ਫ਼ੈਸਲਾ ਕੌਮਾਂਤਰੀ ਮੁੱਕੇਬਾਜ਼ੀ ਸੰਘ ਦੇ ਕਿਸੇ ਵੀ ਮਰਦ ਜਾਂ ਮਹਿਲਾ ਮੁੱਕੇਬਾਜ਼ ਦੇ 40 ਸਾਲ ਦੀ ਉਮਰ ਤੱਕ ਸਿਖਰਲੇ ਮੁਕਾਬਲੇ ’ਚ ਹਿੱਸਾ ਲੈਣ ਦੇ ਨਿਯਮ ਕਾਰਨ ਲੈਣਾ ਪਿਆ। ਇਕ ਪ੍ਰੋਗਰਾਮ ’ਚ 41 ਸਾਲਾ ਮੈਰੀ ਕਾਮ ਨੇ ਮੰਨਿਆ ਕਿ ਸਿਖਰਲੇ ਪੱਧਰ ਦੇ ਮੁਕਾਬਲਿਆਂ ’ਚ ਹਿੱਸਾ ਲੈਣ ਦੀ ਉਨ੍ਹਾਂ ਦੀ ਭੁੱਖ ਖ਼ਤਮ ਨਹੀਂ ਹੋਈ, ਪਰ ਉਮਰ ਦੀ ਹੱਦ ਕਾਰਨ ਉਨ੍ਹਾਂ ਨੂੰ ਆਪਣੇ ਕਰੀਅਰ ’ਤੇ ਵਿਰਾਮ ਲਗਾਉਣਾ ਪੈ ਰਿਹਾ ਹੈ।

ਮੈਰੀ ਕਾਮ ਨੇ ਕਿਹਾ, ‘ਮੇਰੀ ਭੁੱਖ ਖ਼ਤਮ ਨਹੀਂ ਹੋਈ, ਪਰ ਇਹ ਮੰਦਭਾਗਾ ਹੈ ਕਿ ਉਮਰ ਦੀ ਹੱਦ ਕਾਰਨ ਮੈਂ ਕਿਸੇ ਵੀ ਮੁਕਾਬਲੇ ’ਚ ਹੁਣ ਹਿੱਸਾ ਨਹੀਂ ਲੈ ਸਕਦੀ। ਮੈਂ ਹੋਰ ਖੇਡਣਾ ਚਾਹੁੰਦੀ ਹਾਂ, ਪਰ ਨਿਯਮ ਕਾਰਨ ਮੈਂ ਇਹ ਨਹੀਂ ਕਰ ਸਕਾਂਗੀ। ਮੈਨੂੰ ਸੰਨਿਆਸ ਲੈਣਾ ਪਵੇਗਾ। ਮੈਂ ਆਪਣੇ ਜੀਵਨ ’ਚ ਸਭ ਕੁਝ ਹਾਸਲ ਕੀਤਾ ਹੈ।’ ਮੈਰੀ ਕਾਮ ਮੁੱਕੇਬਾਜ਼ੀ ਦੇ ਇਤਿਹਾਸ ’ਚ ਛੇ ਵਾਰ ਵਿਸ਼ਵ ਚੈਂਪੀਅਨ ਬਣਨ ਵਾਲੀ ਪਹਿਲੀ ਮੁੱਕੇਬਾਜ਼ ਹੈ। ਪੰਜ ਵਾਰ ਦੀ ਏਸ਼ੀਆਈ ਚੈਂਪੀਅਨ ਮੈਰੀ ਕਾਮ 2014 ਦੀਆਂ ਏਸ਼ੀਆਈ ਖੇਡਾਂ ’ਚ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਮੁੱਕੇਬਾਜ਼ ਸੀ। ਉਨ੍ਹਾਂ ਨੇ 2012 ਲੰਡਨ ਓਲੰਪਿਕ ’ਚ ਕਾਂਸੇ ਦਾ ਮੈਡਲ ਜਿੱਤਿਆ ਸੀ।